April 25, 2026 12:35 pm

ਬੱਚਿਆਂ ਨਾਲ ਘਰੇ ਮਾਤ-ਭਾਸ਼ਾ ਹੀ ਬੋਲੀ ਜਾਵੇ

ਪੰਜਾਬੀ ਮਾਂ-ਬੋਲੀ ਦੇ ਗੁਆਚ ਰਹੇ ਰੁਤਬੇ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਬਹੁਤ ਜ਼ਰੂਰੀ ਹੈ,ਕਿਉਂਕਿ ਜੇਕਰ ਅਸੀਂ ਆਪਣੀ ਮਾਂ ਬੋਲੀ,ਆਪਣੀ ਮਾਤ-ਭਾਸ਼ਾ ਹੀ ਭੁੱਲ ਗਏ ਤਾਂ ਹੌਲੀ-ਹੌਲੀ ਹੋ ਸਕਦਾ ਆਉਣ ਵਾਲੀਆਂ ਸਦੀਆਂ ਦੇ ਵਿੱਚ ਸਾਡੀ ਇਹ ਮਾਤ ਭਾਸ਼ਾ ਖ਼ਤਮ ਹੋ ਜਾਵੇ, ਬੱਚਿਆਂ ਨਾਲ ਘਰ ਵਿਖੇ ਮਾਤ-ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਕਈ ਸਕੂਲ ਵਾਲਿਆਂ ਦੇ ਕਹਿਣ ਤੇ ਜਾਂ ਆਪਣੇ ਬੱਚਿਆਂ ਦੀ ਅੰਗਰੇਜ਼ੀ ਵਧੀਆ ਬਣਾਉਣ ਲਈ ਕਈ ਲੋਕ ਘਰੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੱਲਬਾਤ ਕਰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਮਾਂ-ਬੋਲੀ ਪੰਜਾਬੀ ਦੇ ਗੁਆਚ ਰਹੇ ਰੁਤਬੇ ਦੀ ਮੁੜ ਬਹਾਲੀ ਲਈ ਜੇਕਰ ਸ਼੍ਰੋਮਣੀ ਪ੍ਰਬੰਧਕ ਕਮੇਟੀ,ਸਰਕਾਰਾਂ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਰਲ ਕੇ ਸਾਂਝੇ ਉੱਦਮ ਨਾ ਕੀਤੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਮਾਤ-ਭਾਸ਼ਾ ਤੋਂ ਵਾਂਝੀਆਂ ਹੋ ਸਕਦੀਆਂ ਹਨ। ਦੁਨੀਆਂ ਦੇ 196 ਮੁਲਕਾਂ ਵਿੱਚ 7097 ਭਾਸ਼ਾਵਾਂ ਬੋਲੀਆਂ ਜਾ ਰਹੀਆਂ ਹਨ,ਇਨ੍ਹਾਂ ਵਿੱਚੋਂ ਹਰ 14 ਦਿਨਾਂ ਮਗਰੋਂ ਇੱਕ ਭਾਸ਼ਾ ਖ਼ਤਮ ਹੋ ਰਹੀ ਹੈ, ਭਾਵ ਹਰ ਸਾਲ 25 ਭਾਸ਼ਾਵਾਂ ਮਰ ਜਾਂਦੀਆਂ ਹਨ।ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜਿਸ ਭਾਸ਼ਾ ਦੇ ਲੋਕ ਘਰਾਂ ਵਿੱਚ ਮਾਤ ਭਾਸ਼ਾ ਨਹੀਂ ਬੋਲਦੇ ਅਤੇ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਂਦੇ, ਉਹ ਭਾਸ਼ਾ ਹੌਲੀ-ਹੌਲੀ ਮਰ ਜਾਂਦੀ ਹੈ।ਸਰਕਾਰ ਨੇ ਭਾਵੇਂ ਆਪਣੇ ਵੱਲੋਂ ਸਾਰੇ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਲਈ ਕਾਨੂੰਨ ਬਣਾਏ ਹੋਏ ਹਨ, ਪਰ ਫਿਰ ਵੀ ਸਰਕਾਰੀ ਦਫ਼ਤਰਾਂ ਵਿੱਚ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਖਤੀ ਵਰਤਨੀ ਚਾਹੀਦੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਡੇ ਅਜੋਕੇ ਪੰਜਾਬੀ ਗਾਇਕਾਂ ਵੱਲੋਂ ਵੀ ਨੌਜਵਾਨ ਪੀੜ੍ਹੀ ਨੂੰ ਮਾਤ-ਭਾਸ਼ਾ ਪੰਜਾਬੀ ਤੋਂ ਦੂਰ ਕਰਨ ਵਿੱਚ ਰੋਲ ਨਿਭਾਇਆ ਜਾ ਰਿਹਾ ਹੈ। ਅੱਜਕੱਲ੍ਹ ਦੇ ਬਹੁਤ ਸਾਰੇ ਗਾਇਕਾਂ ਵੱਲੋਂ ਆਪਣੇ ਗੀਤਾਂ ਵਿੱਚ ਅੰਗਰੇਜ਼ੀ ਦੇ ਸ਼ਬਦ ਬੋਲੇ ਜਾਂਦੇ ਹਨ। ਜਿਵੇਂ ਵੀਕ, ਵੀਕਐਂਡ, ਡਿਫਾਲਟਰ, ਫਲਾਈ, ਇੰਟਰਸਟ, ਫਰੈਂਡ, ਫਿੱਟ, ਗੈਂਗ, ਡ੍ਰੀਮ,ਗੁੱਡ-ਲੱਕ,ਵੈਪਨ (ਹਥਿਆਰ), ਹੌਬੀ,ਗੇਮ, ਬੁਟੀਕ, ਡ੍ਰੀਮ, ਕਲਿੱਪ, ਇੰਮਪ੍ਰੈੱਸ ਆਦਿ ਅੰਗਰੇਜ਼ੀ ਦੇ ਸ਼ਬਦ ਅਕਸਰ ਹੀ ਕਈ ਗੀਤਾਂ ‘ਚ ਸੁਣਨ ਨੂੰ ਮਿਲਦੇ ਹਨ। ਪਰ “ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ“ ਦੀ ਕਹਾਵਤ ਅਨੁਸਾਰ ਸਾਰੇ ਅਜੋਕੇ ਗਾਇਕ ਅਜਿਹਾ ਨਹੀਂ ਕਰਦੇ।ਅੱਜ ਦੇ ਗਾਇਕਾਂ ਵਿੱਚੋਂ ਸਤਿੰਦਰ ਸਰਤਾਜ, ਹਰਭਜਨ ਮਾਨ, ਵਾਰਿਸ ਭਰਾ ਆਦਿ ਤੋਂ ਇਲਾਵਾ ਹੋਰ ਵੀ ਕਈ ਹਨ, ਜੋ ਨਾ ਕਿ ਮਾਤ-ਭਾਸ਼ਾ ਦਾ ਮੁਹਾਂਦਰਾ ਵਿਗਾੜ ਰਹੇ ਹਨ, ਸਗੋਂ ਮਾਤ-ਭਾਸ਼ਾ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਹੈ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ “ਗੁਰਮੁਖੀ ਦਾ ਬੇਟਾ“, ਜਿਸ ਵਿੱਚ ਸਰਤਾਜ ਵੱਲੋਂ ਸਾਡੀ ਮਾਂ-ਬੋਲੀ ‘ਗੁਰਮੁਖੀ’ ਦੀ ਸਾਨੂੰ ਬਹੁਤ ਵੱਡੀ ਦੇਣ ਬਾਰੇ ਦਰਸਾਇਆ ਗਿਆ ਹੈ। ਸੋ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਨਾਅਰਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ “ਮਾਂ ਬੋਲੀ ਜੇ ਭੁੱਲ ਜਾਵਾਂਗੇ, ਕੱਖਾਂ ਵਾਂਗੂੰ ਰੁਲ ਜਾਵਾਂਗੇ।”

Send this to a friend