April 28, 2026 1:01 am

ਪੰਜਾਬ ‘ਚ ਹੜ੍ਹਾਂ ਦੀ ਫ਼ਿਰ ਮਾਰ

ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ। ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਵੱਡੀ ਗਿਣਤੀ ਵਿੱਚ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਮਕਾਨ ਅਤੇ ਦੁਕਾਨਾਂ ਵੀ ਢਹਿ ਗਈਆਂ ਹਨ। ਸਤਲੁਜ ਅਤੇ ਬਿਆਸ ਨੇੜੇ ਪੈਂਦੇ ਖੇਤਰਾਂ ਵਿੱਚ ਲੋਕਾਂ ਨੂੰ ਘਰੋਂ-ਬੇਘਰ ਹੋਣਾ ਪੈ ਰਿਹਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਧੇਰੇ ਬਰਸਾਤਾਂ ਕਾਰਨ ਪੰਜਾਬ ਵਿੱਚ ਹੜ੍ਹ ਆਏ ਹਨ। ਹਰ 5-10 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਘੱਗਰ ਅਤੇ ਹੋਰ ਬਰਸਾਤੀ ਨਾਲਿਆਂ ਨਾਲ ਤਬਾਹੀ ਤਾਂ ਹਰ ਸਾਲ ਹੁੰਦੀ ਹੈ। ਮੌਜੂਦਾ ਹੜ੍ਹ ਹਿਮਾਚਲ ਪ੍ਰਦੇਸ਼ ਵਿੱਚ ਵਧੇਰੇ ਬਰਸਾਤਾਂ ਕਾਰਨ ਆਏ ਹਨ। ਵਧੇਰੇ ਬਰਸਾਤਾਂ ਕਾਰਨ ਭਾਖੜਾ ਅਤੇ ਪੌਂਗ ਡੈਮ ਦੀਆਂ ਝੀਲਾਂ ਖ਼ਤਰੇ ਦੇ ਨਿਸ਼ਾਨ ਪਾਰ ਕਰ ਗਈਆਂ ਹਨ। ਇਸ ਕਾਰਨ ਭਾਰੀ ਮਾਤਰਾ ਵਿੱਚ ਪਾਣੀ ਛੱਡਣਾ ਪਿਆ ਹੈ। ਡੈਮਾਂ ਦੇ ਫਲੱਡ ਗੇਟ ਖੋਲ੍ਹਣ ਕਾਰਨ ਪੰਜਾਬ ਦੇ ਦੋਵੇਂ ਪ੍ਰਮੁੱਖ ਦਰਿਆਵਾਂ ਲੱਖਾਂ ਕਿਊਸਿਕ ਫੁੱਟ ਪਾਣੀ ਵੱਗ ਰਿਹਾ ਹੈ। ਪਾਣੀ ਦੀ ਵਧੇਰੇ ਮਾਤਰਾ ਕਾਰਨ ਦਰਿਆ ਦੇ ਪਾਣੀ ਨੂੰ ਰੋਕਣ ਲਈ ਬਣਾਏ ਗਏ ਬੰਨ੍ਹ ਵੀ ਟੁੱਟ ਗਏ ਹਨ ਅਤੇ ਪਾਣੀ ਨਾਲ ਲੱਗਦੇ ਖੇਤਰਾਂ ਵਿੱਚ ਵੜ ਗਿਆ ਹੈ। ਇਸ ਤਬਾਹੀ ਵਿੱਚ ਮਨੁੱਖੀ ਜਾਨਾਂ ਵੀ ਗਈਆਂ ਹਨ। ਤਬਾਹੀ ਦਾ ਇਹ ਦੌਰ ਹਾਲੇ ਜਾਰੀ ਹੈ। ਖਰਾਬੇ ਦੇ ਨੁਕਸਾਨ ਦਾ ਅਨੁਮਾਨ ਹਾਲੇ ਲਗਾਇਆ ਜਾਣਾ ਹੈ। ਵੱਡਾ ਸਵਾਲ ਤਾਂ ਇਹ ਹੈ ਕਿ ਪੰਜਾਬ ਨੂੰ ਇਸ ਤਬਾਹੀ ਦਾ ਬਾਰ-ਬਾਰ ਕਿਉਂ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆਂ ਵਿੱਚ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਦਰਿਆਵਾਂ ਜਾਂ ਬੰਨ੍ਹਾਂ ਕਾਰਨ ਹੜ੍ਹ ਆਉਂਦੇ ਹਨ। ਸਰਕਾਰ ਹਰ ਸਾਲ ਕਰੋੜਾਂ ਰੁਪਏ ਖਰਚ ਕੇ ਹੜ੍ਹਾਂ ਤੋਂ ਬਚਾਓ ਦੇ ਅਗਾਉਂ ਪ੍ਰਬੰਧ ਕਰਦੀ ਹੈ। ਇਸ ਦੇ ਬਾਵਜੂਦ ਕਦੇ ਵੀ ਇਨ੍ਹਾਂ ਪ੍ਰਬੰਧਾਂ ਦਾ ਲਾਭ ਨਹੀਂ ਮਿਲਿਆ। 73 ਸਾਲਾਂ ਤੋਂ ਹੜ੍ਹ ਰੋਕੂ ਪ੍ਰਬੰਧਾਂ ‘ਤੇ ਖਰਚੇ ਗਏ ਪੈਸੇ ਕੁੱਲ ਪੈਸੇ ਦਾ ਜੋੜ ਲਗਾਇਆ ਜਾਵੇ ਤਾਂ ਬਹੁਤ ਵੱਡੀ ਰਕਮ ਬਣਦੀ ਹੈ। ਇਸ ਵਿੱਚੋਂ ਵੱਡੀ ਰਕਮ ਅਫਸਰਾਂ ਅਤੇ ਨੇਤਾਵਾਂ ਵਿੱਚ ਗਈ ਹੈ। ਹੜ੍ਹ ਰੋਕੂ ਪ੍ਰਬੰਧ ਨਜਾਇਜ਼ ਕਮਾਈ ਦਾ ਵੱਡਾ ਸਾਧਨ ਹਨ। ਇਸ ਦੀ ਕਦੇ ਕਿਸੇ ਨੇ ਪੜਤਾਲ ਦੀ ਮੰਗ ਨਹੀਂ ਕੀਤੀ। ਜੇਕਰ ਸਰਕਾਰ ਇਮਾਨਦਾਰੀ ਨਾਲ ਪ੍ਰਬੰਧ ਕਰਦੀ ਤਾਂ ਹੁਣ ਤੱਕ ਹੜ੍ਹਾਂ ਨੂੰ ਰੋਕਣ ਲਈ ਪੱਕੇ ਇਤਜ਼ਾਮ ਕੀਤੇ ਜਾ ਸਕਦੇ ਸਨ। ਇਹ ਸਾਰੀ ਤਰਾਸਦੀ ਹੈ ਕਿ ਹੜ੍ਹਾਂ ਵਰਗੀਆਂ ਕੁਦਰਤੀ ਆਫਤਾਂ ਲਈ ਅਸੀਂ ਕਦੇ ਵੀ ਸਰਕਾਰਾਂ ਨੂੰ ਜ਼ਿੰਮੇਵਾਰ ਨਹੀਂ ਮੰਨਦੇ। ਦੁਨੀਆਂ ਦੇ ਵਿਕਸਤ ਦੇਸ਼ ਦਰਿਆਵਾਂ ਅਤੇ ਨਹਿਰਾਂ ‘ਤੇ ਟੂਰਿਜ਼ਮ ਰਾਹੀਂ ਕਮਾਈ ਕਰ ਰਹੇ ਹਨ। ਅਸੀਂ ਦਰਿਆਵਾਂ ਕਾਰਨ ਡੁੱਬ ਰਹੇ ਹਾਂ। ਹਾਲੇ ਵੀ ਵੇਲਾ ਹੈ ਕਿ ਦਰਿਆਵਾਂ ਅਤੇ ਡੈਮਾਂ ਸਬੰਧੀ ਮੁੜ ਤੋਂ ਪੱਕੀ ਨੀਤੀ ਤਿਆਰ ਕੀਤੀ ਜਾਵੇ, ਤਾਂ ਜੋ ਹੜ੍ਹਾਂ ਵਰਗੇ ਪ੍ਰਕੋਪ ਤੋਂ ਬੱਚਿਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend