May 24, 2026 9:45 pm

ਪਹਿਲਾ ਅਸਤਿੱਤਵ-ਵਾਦੀ ਆਲੋਚਕ ਡਾ. ਧਰਮ ਚੰਦ ਵਾਤਿਸ਼

ਮਾਲੇਰਕੋਟਲਾ ਦੇ ਅਜੀਤ ਨਗਰ ਦੇ ਨਿਵਾਸੀ ਡਾ. ਧਰਮ ਚੰਦ ਵਾਤਿਸ਼ ਨੂੰ ਜੇ ਪਹਿਲਾ ਅਸਤਿਤਵਵਾਦੀ ਆਲੋਚਕ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਆਲੋਚਨਾ ਦੇ ਨਾਲ ਨਾਲ ਸ਼ਾਇਰੀ ਦੀ ਸਿਰਜਨਾ ਕਰਨ ਵਾਲੇ ਡਾ. ਵਾਤਿਸ਼ ਨੂੰ ਬਚਪਨ ਵਿੱਚ ਲਿਖਣ ਦੀ ਜਾਗ ਉਨਾਂ ਦੇ ਅਧਿਆਪਕ ਪੰਡਿਤ ਦੁਆਰਕਾ ਪ੍ਰਸਾਦ ਕੌਸ਼ਿਕ ਰੁੜਕੀ ਕਲਾਂ ਵਾਲਿਆਂ ਨੇ ਲਾਈ । ਸੰਨ 1959 ਵਿੱਚ 14 ਵਰ੍ਹਿਆਂ ਦੀ ਉਮਰ ਵਿੱਚ ਪਹਿਲੀ ਵਾਰ ਜਲੰਧਰ ਰੇਡੀਓ ਸਟੇਸ਼ਨ ਲਈ ਇੱਕ ਕਵਿਤਾ “ਇਹ ਹਿੰਮਤ ਦੀ ਕਾਰ ਵੇਲੀਆ” ਲਿਖ ਕੇ ਭੇਜੀ। ਉਸ ਤੋਂ ਬਾਅਦ ਸੰਨ 1962 ਵਿੱਚ ਪੰਜਾਬੀ ਲਿਖਾਰੀ ਸਭਾ ਵੱਲੋਂ ਪ੍ਰਕਾਸ਼ਿਤ “ਪਿਆਰ ਪੰਘੂੜਾ” ਵਿੱਚ ਚਾਰ ਕਵਿਤਾਵਾਂ ਛਪੀਆਂ।ਹੁਣ ਉਹ ਕਵੀ , ਹੱਥ ਲਿਖਤਾਂ ਦੇ ਸੰਪਾਦਕ, ਪੁਸਤਕ ਰਿਵੀਊਕਾਰ ਅਤੇ ਉੱਘੇ ਆਲੋਚਕ ਹਨ ਜੋ 500 ਤੋਂ ਵੱਧ ਪੁਸਤਕਾਂ ਦਾ ਰਿਵੀਊ ਕਰ ਚੁੱਕੇ ਹਨ ਅਤੇ ਅਸਤਿਤਵਵਾਦੀ ਆਲੋਚਕ ਬਣ ਚੁੱਕੇ ਹਨ । ਇਨਾਂ ਨਾਲ ਬਹੁਤ ਨੇੜਿਓਂ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੋ ਸਭ ਦੇ ਰੂ ਬ ਰੂ ਹੈ-
? ਡਾ. ਸਾਹਿਬ ਅਸਤਿਤਵਵਾਦੀ ਆਲੋਚਨਾ ਦਾ ਆਧਾਰ ਕੀ ਹੈ ?
– ਆਦਿਕਾਲ ਤੋਂ ਹੀ ਵਿਅਕਤੀ ਅਪਣੀ ਹੋਂਦ ਨੂੰ, ਆਪਣੇ ਆਪ ਨੂੰ ਅਤੇ ਦੂਜਿਆ ਨਾਲ ਮੈਂ ਤੂੰ ਸਬੰਧਾਂ ਬਾਰੇ ਸੋਚਦਾ ਆਇਆ ਹੈ। ਜਿਸ ਤਰਾਂ ਯੂਨਾਨੀ ਦਾਰਸ਼ਨਿਕ ਸੁਕਰਾਤ ਨੇ ਕਿਹਾ ਹੈ ਕਿ ‘ਸਵੈ ਨੂੰ ਸਮਝੋ’ । ਅਜਿਹੇ ਵਿਚਾਰ ਹੀ ਸੇਂਟ- ਅਗਸਟਨ ਨੇ ਪੇਸ਼ ਕੀਤੇ ਹਨ । ਗੁਰਬਾਣੀ ਵਿੱਚ ਵੀ ਅਪਣਾ ਮੂਲ ਪਛਾਣ ਤੇ ਜੋਰ ਦਿੱਤਾ ਗਿਆ ਹੈ।ਇਹ ਵੀ ਬਿਕੁਲ ਸੱਚ ਹੈ ਕਿ ‘ਮੈਂ’ ਦੀ ਸਮਝ ਤੋਂ ਬਾਅਦ ਹੀ ‘ਤੂੰ’ ਦੀ ਸਮਝ ਪੈਂਦੀ ਹੈ। ਅਸਤਿਤਵਵਾਦ ਕਾਰਜ ਵਿੱਚ ਰੁੱਝੇ ਵਿਅਕਤੀ ਬਾਰੇ ਸਮਝਣ ਦਾ ਸਿਧਾਂਤ ਹੈ। ਇਸੇ ਤਰਾਂ ਸਾਹਿਤ ਵਿੱਚ ਰੁੱਝੇ ਪਾਤਰਾਂ ਬਾਰੇ ਸਮਝਿਆ ਜਾ ਸਕਦਾ ਹੈ।
? ਅਸਤਿਤਵਵਾਦੀ ਆਲੋਚਨਾ ਦੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ?
– ਮਰਹੂਮ ਡਾ. ਰਵਿੰਦਰ ਰਵੀ ਨੇ ਇੱਕ ਬਾਰ ਪੰਜਾਬੀ ਸਾਹਿਤ ਸੰਗਮ ,ਜੌੜੇਪੁਲ ਵਿਖੇ ਇੱਕ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਸੀ ਕਿ ਕਿਸੇ ਵੀ ਵਾਦ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਤਾਂ ਸਾਡੇ ਕੋਲ ਹੁੰਦਾ ਹੈ,ਪਰ ਪੜ੍ਹਕੇ ਹੀ ਕੀਤਾ ਜਾ ਸਕਦਾ ਹੈ। ਉਨਾਂ ਦਾ ਇਸ਼ਾਰਾ ਮਾਰਕਸਵਾਦ ਵੱਲ ਸੀ। ਮਾਰਕਸਵਾਦ ਬਾਰੇ ਮੈਂ ਪਹਿਲਾਂ ਹੀ ਪੜ੍ਹ ਲਿਆ ਸੀ। ਅਸਤਿਤਵਵਾਦ ਬਾਰੇ ਸਮਝਣ ਲਈ ਤਾਂ ਬਸ ਇੰਝ ਸਮਝੋ ਕਿ ਪੜ੍ਹਨ ਕਾਰਣ ਹੀ ਰੁਚੀ ਹੋ ਗਈ । ਅਧਿਐਨ ਤੋਂ ਬਾਅਦ ਮੈਂ ਉਸੇ ਨਤੀਜੇ ਤੇ ਪੁੱਜਿਆ ਕਿ ਕਿਸੇ ਵਾਦ ਨੂੰ ਸਵੀਕਾਰ ਜਾਂ ਰੱਦ ਸਿਰਫ ਪੜ੍ਹਕੇ ਹੀ ਕੀਤਾ ਜਾ ਸਕਦਾ ਹੈ।ਕਿਸੇ ਦੀਆਂ ਗੱਲਾਂ ਸੁਣ ਕੇ ਜਾਂ ਸੁਣਾਕੇ ਨਹੀਂ। ਮੈਂਨੂੰ ਇਹ ਮਹਿਸੂਸ ਹੋਇਆ ਕਿ ਕੋਸ਼ਿਸ਼ ਕੀਤੀ ਜਾਵੇ ਤਾਂ ਅਸਤਿਤਵਵਾਦੀ ਆਲੋਚਨਾ ਪ੍ਰਣਾਲੀ ਵਿਕਸਤ ਕੀਤੀ ਜਾ ਸਕਦੀ ਹੈ।ਸੋ ਪ੍ਰੇਰਣਾ ਜਾਂ ਅਧਿਐਨ ਦਾ ਸੋਮਾ ਡਾ.ਰਵੀ ਨੂੰ ਹੀ ਸਮਝੋ ।
? ਅਸਤਿਤਵਵਾਦੀ ਦਾਰਸ਼ਨਿਕਾਂ ਬਾਰੇ ਚਾਨਣਾ ਪਾਓ ?
– ਅਸਤਿਤਵਵਾਦੀ ਚਿੰਤਕ ਦੋ ਪ੍ਰਕਾਰ ਦੇ ਹਨ । ਪਹਿਲਾ ਆਸਤਿਕ ਅਤੇ ਦੂਜਾ ਨਾਸਤਿਕ। ਆਸਤਿਕ ਅਸਤਿਤਵਵਾਦੀਆਂ ਵਿੱਚ ਸੋਰੇਨ ਕੀਰਕੇਗਾਰਦ , ਜਕ ਮੇਰੀਟੇਨ, ਮਾਰਟਿਨ ਬੂਥਰ, ਗੇਬਰੀਲ ਮਾਰਸ਼ਲ, ਪਾਲ ਟਿਲਿੱਕ , ਨਿਕੋਲਸ ਬਰਦੀਏਵ, ਰੁਡੋਲਫ ਕਾਰਲ ਬੁਲਟਮਾਨ ਆਦਿ ਦੇ ਨਾਂ ਸ਼ਾਮਲ ਹਨ ਜਦੋਂ ਕਿ ਨਾਸਤਿਕ ਅਸਤਿਤਵਵਾਦੀਆਂ ਵਿੱਚ ਫਰੈਡਰਿਕ ਨੀਤਸ਼ੇ, ਐਡਮੰਡ ਹੁਸਰਲ, ਕਾਰਲ ਜੈਸਪਰਸ, ਮਾਰਟਿਨ ਹਾਈ ਡਿਗਰ, ਮੌਰਿਸ ਮਰਲੀ ਪੋਂਟੀ ਦੋਸਤੋਵਸਕੀ , ਸਾਈਮਨ ਦਾ ਬੋਵੇਰ ਆਦਿ ਹਨ।
? ਤੁਸੀਂ ਅਸਤਿਤਵਵਾਦੀ ਆਲੋਚਨਾ ਵਿੱਚ ਕਿਸ ਵਿਧੀ ਦਾ ਪ੍ਰਯੋਗ ਕੀਤਾ ਹੈ ?
– ਅਸਤਿਤਵਵਾਦ ਬਹੁਤ ਗੰਭੀਰ ਕਿਸਮ ਦਾ ਚਿੰਤਨ ਹੈ। ਅਸਤਿਤਵਵਾਦੀਆਂ ਮੁਤਾਬਿਕ ਵਿਅਕਤੀ ਨੂੰ ਧਰਤੀ ਤੇ ਭੇਜਿਆ ਗਿਆ ਹੈ।ਵਿਅਕਤੀ ਕਿਸੇ ਵਿਸ਼ੇਸ਼ ਪਰਿਵਾਰ, , ਧਰਤੀ ਦੇ ਇੱਕ ਭਾਗ , ਵਿਸ਼ੇਸ਼ ਜਾਤ, ਗੋਤ, ਰੰਗ , ਲਿੰਗ ਆਦਿ ਵਿੱਚ ਜਨਮ ਲਿੰਦਾ ਹੈ। ਜਨਮ ਸਮੇਂ ਬੰਦੇ ਨੂੰ ਉਸਦਾ ਚੁਗਿਰਦਾ ਬਣਿਆ ਬਣਾਇਆ ਮਿਲਦਾ ਹੈ। ਇਨਾਂ ਗੱਲਾਂ ਵਿੱਚ Àੇਸਦੀ ਮਰਜੀ ਨਹੀਂ ਪੁੱਗਦੀ। ਉਸਨੇ ਅਪਣੀ ਜੀਵਨ ਦੀ ਬਾਜੀ ਮਿਲੇ ਪੱਤਿਆਂ ਨਾਲ ਖੇਡਣੀ ਹੁੰਦੀ ਹੈ। ਉਸ ਰੱਬ ਵਾਂਗ ਸਾਹਿਤਕਾਰ ਵੀ ਸਿਰਜਣਹਾਰ ਹੈ । ਆਪਣੇ ਪਾਤਰਾਂ ਨੂੰ ਉਹ ਵਿਸ਼ੇਸ਼ ਹਾਲਾਤਾਂ ਵਿੱਚ ਪਾ ਕੇ ਕਾਰਜ ਕਰਕੇ ਵਿਖਾਉਂਦਾ ਹੈ । ਵਿਅਕਤੀ ਕੋਲ ਅਨੇਕ ਸੰਭਾਵਨਾਵਾਂ ਹੁੰਦੀਆਂ ਹਨ ਜਿਨਾਂ ਵਿੱਚੋਂ ਉਸਨੇ ਕਿਸੇ ਬਾਹਰੀ ਦਬਾਅ ਦੇ , ਬੰਦਿਆਂ /ਪਾਤਰਾਂ ਨੇ ਆਪਣੀ ਚੋਣ ਕਰਨੀ ਹੁੰਦੀ ਹੈ ਅਤੇ ਫਿਰ ਉਸਤੇ ਅਮਲ ਕਰਨਾ ਹੁੰਦਾ ਹੈ। ਇਸ ਉਪਰੰਤ ਜੋ ਵੀ ਨਤੀਜਾ ਮਿਲਦਾ ਹੈ ਉਸਨੂੰ ਭੁਗਤਣਾ ਪੈਂਦਾ ਹੈ ਜਿਸ ਜੁੰਮੇਵਾਰੀ ਤੋਂ ਉਹ ਭੱਜ ਨਹੀਂ ਸਕਦਾ। ਅਮਲ ਦਾ ਫਲ ਹੁੰਦਾ ਹੈ। ਇਸੇ ਲਈ ਅਸਤਿਤਵਵਾਦੀ ਚਿੰਤਕ ਕਹਿੰਦੇ ਹਨ ਕਿ ਕੋਈ ਬਹਾਨਾ ਨਹੀਂ । ਲੇਖਕ ਦੀ ਸ਼ੈਲੀ ਹੀ ਉਸਦਾ ਅਸਤਿਤਵ ਹੁੰਦੀ ਹੈ। ਇੰਜ ਭਾਸ਼ਾ ਦੀ ਪਰਖ ਕਰਦਿਆਂ ਆਲੋਚਨਾ ਵਿੱਚ ਹੋਰ ਵਧੇਰੇ ਡੂੰਘਾਈ ਅਤੇ ਗਹਿਰਾਈ ਆ ਜਾਂਦੀ ਹੈ।
? ਕੀ ਅਸਤਿਤਵਵਾਦ ਮੈਂ-ਵਾਦ ਹੈ?
– ਇਹ ਵਾਦ ਤਾਂ ਮਾਨਵਤਾ ਦੀ ਸਮਝ ਲਈ ਮਾਨਵ ਦੀ ਸਮਝ ਤੇ ਜੋਰ ਦਿੰਦਾ ਹੈ। ਅਸਤਿਤਵਵਾਦ ਦੀ ਹੋਂਦ ਤਾਂ ਦੂਜਿਆਂ ਨਾਲ ਸਬੰਧਾਂ ਵਿੱਚੋਂ ਹੀ ਅਰਥ ਗ੍ਰਹਿਣ ਕਰਦੀ ਹੈ। ਖਲਾਅ ਵਿੱਚ ਕੋਈ ਅਸਤਿਤਵ ਨਹੀਂ ਹੁੰਦਾ । ਸਾਰੇ ਹੀ ਅਸਤਿਤਵਵਾਦੀਆਂ ਨੇ ਮੈਂ ਵਾਦ ਦਾ ਖੰਡਨ ਕੀਤਾ ਹੈ। ਸਾਰਤਰ ਅਸਤਿਤਵਵਾਦ ਨੂੰ ਮਾਨਵਵਾਦ ਕਹਿੰਦਾ ਹੈ।
? ਅਸਤਿਤਵਵਾਦ ਮਾਨਵਵਾਦ ਕਿਵੇਂ ਹੋਇਆ ?
– ਅਸਤਿਤਵਵਾਦ ਮਨੁੱਖੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦਾ ਹੈ। ਅਸਤਿਤਵਵਾਦ ਅੰਦਰੋਂ ਬਾਹਰੋਂ ਇੱਕ ਬੰਦੇ ਦੇ ਅਸਤਿਤਵ ਨੂੰ ਪ੍ਰਮਾਣਿਕ ਮੰਨਦਾ ਹੈ। ਉਸਦੀ ਕਥਨੀ ਅਤੇ ਕਰਨੀ ਇੱਕ ਹੁੰਦੀ ਹੈ । ਉਹ ਗਰੀਬ ਨੂੰ ਵੇਖਦਾ ਹੀ ਨਹੀਂ, ਉਸਦੀ ਮਦਦ ਵੀ ਕਰਦਾ ਹੈ। ਉਹ ਧਾਰਮਿਕ ਜਾਂ ਮਾਨਵੀ ਸਿੱਖਿਆਵਾਂ ਸੁਣਦਾ, ਪੜ੍ਹਦਾ ਨਹੀਂ ਉਨਾਂ ਤੇ ਅਮਲ ਵੀ ਕਰਦਾ ਹੈ।
? ਅਸਤਿਤਵਵਾਦੀ ਦਰਸ਼ਨ ਦਾ ਸਮਾਜ ਨੂੰ ਜਾਂ ਸੰਸਾਰ ਨੂੰ ਕੀ ਲਾਭ ਮਿਲਿਆ ?
– ਸਮਾਜਿਕ ਜੀਵਨ ਵਿੱਚ ਵਿਅਕਤੀ ਦਾ ਮਹੱਤਵ ਵਧਿਆ ਹੈ । ਉਸ ਨੇ ਸਮੂਹ ਦਾ ਅੰਗ ਹੋ ਕੇ ਵਿਚਰਨਾ ਸਿੱਖਿਆ ਹੈ। ਇਸੇ ਕਰਕੇ ਮਨੁੱਖੀ ਅਧਿਕਾਰ ਕਮਿਸ਼ਨਾਂ ਦੀ ਸਥਾਪਨਾ ਹੋਈ ਹੈ। ਦਾਮਿਨੀ ਨਾਲ ਵਾਪਰੀ ਘਟਨਾ ਨੇ ਭਾਰਤੀ ਸੰਵਿਧਾਨ ਵਿੱਚ ਤਬਦੀਲੀ ਕਰਵਾ ਦਿੱਤੀ ਹੈ। ਲੇਖਕਾਂ ਦੀਆਂ ਨਿਡਰ ਲਿਖਤਾਂ ਦੇ ਹੱਕ ਵਿੱਚ ਮਾਨਵਤਾ ਉੱਠ ਖਲੋਂਦੀ ਹੈ।
? ਅਸਤਿਤਵ ਕਿਵੇਂ ਗੁਆਚਦਾ ਹੈ ?
– ਕਿਸੇ ਦਾ ਲਾਈਲੱਗ ਜਾਂ ਪਿਛਲੱਗ ਹੋ ਕੇ ਅਸਤਿਤਵ ਗੁਆਚਦਾ ਹੈ। ਕਿਸੇ ਬੰਦੇ ਦਾ ਗੁਪਤ ਭੇਦ ਦੂਜੇ ਨੂੰ ਪਤਾ ਲੱਗਣ ਤੇ ਅਸਤਿਤਵ ਗੁਆਚਦਾ ਹੈ। ਪੈਸੇ ਜਾਂ ਤਾਕਤ ਦੇ ਹੰਕਾਰ ਨਾਲ ਕੀਤੇ ਮਾੜੇ ਕੰਮਾਂ ਨਾਲ ਅਸਤਿਤਵ ਗੁਆਚਦਾ ਹੈ। ਸਾਹਿਤਕਾਰ ਦਾ ਅਸਤਿਤਵ ਉਦੋਂ ਗੁਆਚਦਾ ਹੈ ਜਦੋਂ ਉਹ ਕਿਸੇ ਦੀ ਰਚਨਾ ਚੋਰੀ ਕਰ ਲੈਂਦਾ ਹੈ। ਔਰਤ ਦਾ ਅਸਤਿਤਵ ਉਦੋਂ ਗੁਆਚਦਾ ਹੈ ਜਦੋਂ ਉਹ ਆਪੇ ਨੂੰ ਵਸਤੂ ਸਮਝਣ ਲੱਗ ਪੈਂਦੀ ਹੈ ।ਵਿਅਕਤੀ ਕੋਲ ਜੇਕਰ ਲੈ ਦੇ ਕੇ ਕੋਈ ਅਪਣੀ ਪੂੰਜੀ ਹੈ ਤਾਂ ਉਹ ਹੈ ਸਵੈ ਦੀ ਹੋਂਦ। ਜਦੋਂ ਅਸਤਿਤਵ ਗੁਆਚਦਾ ਹੈ ਤਾਂ ਵਿਅਕਤੀ ਕੋਲ ਰਹਿ ਕੀ ਜਾਂਦਾ ਹੈ।
? ਪਾਠਕਾਂ ਲਈ ਕੋਈ ਸੰਦੇਸ਼ ?
– ਪੰਜਾਬੀ ਪਾਠਕਾਂ ਨੂੰ ਸਾਹਿਤ ਦੇ ਪੜ੍ਹਨ ਵਿੱਚ ਰੁਚੀ ਵਿਖਾਉਣੀ ਚਾਹੀਦੀ ਹੈ। ਮਾਤ ਭਾਸ਼ਾ ਵਰਗੀ ਕੋਈ ਹੋਰ ਭਾਸ਼ਾ ਨਹੀਂ ਹੁੰਦੀ। ਵਿਸ਼ਵ ਪੱਧਰ ਤੇ ਵਿਕਸਿਤ ਹੋ ਰਹੀਆਂ ਨਵੀਆਂ ਆਲੋਚਨਾ ਪ੍ਰਣਾਲੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ। ਨਵੀਨਤਾ ਤੋਂ ਡਰਨਾ ਨਹੀਂ ਚਾਹੀਦਾ ਅਤੇ ਪੁਰਾਤਨਤਾ ਤੇ ਅੜਨਾ ਨਹੀਂ ਚਾਹੀਦਾ।

Send this to a friend