ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਤੇ ਅਸੀਂ ਆਪਣੇ ਆਪ ਨੂੰ ਆਜ਼ਾਦ ਖਿਆਲੀ ਅਤੇ ਆਜ਼ਾਦ ਹੋਏ ਮਹਿਸੂਸ ਕਰਦੇ ਹਾਂ? ਇਸ ਮਹਾਨ ਦੇਸ਼ ਦੀ ਪ੍ਰੰਪਰਾਗਤ ਸੰਸਕ੍ਰਿਤੀ ਅਤੇ ਸੱਭਿਆਚਾਰਕ ਵਿਲੱਖਣਤਾਵਾਂ ਸਦਕਾ ਅਸੀਂ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਏ ਹਾਂ ਪਰ ਇੱਥੇ ਮਸਲਾ ਇਹ ਪੈਦਾ ਹੁੰਦਾ ਹੈ ਕਿ ਇਹ ਮਹਾਨ ਦੇਸ਼ ਜਿੱਥੇ ਵਿਸ਼ਵ ਵਿੱਚ ਆਪਣੀ ਹੋਂਦ ਨੂੰ ਸਥਾਪਤ ਕਰ ਰਿਹਾ ਹੈ ਉੱਥੇ ਹੀ ਦੇਸ਼ ਵਿੱਚ ਜੀਵਨ ਬਸਰ ਕਰ ਰਹੇ ਉਨ੍ਹਾਂ ਨਾਗਰਿਕਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਦਾ ਪੱਧਰ ਏਨਾ ਉੱਚਾ ਹੈ? ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਕੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਣ। ਸਰਕਾਰਾਂ ਦਾ ਕੰਮ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਨਾਲ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣਾ, ਪਹਿਲਕਦਮੀ ਹੁੰਦਾ ਹੈ ਪਰ ਅੱਜ ਆਜ਼ਾਦੀ ਦੇ ਏਨੇ ਵਰ੍ਹੇ ਬੀਤ ਜਾਣ ਉਪਰੰਤ ਵੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੋਕਾਂ ਨੂੰ ਤਿੰਨ ਟਾਈਮ ਦੀ ਰੋਟੀ ਨਹੀਂ ਮਿਲ ਰਹੀ, ਚੰਗੀਆਂ ਸਿਹਤ ਅਤੇ ਹੋਰ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਅਸੀਂ ਦੂਜੇ ਪਾਸੇ ਦੇਸ਼ ਨੂੰ ਡਿਜੀਟਲ ਤਕਨੀਕ ਦੇ ਸਹਾਰੇ ਨਾਲ ਵਿਸ਼ਵ ਪੱਧਰੀ ਮਾਪਦੰਡਾਂ ਉੱਪਰ ਲੈ ਕੇ ਜਾਣ ਦੀ ਗੱਲ ਕਰ ਰਹੇ ਹਾਂ। ਕੀ ਦੇਸ਼ ਦੀ ਪ੍ਰਾਥਮਿਕਤਾ ਸਭ ਤੋਂ ਪਹਿਲਾਂ ਆਉਂਦੇ ਨਾਗਰਿਕਾਂ ਦੀ ਖ਼ੁਸ਼ੀ ਨਹੀਂ ਹੋਣੀ ਚਾਹੀਦੀ? ਸਾਨੂੰ ਇਸ ਮਸਲੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਦੇਸ਼ ਨੇ ਵਿਕਾਸ ਕੀਤਾ ਹੈ ਅਸੀਂ ਇਸ ਗੱਲ ਤੋਂ ਨਹੀਂ ਭੱਜ ਸਕਦੇ ਪਰ ਕੀ ਇਸ ਵਿਕਾਸ ਦੇ ਬਦਲੇ ਦੇਸ਼ ਦੇ ਲੋਕਾਂ ਨੂੰ ਹੀ ਆਪਣੀ ਬਲੀ ਦੇਣੀ ਪਵੇਗੀ। ਲੋਕ ਆਪਣੀ ਜਿੰਦਗੀ ਜਿਉਣ ਅਤੇ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਵੱਡੀ ਮੁਸ਼ੱਕਤ ਕਰਦੇ ਨਜ਼ਰ ਆ ਰਹੇ ਹਨ ਜੇਕਰ ਅਸੀਂ ਗੱਲ ਦੇਸ਼ ਦੀਆਂ ਸੜਕਾਂ ਦੀ ਕਰੀਏ ਤਾਂ ਜ਼ਰੂਰ ਸਾਨੂੰ ਜੋ ਤਸਵੀਰ ਸਾਹਮਣੇ ਦਿਸਦੀ ਹੈ ਉਹ ਤਸੱਲੀ ਪੂਰਨ ਹੈ ਪਰ ਇਨ੍ਹਾਂ ਸੜਕਾਂ ਦੇ ਰੱਖ ਰਖਾਵ ਲਈ ਜਿਹੜਾ ਖਰਚਾ ਨਾਗਰਿਕਾਂ ਦੇ ਸਿਰ ਤੇ ਟੋਲ ਟੈਕਸ ਰਾਹੀਂ ਪਾਇਆ ਜਾ ਰਿਹਾ ਹੈ ਲੋਕ ਕਿੰਨਾ ਚਿਰ ਉਸ ਨੂੰ ਚੱਲਣਗੇ ਇਹ ਮਸਲਾ ਵੀ ਸੋਚਣ ਲਈ ਮਜਬੂਰ ਕਰਦਾ ਹੈ । ਸੜਕਾਂ ਉੱਪਰ ਹੋ ਰਹੇ ਹਾਦਸਿਆਂ ਵਿੱਚ ਜਿੰਨੇ ਹੀ ਵਹੀਕਲ ਜ਼ਿੰਮੇਵਾਰ ਹਨ ਉਹਨਾਂ ਹੀ ਸਾਡਾ ਤਾਣਾ ਬਾਣਾ ਤੇ ਸਿਸਟਮ ਵੀ ਜ਼ਿੰਮੇਵਾਰ ਹੈ ਅਸੀਂ ਆਪਣੀਆਂ ਸੜਕਾਂ ਉੱਤੇ ਸਪੀਡ ਤਾਂ ਬਣਾ ਲਈ ਹੈ ਪਰ ਉਸ ਸਪੀਡ ਦੇ ਸਾਹਮਣੇ ਕਿਹੜੀ ਰੁਕਾਵਟ ਕਦੋਂ ਆ ਜਾਵੇ ਅਸੀਂ ਉਸ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਸੜਕਾਂ ਉੱਪਰ ਜੰਗਲੀ ਜੀਵਾਂ ਅਤੇ ਜਾਨਵਰਾਂ ਨਾਲ ਹੋ ਰਹੇ ਭਿਆਨਕ ਹਾਦਸਿਆਂ ਪਿੱਛੇ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ।
ਦੇਸ਼ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਹੈ ਪਰ ਉਹ ਨੌਜਵਾਨ ਪੜ੍ਹ ਲਿਖ ਕੇ ਬੇਰੁਜ਼ਗਾਰ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੂੰ ਆਪਣੀ ਪਸੰਦ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਜਿਸ ਦਾ ਕਾਰਨ ਉਹ ਨਸ਼ਿਆਂ ਵੱਲ ਅਤੇ ਬੇਚੈਨੀ ਵੱਲ ਵਧ ਰਹੇ ਹਨ ਕੀ ਇਨ੍ਹਾਂ ਨੌਜਵਾਨਾਂ ਬਾਰੇ ਸੋਚਣਾ ਸਰਕਾਰਾਂ ਦੀ ਪਹਿਲ ਕਦਮੀ ਨਹੀਂ ਹੈ ? ਦੇਸ਼ ਦੇ ਉੱਤਰੀ ਖਿੱਤੇ ਖ਼ਾਸ ਕਰ ਪੰਜਾਬ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਹਰੇਕ ਸਾਲ ਪਰਵਾਸ ਕਰ ਰਹੇ ਹਨ। ਕੀ ਇਹ ਸੋਚਣਾ ਜ਼ਰੂਰੀ ਨਹੀਂ ਹੋਵੇਗਾ ਕਿ ਹਰੀ ਕ੍ਰਾਂਤੀ ਦੇ ਰੂਪ ਵਿੱਚ ਇਸ ਖਿੱਤੇ ਨੇ ਦੇਸ਼ ਦਾ ਢਿੱਡ ਭਰਿਆ ਅਤੇ ਦੇਸ਼ ਨੂੰ ਅਨਾਜ ਜਾਂ ਖਾਦ ਪਦਾਰਥਾਂ ਦੇ ਪੱਖ ਤੋਂ ਇੱਕ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਸੀ ਜਿਸ ਦੇ ਵਸਨੀਕ ਅੱਜ ਇਸ ਖਿੱਤੇ ਨੂੰ ਕਿਉਂ ਛੱਡ ਰਹੇ ਹਨ ?
ਗਲੋਬਲ ਵਾਰਮਿੰਗ ਸਦਕਾ ਅੱਜ ਦੇਸ਼ ਦੇ ਬਹੁਤ ਸਾਰੇ ਹਿੱਸੇ ਜਿਨ੍ਹਾਂ ਵਿੱਚ ਜੀਵਨ ਜਿਊਣਾ ਕਠਨ ਹੋ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦੇ ਦਿਨ ਬ ਦਿਨ ਨੀਚੇ ਜਾ ਰਿਹਾ ਹੈ? ਲੋਕਾਂ ਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਭਿਅੰਕਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਵੱਡਾ ਕਾਰਨ ਗੰਧਲਾ ਹੋ ਰਿਹਾ ਵਾਤਾਵਰਨ ਅਤੇ ਪੀਣ ਯੋਗ ਪਾਣੀ ਦਾ ਨਾ ਹੋਣਾ ਹੈ। ਕੀ ਸਰਕਾਰਾਂ ਦੀ ਪਹਿਲਕਦਮੀ ਇਸ ਗੱਲ ਵੱਲ ਨਹੀਂ ਹੈ ਕੇ ਲੋਕਾਂ ਨੂੰ ਇੱਕ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਇਆ ਜਾਵੇ ? ਸਾਡੀਆਂ ਫੌਜਾਂ ਜੋ ਕਿ ਸਾਨੂੰ ਗੁਆਂਢੀ ਦੇਸ਼ਾਂ ਤੋਂ ਸੁਰੱਖਿਅਤ ਕਰਦੀਆਂ ਹਨ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਦੀਆਂ ਹੋਈਆਂ ਇਹ ਯਕੀਨੀ ਬਣਾ ਸਕਦੀਆਂ ਹਨ ਕਿ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਮਾਹੌਲ ਵਿੱਚ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ। ਪੁਲਸ ਦਾ ਪਹਿਲਾ ਕੰਮ ਲੋਕਾਂ ਦੇ ਜਾਨ ਅਤੇ ਮਾਲ ਦੀ ਰਾਖੀ ਕਰਨਾ ਹੁੰਦਾ ਹੈ ਅੱਜ ਪੁਲਸ ਅਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਅੰਤਰ ਪੈ ਚੁੱਕਾ ਹੈ ਲੋਕ ਪੁਲਿਸ ਨਾਲ ਗੱਲ ਕਰਨ ਤੋਂ ਡਰਦੇ ਹਨ। ਕੀ ਇਸ ਤਰ੍ਹਾਂ ਦੇ ਮਾਹੌਲ ਵਿੱਚ ਦੇਸ਼ ਦੇ ਨਾਗਰਿਕ ਆਪਣੇ ਆਪ ਦੀ ਬੇਚੈਨੀ ਨੂੰ ਘੱਟ ਕਰ ਸਕਦੇ ਹਨ? ਲੋਕਾਂ ਨੂੰ ਆਪਣੇ ਨਿੱਜੀ ਕੰਮਾਂ ਲਈ ਕੋਰਟ ਕਚਹਿਰੀਆਂ ਵਿੱਚ ਸਮੇਂ ਸਮੇਂ ਤੇ ਪੁਲਸ ਦੀ ਬੇਰੁਖ਼ੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੀ ਸਰਕਾਰਾਂ ਦੀ ਤਵੱਜੋਂ ਇਸ ਗੱਲ ਵੱਲ ਨਹੀਂ ਹੈ ਕਿ ਉਨ੍ਹਾਂ ਦੇ ਨਾਗਰਿਕ ਸਮਾਜਿਕ ਤੌਰ ਤੇ ਸੁਰੱਖਿਅਤ ਮਹਿਸੂਸ ਕਰਨ? ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਾਪਰਦੀਆਂ ਘਟਨਾਵਾਂ ਨੇ ਲੋਕਾਂ ਦੇ ਮਨ ਨੂੰ ਭੈਅ ਭੀਤ ਕਰ ਦਿੱਤਾ ਹੈ ਲੋਕ ਡਰੇ ਡਰੇ ਮਹਿਸੂਸ ਕਰ ਰਹੇ ਹਨ।
ਆਜ਼ਾਦੀ ਦਿਹਾੜੇ ਨੂੰ ਯਾਦ ਕਰਦਿਆਂ ਇਸ ਦੇਸ਼ ਦਾ ਇੱਕ ਸੱਚਾ ਨਾਗਰਿਕ ਹੋਣ ਦੇ ਨਾਤੇ ਮੈਂ ਉਨ੍ਹਾਂ ਲੋਕ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜੋ ਲੋਕਾਂ ਲਈ ਬਹੁਤ ਅਹਿਮ ਹਨ ਸਾਨੂੰ ਸਭ ਤੋਂ ਪਹਿਲਾਂ ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਨਾਗਰਿਕ ਆਪਣੇ ਇਸ ਆਜ਼ਾਦ ਦੇਸ਼ ਵਿੱਚ ਆਜ਼ਾਦ ਸੋਚ ਨਾਲ ਰਹਿ ਸਕਣ ਅਤੇ ਇਸ ਮਹਾਨ ਦੇਸ਼ ਦੇ ਵਿਕਾਸ ਲਈ ਆਪਣਾ ਯੋਗਦਾਨ ਪਾ ਸਕਣ ।