April 28, 2026 2:04 pm

ਪਲਾਸਟਿਕ ਦੀ ਵਰਤੋਂ ਰੋਕੀ ਜਾਵੇ

ਪਲਾਸਟਿਕ ਅਤੇ ਪਲਾਸਟਿਕ ਤੋਂ ਬਣੀਆਂ ਵਸਤਾਂ ਧਰਤੀ ਅਤੇ ਮਨੁੱਖੀ ਜੀਵਨ ਲਈ ਵੱਡਾ ਖਤਰਾ ਬਣ ਗਈਆਂ ਹਨ। ਜੇਕਰ ਪਲਾਸਟਿਕ ਦੀ ਵਰਤੋਂ ਉੱਪਰ ਮੁਕੰਮਲ ਪਾਬੰਦੀ ਨਾ ਲਗਾਈ ਗਈ ਤਾਂ ਧਰਤੀ ਉੱਪਰਲੇ ਜੀਵਨ ਲਈ ਵੱਡੇ ਖਤਰੇ ਪੈਦਾ ਹੋ ਸਕਦੇ ਹਨ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਇਸ ਮੁੱਦੇ ‘ਤੇ ਵੱਡੀ ਚਿੰਤਾ ਜਾਹਿਰ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਇਸ ਵਾਰ ਆਜ਼ਾਦੀ ਦਿਵਸ ਮੌਕੇ ਇਸ ਮੁੱਦੇ ‘ਤੇ ਬਹੁਤ ਅਹਿਮ ਐਲਾਨ ਕੀਤਾ ਗਿਆ ਹੈ। ਐਲਾਨ ਮੁਤਾਬਿਕ ਪ੍ਰਧਾਨ ਮੰਤਰੀ ਦੀ ਅਗਵਾਈ ਅਗਵਾਈ ਹੇਠ ਕੇਂਦਰ ਸਰਕਾਰ 2 ਅਕਤੂਬਰ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਸਬੰਧੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਸਿੰਗਲ ਯੂਜ਼ ਪਲਾਸਟਿਕ ਮਨੁੱਖੀ ਜੀਵਨ ਲਈ ਇੰਨਾ ਖਤਰਨਾਕ ਹੈ ਕਿ ਜ਼ਹਿਰੀਲੇ ਰਸਾਇਣ ਯੁਕਤ ਪਾਲੀਥੀਨ ਬੈਗ ਜ਼ਮੀਨ ‘ਚ ਦਬਣ ਤੋਂ ਬਾਅਦ 1000 ਸਾਲ ਤੱਕ ਵੀ ਮਿੱਟੀ ਵਿੱਚ ਗੱਲਦੇ ਨਹੀਂ। ਪਲਾਸਟਿਕ ਵਿਚਲੇ ਰਸਾਇਣ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲ ਕੇ ਬਹੁਤ ਖਤਰਨਾਕ ਰੋਗਾਂ ਨੂੰ ਜਨਮ ਦਿੰਦੇ ਹਨ। ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਸਾਜੋ-ਸਮਾਨ ਨੇ ਹੁਣ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਵੀ ਪਲੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਿਆਵਾਂ, ਨਹਿਰਾਂ, ਝੀਲਾਂ ਅਤੇ ਸਮੁੰਦਰ ਵਿੱਚ ਲੱਖਾਂ ਟਨ ਪਲਾਸਟਿਕ ਫੈਲਿਆ ਹੋਇਆ ਹੈ। ਸੰਸਾਰ ‘ਚ ਇਕ ਸਾਲ ਦੌਰਾਨ 10 ਖਰਬ ਪਲਾਸਟਿਕ ਬੈਗ ਵਰਤੋਂ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ।ਕੇਂਦਰੀ ਵਾਤਾਵਰਣ ਕੰਟਰੋਲ ਬੋਰਡ ਦੇ ਇਕ ਅਧਿਐਨ ਅਨੁਸਾਰ ਸਾਡੇ ਦੇਸ਼ ‘ਚ ਇਕ ਵਿਅਕਤੀ ਇਕ ਸਾਲ ‘ਚ ਔਸਤਨ 7 ਕਿਲੋ ਪਲਾਸਟਿਕ ਕੂੜਾ ਸੁੱਟਦਾ ਹੈ।ਵਾਤਾਵਰਨ ਵਿਗਿਆਨੀ ਪਲਾਸਟਿਕ ਦੇ 20 ਮਾਈਕ੍ਰੋਨ ਜਾਂ ਇਨ੍ਹਾਂ ਤੋਂ ਪਤਲੇ ਉਤਪਾਦ ਨੂੰ ਵਾਤਾਵਰਣ ਲਈ ਬਹੁਤ ਖਤਰਨਾਕ ਦਸਦੇ ਹਨ।ਪਲਾਸਟਿਕ ਕਾਰਨ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਇਸ ਦੇ ਇਸਤੇਮਾਲ ਦੇ ਨਾਲ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ। ਧਰਤੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋ ਰਹੀ ਹੈ। ਜ਼ਮੀਨ ਹੇਠਲੇ ਅਤੇ ਉੱਪਰਲੇ ਪਾਣੀ ਦੇ ਦੂਸ਼ਿਤ ਹੋਣ ਨਾਲ ਲੋਕਾਂ ਦੀ ਸਿਹਤ ਉੱਪਰ ਮਾੜਾ ਅਸਰ ਪੈ ਰਿਹਾ ਹੈ। ਪਲਾਸਟਿਕ ਦੀ ਵਰਤੋਂ ਨਾਲ ਲੋਕਾਂ ਦੇ ਖੂਨ ‘ਚ ਥੈਲੇਟਸ ਦੀ ਮਾਤਰਾ ਵਧ ਜਾਂਦੀ ਹੈ।ਇਸ ਨਾਲ ਗਰਭਵਤੀ ਔਰਤਾਂ ਦੇ ਬੱਚੇ ਦਾ ਵਿਕਾਸ ਰੁਕ ਜਾਂਦਾ ਹੈ।ਕੇਂਦਰ ਸਰਕਾਰ ਇਸ ਸਬੰਧ ਵਿੱਚ ਲਗਾਤਾਰ ਕਦਮ ਉਠਾ ਰਹੀ ਹੈ। ਵਾਤਾਵਰਣ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ 2954.72 ਕਰੋੜ ਰੁਪਏ ਵੰਡੇ ਹਨ।ਹਰਿਤ ਭਾਰਤ ਰਾਸ਼ਟਰੀ ਮਿਸ਼ਨ ਦੇ ਬਜਟ ਲਈ ਇਸ ਸਾਲ 240 ਕਰੋੜ ਰੁਪਏ ਰੱਖੇ ਗਏ ਹਨ।ਕੇਂਦਰੀ ਬਜਟ ‘ਚ ਪ੍ਰਾਜੈਕਟ ਟਾਈਗਰ ਲਈ ਇਸ ਸਾਲ ਵੀ 350 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।ਪ੍ਰਾਜੈਕਟ ਐਲੀਫੈਂਟ ਲਈ 30 ਕਰੋੜ ਰੁਪਏ ਵੰਡੇ ਗਏ ਹਨ।ਸਵੱਛ ਵਾਤਾਵਰਣ ਲਈ ਇਸ ਸਮੇਂ ਵੱਡੇ ਯਤਨਾਂ ਦੀ ਜ਼ਰੂਰਤ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਇਕ ਬਹੁਤ ਅਹਿਮ ਫੈਸਲਾ ਹੈ। ਇਸ ਸਬੰਧੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਿੱਜੀ ਤੌਰ ‘ਤੇ ਸ਼ਲਾਘਾ ਦੇ ਪਾਤਰ ਹਨ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਲੋਕ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ, ਤਾਂ ਜੋ ਵਾਤਾਵਰਨ ਨੂੰ ਸਵੱਛ ਰੱਖਿਆ ਜਾ ਸਕੇ ਅਤੇ ਮਨੁੱਖੀ ਸਿਹਤ ਲਈ ਖਤਰੇ ਘਟਾਏ ਜਾ ਸਕਣ।
– ਬਲਜੀਤ ਸਿੰਘ ਬਰਾੜ

Send this to a friend