ਕਾਂਗਰਸ ਦੀ ਪ੍ਰਧਾਨਗੀ ਦੇ ਮੁੱਦੇ ਉੱਪਰ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦੋਚਿਤੀ ਦਾ ਸ਼ਿਕਾਰ ਹੈ। ਸ਼੍ਰੀ ਰਾਹੁਲ ਗਾਂਧੀ ਦੇ ਅਸਤੀਫਾ ਦੇਣ ਦੇ ਕਈ ਮਹੀਨਿਆਂ ਬਾਅਦ ਵੀ ਉਨ੍ਹਾਂ ਦੀ ਥਾਂ ਨਵੇਂ ਪ੍ਰਧਾਨ ਦੀ ਚੋਣ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਾਪਣੇ ਸਿਆਸੀ ਰਾਹ ‘ਤੇ ਭਟਕ ਰਹੀ ਹੈ। ਬੀਤੇ ਕੱਲ੍ਹ ਕਾਂਗਰਸ ਵਰਕਰ ਕਮੇਟੀ ਦੀ ਕਈ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਵੀ ਕੋਈ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ। ਉਂਝ ਇਹ ਚੰਗੀ ਗੱਲ ਹੈ ਕਿ ਪਾਰਟੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਅੰਤਿਮ ਪ੍ਰਧਾਨ ਥਾਪ ਦਿੱਤਾ ਹੈ। ਉਹ ਪਹਿਲਾਂ ਵੀ ਲੰਬਾ ਸਮਾਂ ਕਾਂਗਰਸ ਦੀ ਪ੍ਰਧਾਨਗੀ ਵਜੋਂ ਸੇਵਾ ਕਰ ਚੁੱਕੇ ਹਨ। ਉਨ੍ਹਾਂ ਦੀ ਕਾਰਗੁਜਾਰੀ ਵੀ ਕਾਫੀ ਵਧੀਆ ਰਹੀ ਹੈ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਲ-ਨਾਲ ਕੋਈ ਵੱਡਾ ਵਿਵਾਦ ਨਹੀਂ ਜੁੜਿਆ ਹੋਇਆ। ਜੇਕਰ ਸ਼੍ਰੀ ਰਾਹੁਲ ਗਾਂਧੀ ਪਾਰਟੀ ਦੀ ਪ੍ਰਧਾਨਗੀ ਨਹੀਂ ਕਰਨਾ ਚਾਹੁੰਦੇ ਤਦ ਸ਼੍ਰੀਮਤੀ ਸੋਨੀਆ ਗਾਂਧੀ ਇਕ ਚੰਗੀ ਚੋਣ ਹੈ। ਪਾਰਟੀ ਦੀ ਇਕਜੁੱਟਤਾ ਲਈ ਉਨ੍ਹਾਂ ਤੋਂ ਬੇਹਤਰ ਹੋਰ ਕੋਈ ਆਗੂ ਨਹੀਂ ਹੋ ਸਕਦਾ। ਪਾਰਟੀ ਪ੍ਰਧਾਨਗੀ ਦੇ ਮੁੱਦੇ ਉੱਪਰ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਦੋਚਿਤੀ ਛੱਡਣੀ ਹੋਵੇਗੀ। ਪਾਰਟੀ ਨੂੰ ਚਲਾਉਣ ਅਤੇ ਮਜ਼ਬੂਤ ਕਰਨ ਲਈ ਇਕੱਲਾ ਪ੍ਰਧਾਨ ਕਾਫੀ ਨਹੀਂ ਹੁੰਦਾ। ਪ੍ਰਧਾਨ ਦੇ ਨਾਲ-ਨਾਲ ਪਾਰਟੀ ਦੇ ਦੂਜੇ ਨੇਤਾ ਅਤੇ ਵਰਕਰ ਇਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਹ ਹੀ ਸਿਆਸੀ ਪਾਰਟੀ ਲੋਕਾਂ ਵਿੱਚ ਪ੍ਰਵਾਨ ਚੜ੍ਹਦੀ ਹੈ ਜੋ ਸਹੀ ਮੁੱਦੇ ਅਤੇ ਸਿਆਸੀ ਪ੍ਰੋਗਰਾਮ ਲੈ ਕੇ ਅੱਗੇ ਆਉਂਦੀ ਹੈ। ਕਾਂਗਰਸ ਨੇ ਨਵੇਂ ਹਾਲਾਤਾਂ ਆਪਣੇ ਕੰਮਕਾਜ ਅਤੇ ਸਿਆਸੀ ਪ੍ਰੋਗਰਾਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਮੌਜੂਦਾ ਸਥਿਤੀ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਕੇ ਹੀ ਕਾਂਗਰਸ ਮੁੜ ਲੋਕਾਂ ਵਿੱਚ ਪ੍ਰਵਾਨ ਚੜ੍ਹ ਸਕਦੀ ਹੈ। ਕਾਂਗਰਸ ਦੀ ਰਾਜਨੀਤੀ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਬਣਾਇਆ ਜਾ ਰਿਹਾ ਹੈ ਉਸ ਵਿੱਚ ਕਾਂਗਰਸ ਦੀ ਬੇਹੱਦ ਜ਼ਰੂਰਤ ਮਹਿਸੂਸ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਵੱਡੇ ਸਿਆਸੀ ਇਮਤਿਹਾਨ ਪਾਸ ਕਰਨ ਲਈ ਤਿਆਰ ਰਹਿਣਾ ਹੋਵੇਗਾ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਕੋਈ ਅੰਤਿਮ ਨਹੀਂ ਹੈ। ਜੇਕਰ ਕਾਂਗਰਸ ਖੁਦ ਨੂੰ ਸੰਭਾਲਦੀ ਹੈ ਅਤੇ ਸਿਆਸੀ ਤੌਰ ‘ਤੇ ਸਹੀ ਦਿਸ਼ਾ ਤਿਆਰ ਕਰਦੀ ਹੈ ਤਦ ਉਹ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਜਿੱਤਾਂ ਵੀ ਹਾਸਿਲ ਕਰ ਸਕਦੀ ਹੈ। ਸ਼੍ਰੀਮਤੀ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਉਨ੍ਹਾਂ ਵੱਲੋਂ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਫੈਸਲੇ ਲੈਣੇ ਹੋਣਗੇ।
– ਬਲਜੀਤ ਸਿੰਘ ਬਰਾੜ