ਇਸ ਦੁਨੀਆ ਵਿੱਚ ਜਿਤਨੇ ਵੀ ਧਰਮ ਸਥਾਪਿਤ ਹੋਏ ਹਨ ਇੱਕ ਹੀ ਗੱਲ ਆਖੀ ਜਾ ਰਹੇ ਹਨ ਕਿ ਰੱਬ ਇੱਕ ਹੀ ਹੈ। ਅੱਜ ਤਕ ਕਿਸੇ ਵੀ ਧਰਮ ਨੇ ਇਹ ਐਲਾਨ ਨਹੀਂ ਕੀਤਾ ਕਿ ਉਸ ਧਰਮ ਦਾ ਰੱਬ ਵਖਰਾ ਹੈ। ਸਾਡੇ ਮੁਲਕ ਵਿੱਚ ਪਹਿਲਾਂ ਪਹਿਲ ਹਿੰਦੂ ਧਰਮ ਹੀ ਸੀ ਅਤੇ ਇਸ ਧਰਮ ਨੇ ਵੀ ਕਦੀ ਇਹ ਨਹੀਂ ਸੀ ਆਖਿਆ ਕਿ ਰੱਬ ਕਈ ਹਨ। ਇਸ ਧਰਮ ਵਿੱਚ ਕਈ ਅਵਤਾਰ ਹੋਏ, ਦੇਵਤੇ ਹੋਏ, ਪਰ ਰਬ ਇੱਕ ਹੀ ਰਿਹਾ ਸੀ। ਅਤੇ ਫਿਰ ਕਦੀ ਮੁਸਲਮਾਨ ਆਏ, ਉਹ ਹਾਕਮ ਵੀ ਬਣ ਗਏ, ਬਹੁਤ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਗਿਆ। ਇਹ ਧਰਮ ਦੀ ਤਬਦੀਲੀ ਮਰਜ਼ੀ ਨਾਲ ਵੀ ਹੋਈ ਹੋਵੇਗੀ ਅਤੇ ਜ਼ਬਰਨ ਵੀ ਕੀਤੀ ਗਈ ਲਗਦੀ ਹੈ। ਧਰਮ ਬਦਲਿਆ, ਪਰ ਰੱਬ ਫਿਰ ਵੀ ਇਕ ਹੀ ਰਿਹਾ। ਇਸੇ ਤਰ੍ਹਾਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਉਸ ਰਾਜ ਵਿੱਚ ਵੀ ਲੋਕਾਂ ਦਾ ਧਰਮ ਬਦਲਿਆ ਗਿਆ ਅਤੇ ਇਹ ਧਰਮ ਵੀ ਆਪਣੀ ਮਰਜ਼ੀ ਨਾਲ ਹੀ ਬਦਲਿਆ ਲਗਦਾ ਹੈ। ਬਹੁਤ ਸਾਰੇ ਲੋਕੀਂ ਇਸਾਈ ਬਣ ਗਏ, ਪਰ ਰਬ ਫਿਰ ਵੀ ਇਕ ਹੀ ਰਿਹਾ ਅਤੇ ਕਈ ਰਬਾਂ ਦੀ ਹੋਂਦ ਕਦੀ ਵੀ ਨਾ ਬਣੀ।
ਇਹ ਧਰਮਾਂ ਵਾਲੇ ਲੋਕੀਂ ਇਹ ਤਾਂ ਆਖਦੇ ਰਹੇ ਕਿ ਸਾਡਾ ਧਰਮ ਵਧੀਆਂ ਹੈ, ਬਿਹਤਰ ਹੈ, ਪਰ ਧਰਮਾਂ ਵਾਲਿਆਂ ਨੇ ਵੀ ਕਦੀ ਇਹ ਐਲਾਨ ਨਾ ਕੀਤਾ ਕਿ ਕਿ ਉਨ੍ਹਾਂ ਦਾ ਰਬ ਵਖਰਾ ਹੈ। ਪਾਠ ਪੂਜਾ, ਧਾਰਮਿਕ ਪੁਸਤਕਾ ਅਡ ਅਡ ਆਉਂਦੀਆਂ ਰਹੀਆਂ ਅਤੇ ਤੋਰ ਤਰੀਕੇ ਵੀ ਬਦਲਦੇ ਰਹੇ, ਪਰ ਰਬ ਇਕ ਹੀ ਰਿਹਾ। ਬਸ ਸ਼ਕਲਾਂ ਸੂਰਤਾਂ ਬਦਲਦੀਆਂ ਰਹੀਆਂ ਅਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਬਦਲਦੀਆਂ ਰਹੀਆਂ ਅਤੇ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਬਦਲਦੇ ਰਹੇ, ਪਰ ਕੁਲ ਮਿਲਾਕੇ ਇਉਂ ਲਗਦਾ ਹੈ ਕਿ ਇਹ ਵਖਰਾ ਪਣ ਬੁਸ ਇਸ ਲਈ ਧਰਮਾਂ ਵਾਲਿਆਂ ਨੇ ਕਾਇਮ ਕੀਤਾ ਸੀ ਤਾਂਕਿ ਹਰ ਧਰਮ ਦਾ ਆਦਮੀ ਵਖਰੀ ਜਿਹੀ ਪਛਾਣ ਬਣਾ ਸਕੇ। ਐਸਾ ਇਸ ਲਈ ਕੀਤਾ ਗਿਆ ਲਗਦਾ ਹੈ ਤਾਂਕਿ ਪੁਛਣਾ ਨਾ ਪਵੇ ਕਿ ਉਸਦਾ ਧਰਮ ਕੀ ਹੈ। ਵਖਰੇ ਵਖਰੇ ਧਾਰਮਿਕ ਅਸਥਾਨ ਖੜ੍ਹੇ ਕੀਤੇ ਗਏ ਅਤੇ ਧਾਰਮਿਕ ਅਸਥਾਨਾਂ ਦੀਆਂ ਸ਼ਕਲਾਂ ਸੂਰਤਾਂ ਵੀ ਵਖਰੀ ਜਿਹੀ ਦਿਖ ਵਾਲੀਆਂ ਖੜੀਆਂ ਕੀਤੀਆਂ ਗਈਆਂ ਤਾਂਕਿ ਜਲਦੀ ਕੀਤਿਆਂ ਕੋਈ ਦੂਜੇ ਧਰਮ ਵਾਲਾ ਆਦਮੀ ਅੰਦਰ ਨਾ ਜਾ ਵੜੇ। ਇੰਨ੍ਹਾਂ ਧਾਰਮਿਕ ਅਸਥਾਲਾਂ ਵਿੱਚ ਧਾਰਮਿਕ ਗ੍ਰੰਥ ਅਤੇ ਹੋਰ ਕਿਤਾਬਾਂ ਵੀ ਵਖਰੀਆਂ ਤਿਆਰ ਕਰਕੇ ਰਖੀਆਂ ਗਈਆਂ ਅਤੇ ਭਾਸ਼ਾ ਵੀ ਵਖਰੀ ਜਿਹੀ ਰਖੀ ਗਈ ਅਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਹਰ ਧਰਮ ਦਾ ਆਦਮੀ ਆਪਣੇ ਗ੍ਰੰਥਾਂ ਵਿੱਚ ਸ਼ਰਧਾ ਰਖਦਾ ਹੈ ਅਤੇ ਜਲਦੀ ਕੀਤਿਆਂ ਲੋਕਾਂ ਦੀ ਸ਼ਰਧਾ ਦੂਜੇ ਧਰਮਾਂ ਦੇ ਗ੍ਰੰਥਾਂ ਵਿੱਚ ਨਹੀਂ ਬਣਦੀ।
ਸਾਡੇ ਮੁਲਕ ਦਾ ਅਗਰ ਇਤਿਹਾਸ ਹੀ ਫਰੋਲਿਆ ਜਾਵੇ ਤਾਂ ਬਹੁਤੀਆਂਂ ਲੜਾਈਆਂ ਅਤੇ ਬਹੁਤੇ ਜ਼ੁਲਮ ਧਰਮ ਦੇ ਨਾਮ ਉਤੇ ਕੀਤੇ ਜਾਂਦੇ ਰਹੇ ਹਨ। ਸਿਰਫ ਸਿਖਾਂ ਦਾ ਇਤਿਹਾਸ ਹੀ ਵਾਚਿਆ ਜਾਵੇ ਤਾਂ ਮੁਸਲਮਾਨੀ ਰਾਜ ਦੇ ਵਕਤਾਂ ਵਿੱਚ ਕਈਆਂ ਦੇ ਬੰਦ ਬੰਦ ਕੱਟੇ ਗਏ। ਕਈਆਂ ਦੀਆਂ ਖੋਪਰੀਆਂ ਰੰਬੀਆਂ ਨਾਂਲ ਉਤਾਰੀਆਂ ਗਈਆਂ। ਕਈਆਂ ਦੀ ਪੁਠੀ ਖਲ੍ਹ ਲਾਹੀ ਗਈ। ਕਈਆਂ ਦਾ ਮਾਸ ਜੰਮੂਰਾਂ ਨਾਲ ਨੋਚਿਆ ਗਿਆ। ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ। ਕਈਆਂ ਨੂੰ ਚਰਖੜੀਆਂ ਉਤੇ ਚਾੜ੍ਹਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਛੋਟੇ ਬਚਿਆਂ ਜਿੰਨ੍ਹਾਂ ਦੀ ਉਮਰ ਮਸਾਂ ਸਤ ਅਤੇ ਨੋਂ ਸਾਲਾਂ ਦੀ ਸੀ ਜਿਉਂਦਿਆ ਹੀ ਕੰਧਾ ਵਿੱਚ ਚਿਣ ਦਿਤਾ ਗਿਆ। ਇਹ ਵੀ ਆਖਿਆ ਜਾਂਦਾ ਹੈ ਕਿ ਮੁਸਲਮਾਨੀ ਰਾਜ ਦੌਰਾਨ ਨਿਕੇ ਨਿਕੇ ਬਚਿਆਂ ਨੂੰ ਉਤੇ ਉਛਾਲਕੇ ਨੇਜ਼ਿਆਂ ਨਾਲ ਟੰਗਿਆ ਗਿਆ ਸੀ। ਇਹ ਵੀ ਦਸਿਆ ਜਾਂਦਾ ਹੈ ਕਿ ਨਿਕੇ ਬਚਿਆਂ ਨੂੰ ਮਾਰਕੇ ਬਚਿਆਂ ਦਾ ਕਲੇਜਾ ਕਢਕੇ ਮਾਪਿਆਂ ਦੇ ਮੂੰਹਾਂ ਵਿੱਚ ਤੁਨਿਆ ਵੀ ਗਿਆ ਸੀ। ਇਹ ਧਰਮਾਂ ਦੇ ਨਾਮ ਉਤੇ ਕੀਤੇ ਜ਼ੁਲਮਾਂ ਦੀ ਕਹਾਣੀ ਕਿਸੇ ਹੋਰ ਮੁਲਕ ਵਿੱਚ ਵੀ ਵਾਪਰੀ ਹੈ, ਸਾਡੇ ਨੋਟਿਸ ਵਿੱਚ ਨਹੀਂ ਹੈ। ਇਸ ਮੁਲਕ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀਆਂ ਤਵੀਂਆਂ ਉਤੇ ਬਿਠਾਇਆ ਗਿਆ, ਨੰਗੇ ਪਿੰਡੇ ਉਤੇ ਤਤੀ ਰੇਤ ਪਾਈ ਗਈ, ਉਬਲਦੇ ਪਾਣੀ ਵਿੱਚ ਬਿਠਾਇਆ ਗਿਆ ਅਤੇ ਇਹ ਗਲਾਂ ਪੜ੍ਹਕੇ ਇਹ ਆਖਿਆ ਜਾ ਸਕਦਾ ਹੈ ਕਿ ਇਸ ਮੁਲਕ ਵਿੱਚ ਧਰਮਾਂ ਦੀ ਖੇੜ ਬਹੁਤ ਹੀ ਮਾੜੀ ਰਹੀ ਹੈ। ਕੋਈ ਵੀ ਧਰਮ ਐਸੇ ਜ਼ੁਲਮਾਂ ਦੀ ਆਗਿਆ ਨਹੀਂ ਦਿੰਦਾ, ਪਰ ਇਸ ਮੁਲਕ ਵਿੱਚ ਇਹ ਸਾਰਾ ਕੁਝ ਧਰਮ ਦੇ ਨਾਮ ਉਤੇ ਕੀਤਾ ਜਾਂਦਾ ਰਿਹਾ ਹੈ।
ਇਸ ਮੁਲਕ ਵਿੱਚ ਖਾਣਾ ਵੀ ਵਖਰਾ ਵਖਰਾ ਰਿਹਾ ਹੈ ਅਤੇ ਕਦੀ ਸਾਡੇ ਰੇਲਵੇ ਸਟੇਸ਼ਨਾ ਉਤੇ ਵੀ ਲਿਖਿਆ ਮਿਲਦਾ ਸੀ, ਹਿੰਦੂ ਪਾਸਣੀ ਮੁਸਲਮਾਨ ਪਾਣੀ ਅਰਥਾਤ ਮੁਸਲਮਾਨ ਹਿੰਦੂਆਂ ਦੇ ਬਰਤਨਾ ਵਾਲਾ ਪਾਣੀ ਨਹੀਂ ਸਨ ਪੀਂਦੇ ਅਤੇ ਹਿੰਦੂ ਮੁਸਲਮਾਨਾ ਦੇ ਭਾਂਡਿਆਂ ਵਾਲਾ ਪਾਣੀ ਤਕ ਨਹੀਂ ਸਨ ਪੀਂਦੇ ਅਤੇ ਕੋਈ ਹਿੰਦੂ ਭੁਖਾ ਮਰ ਸਕਦਾ ਸੀ, ਪਰ ਮੁਸਮਾਨਾ ਦੇ ਹੋਟਲ ਵਿੱਚ ਖਾਣਾ ਨਹੀਂ ਸੀ ਖਾਂਦਾ ਅਤੇ ਇਸੇ ਤਰ੍ਹਾਂ ਇਹ ਮੁਸਲਮਾਨ ਹਿੰਦੂਆਂ ਦੇ ਹੋਟਲਾ ਵਿੱਚ ਖਾਣਾ ਨਹੀਂ ਸੀ ਖਾਂਦੇ।
ਇਸ ਮੁਲਕ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਇਥੇ ਮੁਸਲਮਾਨੀ ਰਾਜ ਦੇ ਵਕਤਾਂ ਵਿੱਚ ਹਿੰਦੂਆਂ ਦੇ ਮੰਦਰ ਢਾਹਕੇ ਉਥੇ ਹੀ ਮਸੀਤਾਂ ਖੜੀਆਂ ਕਰ ਦਿਤੀਆਂ ਗਈਆਂ ਤਾਂਕਿ ਹਿੰਦੂਆਂ ਨੂੰ ਆਪਣੇ ਹੀ ਮੁਲਕ ਵਿੱਚ ਨੀਚਾ ਦਿਖਾਇਆ ਜਾਵੇ। ਇਹ ਗਲਾਂ ਵੀ ਪਤਾ ਲਗਦੀਆਂ ਹਨ ਕਿ ਹੰਦੂ ਦੇਵੀਆਂ ਦੇਵਤਿਆਂ ਅਤੇ ਅਵਤਾਰਾਂ ਦੀਆਂ ਮੂਰਤੀਆਂ ਤੋੜੀਆਂ ਵੀ ਗਈਆਂ ਅਤੇ ਸੋਨੇ ਚਾਂਦੀ ਦੀਆਂ ਮੂਰਤੀਆਂ ਲੁਟੀਆਂ ਵੀ ਗਈਆਂ ਅਤੇ ਅਰਬਾ ਖਰਬਾ ਦਾ ਸੋਨਾ ਪਹਿਲਾਂ ਪਹਿਲ ਲੁਟਿਆ ਵੀ ਗਿਆ ਸੀ ਜਿਹੜਾ ਅਜ ਤਕ ਸਾਡੇ ਦੇਸ਼ ਵਿੱਚ ਵਾਪਸ ਨਹੀਂ ਆਇਆ।
ਅਸੀਂ ਦੂਰ ਨਾ ਪਏ ਜਾਈਏ ਅਤੇ ਪਿਛਲੀ ਸਦੀ ਦਾ ਇਤਿਹਾਸ ਹੀ ਅਗਰ ਫਰੋਲਿਆ ਜਾਵੇ ਤਾਂ ਅਸੀਂ ਸਾਰੇ ਇਕਠੇ ਹੋਕੇ ਹੀ ਮੁਲਕ ਦੀ ਆਜ਼ਾਦੀ ਦੀ ਜੰਗ ਲੜ ਰਹੇ ਸਾਂ ਅਤੇ ਜਦ ਆਜ਼ਾਦੀ ਦਾ ਵਕਤ ਆਇਆ ਤਾਂ ਅਸੀਂ ਧਰਮਾਂ ਦੀਆਂ ਗਲਾਂ ਵਿੱਚ ਲੈ ਆਂਦੀਆਂ ਅਤੇ ਧਰਮਾਂ ਦੇ ਨਾਮ ਉਤੇ ਇਹ ਮੁਲਕ ਦੀ ਵੰਡ ਕਰ ਦਿਤੀ ਗਈ। ਅੰਗਰੇਜ਼ ਤਾਂ ਪਹਿਲਾਂ ਹੀ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਅਪਨਾਈ ਬੈਠੇ ਸਨ ਅਤੇ ਇਤਨੀ ਕੀਮਤੀ ਆਜ਼ਾਦੀ ਅਸਾਂ ਵੰਡ ਲਈ ਅਤੇ ਇਹ ਵੰਡ ਇਤਨੀ ਭਿਆਨਕ ਸੀ ਕਿ ਐਸਾ ਸਮਾਂ ਸ਼ਾਇਦ ਕਿਸੇ ਵੀ ਮੁਲਕ ਵਿੱਚ ਨਾ ਆਇਆ ਹੋਵੇ। ਜਿਥੇ ਮਾਸੂਮਾਂ ਦਾ ਲਖਾਂ ਦੀ ਗਿਣਤੀ ਵਿੱਚ ਕਤਲ ਕਰ ਦਿਤਾ ਗਿਆ ਅਤੇ ਕਰੋੜਾਂ ਲੋਕਾਂ ਨੂੰ ਮਜਬੂਰ ਕਰ ਦਿਤਾ ਗਿਆ ਕਿ ਉਹ ਆਪਣਾ ਘਰ ਬਾਰ ਛਡਕੇ ਓਪਰੇ ਇਲਾਕਿਆਂ ਵਲ ਚਲੇ ਜਾਣ। ਐਸੀ ਘਟਨਾ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਵੀ ਨਹੀਂ ਵਾਪਰੀ ਸੀ ਅਤੇ ਨਾ ਹੀ ਕਦੀ ਵਾਪਰਨੀ ਹੀ ਹੈ।
ਧਰਮ ਦੇ ਨਾਮ ਉਤੇ ਇਸ ਮੁਲਕ ਵਿੱਚ ਕਈ ਅਤਵਾਦੀ ਲਹਿਰਾਂ ਦਾ ਜਨਮ ਹੁੰਦਾ ਰਹਿੰਦਾ ਹੈ। ਕਿਤਨੇ ਹੀ ਮਾਸੂਮਾਂ ਦੀਆਂ ਜਾਨਾ ਜਾਂਦੀਆਂ ਰਹੀਆਂ ਅਤੇ ਅਜ ਤਕ ਪ੍ਰਾਪਤ ਕੁਝ ਨਹੀਂ ਕੀਤਾ ਜਾ ਸਕਿਆ। ਅਤਵਾਦ ਦਾ ਬਦਲਾ ਲੈਣ ਲਈ ਇਸ ਮੁਲਕ ਵਿੱਚ ਦੰਗੇ ਫਸਾਦ ਵੀ ਧਰਮ ਦੇ ਨਾਮ ਉਤੇ ਹੁੰਦੇ ਹਨ ਅਤੇ ਕਿਤਨੇ ਹੀ ਮਾਸੂਮਾਂ ਦੀਆਂ ਜਾਨਾ ਚਲੀਆਂ ਜਾਂਦੀਆਂ ਹਨ। ਅਜ ਤਕ ਅਤਵਾਦੀ ਅਤੇ ਇਹ ਦੰਗਾ ਫਸਾਦੀ ਕੁਝ ਵੀ ਪ੍ਰਾਪਤ ਨਹੀਂ ਕਰ ਸਕੇ ਅਤੇ ਲਾਸ਼ਾਂ ਦਾ ਢੇਰ ਲਗਾਈ ਜਾਂਦੇ ਹਨ, ਜਦ ਹਰ ਧਰਮ ਇਹ ਪਿਆ ਆਖਦਾ ਹੈ ਕਿ ਮਾਸੂਮਾਂ ਦਾ ਕਤਲ ਕਰਨਾ ਪਾਪ ਹੈ ਅਤੇ ਐਸਾ ਕਾਤਲ ਰਬ ਦੀ ਦਰਗਾਹ ਵਿੱਚ ਸਜ਼ਾ ਹੀ ਪਾਉਂਦਾ ਹੈ। ਪਰ ਅਜ ਤਕ ਇਹ ਪਤਾ ਨਹੀਂ ਲਗ ਸਕਿਆ ਕਿ ਧਰਮ ਦੇ ਨਾਮ ਉਤੇ ਇਹ ਅਤਵਾਦ ਕਿਵੇਂ ਪੈਦਾ ਕੀਤਾ ਜਾਂਦਾ ਹੈ ਅਤੇ ਇਹ ਦੰਗੇ ਫਸਾਦ ਕੋਣ ਕਰਾਉਂਦਾ ਹੈ। ਸਾਡੀਆਂ ਸਰਕਾਰਾ ਜਿੰਨ੍ਹਾਂ ਪਾਸ ਮਿਲਟਰੀ ਵੀ ਹੈ, ਪੁਲਿਸ ਵੀ ਹੈ, ਉਥੇ ਵੀ ਅਤਵਾਦ ਅਤੇ ਦੰਗੇ ਹੋ ਜਾਂਦੇ ਹਨ, ਇਹ ਵੀ ਅਜੀਬ ਜਿਹੀ ਗਲ ਹੈ ਜਦ ਅਸੀਂ ਵਡੀਆਂ ਜੰਗਾ ਜਿਤ ਬੈਠੇ ਹਾਂ ਅਤੇ ਜਲਦੀ ਕੀਤਿਆ ਕੋਈ ਵੀ ਦੇਸ਼ ਸਾਡੇ ਨਾਲ ਲੜਾਈ ਕਰਨ ਦੀ ਜੁਅਰਤ ਨਹੀਂ ਕਰ ਪਾ ਰਿਹਾ। ਇਸ ਗਲ ਦਾ ਮਤਲਬ ਵੀ ਅਜ ਤਕ ਕਿਸੇ ਦੀ ਸਮਝ ਵਿੱਚ ਨਹੀਂ ਆਇਆ।
ਸਾਡੇ ਮੁਲਕ ਵਿੱਚ ਜਿਤਨੇ ਵੀ ਧਰਮ ਹਨ, ਸਾਰੇ ਹੀ ਰੱਬ ਦੀ ਗੱਲ ਕਰਦੇ ਹਨ। ਸਾਰੇ ਧਰਮਾਂ ਵਿੱਚ ਰੱਬਦੀਆਂ ਵਡਿਆਈਆਂ ਕੀਤੀਆਂ ਗਈਆਂ ਹਨ। ਸਾਰੇ ਹੀ ਧਾਰਮਿਕ ਗ੍ਰੰਥਾ ਵਿੱਚ ਰਬ ਦੀਆਂ ਦਿਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਗਿਆ ਮਿਲਦਾ ਹੈ। ਸਾਰੇ ਹੀ ਧਾਰਮਿਕ ਗ੍ਰੰਥਾ ਵਿੱਚ ਰਬੁ ਅਗੇ ਪ੍ਰਾਰਥਨਾ ਕੀਤੀ ਜਾਂਦੀ ਹੈ। ਇਥੇ ਆਕੇ ਵੀ ਕੋਈ ਵੀ ਧਰਮ ਵਖਰੀ ਗਲ ਨਹੀਂ ਆਖ ਰਿਹਾ, ਪਰ ਪਤਾ ਨਹੀਂ ਇਹ ਮਨੁਖ ਜਾਤੀ ਧਰਮਾਂ ਦੇ ਨਾਮ ਉਤੇ ਵੰਡੀ ਕਿਉਂ ਗਈ ਹੈ ਅਤੇ ਇਤਨੀ ਵੰਡੀ ਗਈ ਹੈ ਕਿ ਆਪੋ ਵਿੱਚ ਖਾਣਾ ਪੀਣਾਂ ਸਾਂਝਾ ਨਹੀਂ ਰਿਹਾ, ਵਿਆਹ ਸ਼ਾਦੀਆਂ ਨਹੀਂ ਕੀਤੀਆਂ ਜਾ ਸਕਦੀਆਂ, ਪਿਆਰ ਮੁਹਬਤਾ ਨਹੀਂ ਕੀਤੀਆਂ ਜਾ ਸਕਦੀਆਂ। ਰਬ ਦੀਆਂ ਗਲਾਂ ਇਕੋ ਥਾਂ ਬੈਠਕੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਵੀ ਦੇਖਿਆ ਗਿਆ ਹੈ ਕਿ ਇਸ ਮੁਲਕ ਵਿੱਚ ਇਹ ਧਰਮਾਂ ਦੇ ਲੋਕੀਂ ਬਸਤੀਆਂ ਵੀ ਵਖ ਵਖ ਬਣਾਕੇ ਰਹਿ ਰਹੇ ਹਨ ਅਤੇ ਜਲਦੀ ਕੀਤਿਆਂ ਦੂਜੇ ਧਰਮ ਦੇ ਲੋਕਾਂ ਵਿੱਚ ਵਿਸ਼ਵਾਸ ਵੀ ਨਹੀਂ ਕਰ ਰਹੇ। ਆਪਣੇ ਬਚਿਆਂ ਨੂੰ ਰੋਕਦੇ ਹਨ ਕਿ ਦੂਜੇ ਧਰਮਾਂ ਦੇ ਬਚਿਆਂ ਨਾਲ ਖੇਡਿਆ ਨਾ ਜਾਵੇ ਅਤੇ ਨਾ ਹੀ ਦੌਸਤੀਆਂ ਹੀ ਪਾਈਆਂ ਜਾਣ।
ਇਸ ਮੁਲਕ ਵਿੱਚ ਧਰਮਾਂ ਦੇ ਨਾਮ ਉਤੇ ਰਾਖਵੀਕਰਣਕਰਨ ਦੀਆਂ ਮੰਗਾ ਆ ਰਹੀਆਂ ਹਨ ਅਤੇ ਘਟ ਗਿਣਤੀਆਂ ਇਹ ਵੀ ਆਖੀ ਜਾ ਰਹੀਆਂ ਹਨ ਕਿ ਉਨ੍ਹਾਂ ਨਾਲ ਨਿਆ ਨਹੀਂ ਹੋ ਰਿਹਾ ਅਤੇ ਇਹ ਵੀ ਆਖ ਰਹੀਆਂ ਹਨ ਕਿ ਵਿਤਕਰਾ ਹੋ ਰਿਹਾ ਹੈ। ਇਸ ਮੁਲਕ ਵਿੱਚ ਘਟ ਗਿਣਤੀਆਂ ਲਈ ਕਮਿਸ਼ਨ ਵੀ ਬਿਠਾਣੇ ਪਏ ਹਨ ਅਤੇ ਜਦ ਚੋਣਾਂ ਹੁੰਦੀਆਂ ਹਨ ਤਾਂ ਰਾਜਸੀ ਪਾਰਟੀਆਂ ਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਇਲਾਕੇ ਵਿੱਚ ਕਿਸ ਧਰਮ ਦੇ ਲੋਕਾਂ ਦੀ ਗਿਣਤੀ ਜ਼ਿਆਦ ਹੈ ਅਤੇ ਉਸ ਹੀ ਧਰਮ ਦਾ ਉਮੀਦਵਾਰ ਲਭਣਾ ਪੈਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਲੋਕੀਂ ਆਪਣੇ ਧਰਮ ਦੇ ਉਮੀਦਵਾਰ ਨੂੰ ਹੀ ਵੋਟਾਂ ਪਾਉਂਦੇ ਹਨ।
ਅੱਜ ਮੁਲਕ ਦੀ ਆਬਾਦੀ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਘਟ ਗਿਣਤੀਆਂ ਉਤੇ ਇਹ ਸ਼ੰਕਾ ਵੀ ਕੀਤਾ ਜਾ ਰਿਹਾ ਹੈ ਕਿ ਉਹ ਆਪਣੀ ਆਬਾਦੀ ਵਧਾ ਰਹੀਆਂ ਹਨ। ਇਹ ਵੀ ਅਜੀਬ ਕਿਸਮ ਦਾ ਇਲਜ਼ਾਮ ਆ ਗਿਆ ਹੈ। ਸਾਡੇ ਇਸ ਮੁਲਕ ਵਿੱਚ ਇਹ ਜਿਹੜੇ ਚਾਰ ਪ੍ਰਮੁਖ ਧਰਮ ਹਨ, ਹਿੰਦੂ, ਸਿਖ, ਮੁਸਲਮਾਨ ਅਤੇ ਇਸਾਈ, ਇਹ ਜਲਦੀ ਕੀਤਿਆਂ ਇਸ ਮੁਲਕ ਨੂੰ ਇਕ ਰਾਸ਼ਟਰ ਬਣਨ ਨਹੀਂ ਦੇ ਰਹੇ ਅਤੇ ਇਸ ਕਰਕੇ ਇਸ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਹਮੇਸ਼ਾਂ ਹੀ ਖਤਰਾ ਬਣਿਆ ਰਹਿੰਦਾ ਹੈ। ਅਸੀਂ ਇਹ ਬਣ ਆਈਆਂ ਉਲਝਨਾ ਵਿਚੋਂ ਕਿਵੇਂ ਨਿਕਲ ਸਕਾਂਗੇ, ਇਸ ਗਲਾਂ ਸੋਚਣ ਅਤੇ ਵਿਚਾਰਨ ਵਾਲੀਆਂ ਹਨ। ਅਜ ਰਾਸ਼ਟਰ ਇਕ ਬਨਾਉਣ ਦੀ ਗਲ ਅਹਿਮ ਹੈ ਕਿਉਂਕਿ ਅਜ ਛੋਟਾ ਅਤੇ ਕਮਜ਼ੋਰ ਦੇਸ਼ ਹੋਣਾ ਵੀ ਇਕ ਲਾਅਨਤ ਹੈ। ਅਜ ਵਡਾ ਦੇਸ਼ ਹੋਣਾ ਹੀ ਨਿਆਮਤ ਹੈ ਕਿਉਂਕਿ ਅਜ ਦੁਨੀਆਂ ਭਰ ਵਿੱਚ ਵਡੇ ਅਤੇ ਤਾਕਤਵਰ ਦੇਸ਼ਾਂ ਦੀ ਸਰਦਾਰੀ ਬਣਦੀ ਜਾ ਰਹੀ ਹੈ। ਛੋਟੇ ਦੇਸ਼ਾਂ ਦਾ ਕੋਈ ਹਾਲ ਨਹੀਂ ਹੈ। ਅਤੇ ਇਹ ਜਿਹੜਾ ਧਰਮਾਂ ਦੇ ਨਾਮ ਉਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਧਿਰਾਂ ਹਨ ਇਹ ਦੇਸ਼ ਦਾ ਵਡਾ ਨੁਕਸਾਨ ਕਰ ਰਹੀਆਂ ਹਨ ਅਤੇ ਇੰਨ੍ਹਾਂ ਉਤੇ ਰੋਕ ਲਗਾਉਣਾ ਅਜ ਦੀ ਵਡੀ ਜ਼ਰੂਰਤ ਹੈ।
ਕੁਲ ਮਿਲਾਕੇ ਸਾਡੇ ਮੁਲਕ ਵਿੱਚ ਧਰਮਾਂ ਨੇ ਕਿਤਨੇ ਕੁ ਲੋਕਾਂ ਨੂੰ ਧਰਮੀ ਬਣਾਇਆ ਹੈ, ਇਹ ਵਖਰੀ ਗਲ ਹੈ ਅਤੇ ਇਸਦਾ ਅਧਿਐਨ ਵੀ ਕਰਨ ਵਾਲਾ ਹੈ। ਪਰ ਇਹ ਗਲ ਪ੍ਰਤਖ ਹੋ ਆਈ ਹੈ ਕਿ ਸਾਡੇ ਮੁਲਕ ਵਿੱਚ ਅਜ ਵੀ ਰਬ ਇਕ ਹੀ ਹੈ ਅਤੇ ਐਸਾ ਹੀ ਮੰਨਿਲਆ ਜਾ ਰਿਹਾ ਹੈ, ਪਰ ਇਹ ਧਰਮ ਸਾਡੇ ਦੇਸ਼ ਦੀ ਜੰਤਾ ਦੀਆਂ ਵੰਡੀਆਂ ਪਾ ਬੈਠੇ ਹਨ ਅਤੇ ਅਜ ਅਸੀਂ ਇਹ ਵੀ ਆਖ ਨਹੀਂ ਪਾ ਰਹੇ ਕਿ ਅਸੀਂ ਇਕ ਰਾਸ਼ਟਰ ਹਾਂ। ਇਹ ਗਲਾਂ ਮੰਦਭਾਗੀਆਂ ਹਨ ਅਤੇ ਜਦ ਰਬ ਇਕ ਮੰਨਣ ਵਾਲੇ ਲੋਕਾਂ ਨੇ ਹੀ ਵੰਡੀਆਂ ਪਾ ਦਿਤੀਆਂ ਹਨ, ਤਾਂ ਇਸ ਗਲ ਉਤੇ ਅਫਸੋਸ ਜਿਹਾ ਆ ਰਿਹਾ ਹੈ।