April 27, 2026 3:54 am

ਪਿੰਡ ਰਾਏਧਰਾਣਾ ਦੇ ਇਰਦ-ਗਿਰਦ ਦੁਸ਼ਮਣਾਂ ਵਾਂਗ ਘੁੰਮ ਰਹੇ ਨੇ ਖੂੰਖਾਰ ਅਵਾਰਾ ਕੁੱਤੇ

ਲਹਿਰਾਗਾਗਾ- ਹਰ ਦਿਨ ਅਖ਼ਬਾਰ ਦੇ ਪੰਨਿਆਂ ‘ਤੇ ਵੱਖ ਵੱਖ ਥਾਵਾਂ ਤੇ ਅਵਾਰਾ ਕੁੱਤਿਆਂ ਦੁਆਰਾ ਬੱਚੇ ਨੂੰ ਜਾਂ ਵੱਡੇ ਨੂੰ ਕੱਟ ਲਿਆ ਜਾਂ ਬੋਟੀ ਬੋਟੀ ਕਰਕੇ ਖਾ ਗਏ ਆਦਿ ਦਿਲ ਨੂੰ ਹਲੂਣਾ ਦੇਣ ਵਾਲੀਆਂ ਘਟਨਾ ਵਾਪਰਨ ਦੀਆਂ ਖਬਰਾਂ ਪੜਨ ਸੁਣਨ ਨੂੰ ਮਿਲਦੀਆਂ ਹਨ, ਪਰ ਇਹਨਾਂ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਸਰਕਾਰ ਦੁਆਰਾ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਜਾ ਰਿਹਾ , ਜਿਸ ਕਾਰਨ ਦਿਨੋਂ ਦਿਨ ਇਨਾਂ ਅਵਾਰਾ ਖੂੰਖਾਰ ਕੁੱਤਿਆਂ ਦੀ ਗਿਣਤੀ ‘ਚ ਬੇਅੱਥਾਹ ਵਾਧਾ ਹੋ ਰਿਹਾ ਜੋ ਸਾਡੇ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਅੱਜ ਹਰ ਪਿੰਡ ‘ਚ, ਹਰ ਕਸਬੇ ‘ਚ , ਹਰ ਗਲੀ ਤੇ ਹਰ ਮਹੱਲੇ ਦੇ ਮੋੜ ਤੇ ਇਨਾਂ ਅਵਾਰਾ ਖੂੰਖਾਰ ਕੁੱਤਿਆਂ ਦੀ ਭਰਮਾਰ ਦੇਖ਼ਣ ਨੂੰ ਮਿਲਦੀ ਹੈ ਤੇ ਇਹ ਦਰਜ਼ਨਾਂ ਦੀ ਤਾਦਾਦ ਵਿੱਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਅਤੇ ਇਨਾਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ । ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਰਾਏਧਰਾਣਾ ਦੇ ਲੋਕਾਂ ਦੇ ਮਨਾਂ ਅੰਦਰ ਵੀ ਪਿਛਲੇ ਸਮੇਂ ਤੋਂ ਇਨ੍ਹਾਂ ਅਵਾਰਾ ਖੂੰਖਾਰ ਕੁੱਤਿਆਂ ਕਰਕੇ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ,ਕਿਉਂਕਿ ਇਹ ਖੂੰਖਾਰ ਕੁੱਤੇ ਕੁਝ ਮਹੀਨੇ ਪਹਿਲਾਂ ਤੰਦਰੁਸਤ ਫਿਰਦੀਆਂ 4 ਗਊਆਂ ,ਇੱਕ ਰੋਜ਼ ਨੂੰ ਆਪਣਾ ਸ਼ਿਕਾਰ ਬਣਾ ਕੇ ਨੋਚ ਨੋਚ ਕੇ ਖਾ ਚੁੱਕੇ ਹਨ ਅਤੇ ਕਈ ਵਿਅਕਤੀਆਂ ਨੂੰ ਕੱਟ ਚੁੱਕੇ ਹਨ ਅਤੇ ਹੁਣ ਫਿਰ ਪਿਛਲੇ ਦਿਨੀਂ ਅਬਾਦੀ ਵਾਲੇ ਇਲਾਕੇ ਇੱਕ ਰੋਜ ਦੇ ਬੱਚੇ ਅਤੇ ਗਾਂ ਦੇ ਬੱਛੇ ਨੂੰ ਨੋਚ ਨੋਚ ਕੇ ਮਾਰ ਚੁੱਕੇ ਹਨ । ਇਸ ਸੰਬੰਧੀ ਗੱਲਬਾਤ ਕਰਦਿਆਂ ਰਾਏਧਰਾਣਾ ਦੇ ਸਰਪੰਚ ਭਰਵਿੰਦਰ ਸਿੰਘ ਰਾਜੂ ਅਤੇ ਡੇਰਾ ਰਾਏਧਰਾਣਾ ਦੇ ਸਰਪੰਚ ਗੁਰਦੀਪ ਸਿੰਘ ਕਲੇਰ ਨੇ ਦੱਸਿਆ ਕਿ ਪਿੰਡ ਵਿੱਚ ਅਤੇ ਪਿੰਡੋਂ ਬਾਹਰ ਖੇਤਾਂ ਵਿੱਚ ਘੁੰਮਦੇ ਅਣਗਿਣਤ ਖੂੰਖਾਰ ਕੁੱਤਿਆਂ ਕਰਕੇ ਲੋਕਾਂ ਦੇ ਮਨ ਅੰਦਰ ਡਰ ਅਤੇ ਸਹਿਮ ਵਾਲਾ ਮਾਹੌਲ ਹੈ । ਅਖਬਾਰਾਂ ਵਿੱਚ ਖੂੰਖਾਰ ਕੁੱਤਿਆਂ ਦੁਆਰਾ ਬੱਚਿਆਂ ਨੂੰ ਨੋਚ ਨੋਚ ਕੇ ਖਾਣ ਦੀਆਂ ਖਬਰਾਂ ਵੇਖ ਕੇ ਪਿੰਡ ਦੇ ਲੋਕਾਂ ਅੰਦਰ ਵੀ ਡਰ ਅਤੇ ਸਹਿਮ ਵਾਲਾ ਮਾਹੌਲ ਹੈ ਅਤੇ ਕਿਸਾਨਾਂ ਦੀ ਖੇਤਾਂ ਵਿੱਚ ਰਾਤ ਸਮੇਂ ਅਵਾਰਾ ਪਸ਼ੂਆਂ ਦੀ ਰਾਖੀ ਕਰਨ ਅਤੇ ਫਸਲਾਂ ਨੂੰ ਪਾਣੀ ਲਾਉਣ ਜਾਣਾ ਇਸ ਡਰ ਵਾਲੇ ਮਾਹੌਲ ਵਿੱਚ ਮਜਬੂਰੀ ਬਣੀ ਹੋਈ ਹੈ । ਪ੍ਰੰਤੂ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਕਾਨੂੰਨ ਬਣਾ ਕੇ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਪਾਬੰਦੀ ਲਗਾਈ ਹੋਈ ਹੈ । ਪਰ ਅੱਜ ਅਤੇ ਉਸ ਸਮੇਂ ਦੀ ਸਥਿਤੀ ਵਿੱਚ ਬਹੁਤ ਫ਼ਰਕ ਪੈ ਚੁੱਕਿਆ ਹੈ । ਅੱਜ ਆਵਾਰਾ ਕੁੱਤਿਆਂ ਨੂੰ ਨਾ ਮਾਰਨ ਕਰਕੇ ਉਨ੍ਹਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਚੁੱਕਿਆ ਹੈ । ਆਵਾਰਾ ਕੁੱਤੇ ਮਨੁੱਖ ਦੇ ਇਰਦ ਗਿਰਦ ਦੁਸ਼ਮਣਾਂ ਵਾਂਗ ਘੁੰਮ ਰਹੇ ਹਨ । ਇਨ੍ਹਾਂ ਕੁੱਤਿਆਂ ਕਰਕੇ ਹਰ ਕਿਸੇ ਦੇ ਮਨ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ ਕਿਉਂਕਿ ਪੰਜਾਬ ਅੰਦਰ ਆਏ ਦਿਨ ਹੀ ਮਨੁੱਖਾਂ, ਪਸ਼ੂਆਂ ਅਤੇ ਸਕੂਲ ਜਾਂਦੇ ਜਾਂ ਖੇਡਦੇ ਛੋਟੇ ਬੱਚਿਆਂ ਨੂੰ ਇਹਨਾਂ ਖੂੰਖਾਰ ਕੁੱਤਿਆਂ ਵੱਲੋਂ ਜਾਨਲੇਵਾ ਹਮਲਾ ਕਰਨ ਜਾਂ ਨੋਚ-ਨੋਚ ਕੇ ਖਾਣ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ । ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਮਨੁੱਖ ਨਾਲੋਂ ਕੁੱਤਿਆਂ ਨੂੰ ਬਚਾਉਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ । ਹਰ ਸਾਲ ਜਿਥੇ ਇਨਾਂ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਰਿਹਾ, ਉਥੇ ਹੀ ਇਨਾਂ ਦੁਆਰਾ ਕੱਟਣ-ਵੱਢਣ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਹਨ,ਜਿਨ੍ਹਾਂ ਹਾਲਾਤਾਂ ਸਥਿਤੀਆਂ ਨੂੰ ਵੇਖਦੇ ਹੋਏ ਕਾਨੂੰਨ ਬਣਾਏ ਜਾਂਦੇ ਹਨ ਤਾਂ ਸਥਿਤੀਆਂ ਦੇ ਬਦਲਣ ਨਾਲ ਕਾਨੂੰਨ ਵਿੱਚ ਵੀ ਸੋਧ ਕੀਤੀ ਜਾਣੀ ਚਾਹੀਦੀ ਹੈ । ਇਨ੍ਹਾਂ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਲੋਕਾਂ ਚ ਦਹਿਸ਼ਤ ਅਤੇ ਚਿੰਤਾ ਪਾਈ ਜਾ ਰਹੀ ਹੈ ਸੋ ਸਰਕਾਰ ਅਤੇ ਪ੍ਰਸ਼ਾਸਨ ਇਸ ਦਾ ਕੋਈ ਉੱਚਿਤ ਹੱਲ ਕਰੇ । ਇਸ ਮੌਕੇ ਕੁਲਦੀਪ ਸ਼ਰਮਾ, ਭਗਵਾਨ ਸਿੰਘ ਮਿੱਠੂ, ਦੀਪ ਸਿੰਘ, ਮੱਘਰ ਸਿੰਘ, ਸਤਿਗੁਰ ਸਿੰਘ ਸਾਤਾ,ਤਿਰਲੋਕ ਸਿੰਘ, ਅਜੀਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ ਕਲੇਰ, ਾਂ ਪਰਗਟ ਸਿੰਘ ਕਲੇਰ, ਸੋਹਣ ਗਿਰ ਮਹੰਤ, ਕੇਵਲ ਸਿੰਘ ਆਦਿ ਹਾਜ਼ਰ ਸਨ ।
– ਜਤਿੰਦਰ ਜਲੂਰ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend