ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ, ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਇਤਿਹਾਸ ਦਾ ਕੋਈ ਵੀ ਅਜਿਹਾ ਪੰਨਾ ਨਹੀਂ ਹੈ ਜਿਹੜਾ ਸ਼ਹੀਦਾਂ ਦੇ ਖ਼ੂਨ ਨਾਲ਼ ਨਾ ਸਿਰਜਿਆ ਗਿਆ ਹੋਵੇ। ਹਰ ਚੜ੍ਹਦਾ ਸੂਰਜ ਸਿੱਖ ਕੌਮ ਲਈ ਕਿਸੇ ਨਾ ਕਿਸੇ ਮਹਾਨ ਸ਼ਹੀਦ ਦੀ ਸ਼ਹਾਦਤ ਦੁਆਰਾ ਕੌਮ ਨੂੰ ਵਿਖਾਏ ਮਾਰਗ ਦਾ ਸੁਨੇਹਾ ਲੈ ਕੇ ਆਉਂਦਾ ਹੈ। ਜੇ ਸਾਡੇ ਸਿਰਾਂ ‘ਤੇ ਕੇਸ ਅਤੇ ਦਸਤਾਰਾਂ ਅੱਜ ਸ਼ੋਭਦੀਆਂ ਹਨ ਤਾਂ ਇਹ ਸ਼ਹੀਦਾਂ ਦੀ ਦੇਣ ਹੈ।
‘ਸ਼ਹੀਦ’ ਇਤਿਹਾਸ ਦੇ ਮਹਾਂਨਾਇਕ ਤੇ ਕੌਮਾਂ ਲਈ ਪ੍ਰੇਰਨਾ ਸਰੋਤ ਹੁੰਦੇ ਨੇ, ਸ਼ਹੀਦ ਆਪਣਾ ਖ਼ੂਨ ਡੋਲ੍ਹ ਕੇ ਕੌਮ ਦੀਆਂ ਜੜ੍ਹਾਂ ਮਜਬੂਤ ਕਰ ਜਾਂਦੇ ਨੇ। ਪੰਜਾਬ ਦੀ ਧਰਤੀ ਨੂੰ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ, ਇੱਥੇ ਚੱਪੇ-ਚੱਪੇ ‘ਤੇ ਸਿੱਖ ਯੋਧਿਆਂ ਦਾ ਡੁੱਲ੍ਹਿਆ ਲਹੂ ਵਿਖਾਈ ਦਿੰਦਾ ਹੈ।
ਸ਼ਹੀਦਾਂ ਦੇ ਦਰਸਾਏ ਰਾਹਾਂ ‘ਤੇ ਚੱਲ ਕੇ ਹਰ ਕੌਮ ਆਪਣਾ ਭਵਿੱਖ ਸੰਵਾਰ ਸਕਦੀ ਏ। ਜ਼ੁਲਮ ਕਰਨ ਦੇ ਢੰਗ ਬਦਲ ਜਾਂਦੇ ਨੇ, ਜ਼ਾਲਮਾਂ ਦੇ ਚਿਹਰੇ ਬਦਲ ਜਾਂਦੇ ਨੇ, ਪਰ ਜ਼ੁਲਮ ਦੀ ਇਸ ਅੱਤ ਨੂੰ ਅੰਤ ‘ਚ ਬਦਲਣ ਲਈ ਕੌਮਾਂ ‘ਚ ਜਾਗਤ ਜਮੀਰ ਵਾਲ਼ੇ ਨੌਜਵਾਨ ਪੈਦਾ ਹੁੰਦੇ ਨੇ ਜੋ ਜੁਝਾਰੂ ਐਕਸ਼ਨ ਕਰ ਕੇ ਜ਼ੁਲਮਾਂ ਦਾ ਨਾਸ਼ ਕਰਦੇ ਨੇ, ਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਦਿਆਂ ਆਪ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਤੇ ਸਮੇਂ ਦੀ ਹਿੱਕ ਉੱਤੇ ਆਪਣਾ ਨਾਂ ਸੁਨਹਿਰੀ ਅੱਖਰਾਂ ‘ਚ ਲਿਖ ਕੇ ਸਦੀਆਂ ਤਕ ਧਰੂ ਤਾਰੇ ਵਾਂਗ ਚਮਕਦੇ ਰਹਿੰਦੇ ਹਨ।
‘ਸ਼ਹੀਦ’ ਸ਼ਬਦ ਪੰਜਾਬੀ ਦਾ ਨਹੀਂ, ਅਰਬੀ ਭਾਸ਼ਾ ਦਾ ਹੈ। ਹਿੰਦੁਸਤਾਨ ਦੇ ਕਿਸੇ ਵੀ ਪ੍ਰਾਚੀਨ ਗ੍ਰੰਥ ‘ਚ ‘ਸ਼ਹੀਦ’ ਸ਼ਬਦ ਦੀ ਵਰਤੋਂ ਨਹੀਂ ਹੋਈ, ਤੇ ਨਾ ਹੀ ਪਿਛਲੇ ਯੁੱਗਾਂ ਵਿੱਚ ਕਿਸੇ ਨੂੰ ਸ਼ਹੀਦ ਕਿਹਾ ਗਿਆ ਹੈ। ‘ਸ਼ਹੀਦ’ ਸ਼ਬਦ ਦਾ ਜਨਮ ਇਸਲਾਮ ‘ਚ ਹੋਇਆ ਹੈ, ਤੇ ਪੰਜਾਬ ਦੇਸ਼ ਰਾਹੀਂ ਇਹ ਭਾਰਤ ‘ਚ ਦਾਖ਼ਲ ਹੋਇਆ। ‘ਸ਼ਹੀਦ’ ਸ਼ਬਦ ਦਾ ਅਰਥ ਹੈ- “ਗਵਾਹੀ ਦੇਣ ਵਾਲ਼ਾ।” ਕਿਸੇ ਉੱਚੇ ਆਦਰਸ਼, ਮੰਤਵ, ਵਿਸ਼ਵਾਸ, ਸਚਿਆਈ, ਜ਼ੁਲਮ ਤੇ ਬੇਇਨਸਾਫ਼ੀ ਦੇ ਵਿਰੁੱਧ, ਹੱਕ ਤੇ ਅਜ਼ਾਦੀ ਹਿੱਤ ਜਾਂ ਧਰਮ ਦੀ ਰਾਖੀ ਲਈ ਲੜਦਿਆਂ ਪ੍ਰਾਣ ਦੇਣ ਵਾਲ਼ਾ ‘ਸ਼ਹੀਦ’ ਅਖਵਾਉਂਦਾ ਹੈ।
ਸਮੁੱਚੀ ਮਾਨਵਤਾ ਦੇ ਕਲਿਆਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਤੇ ਉਪਦੇਸ਼ ਦਿੱਤਾ ਕਿ ਜਿਸ ਨੇ ਗੁਰਮਤਿ ਦੇ ਮਾਰਗ ਦਾ ਪਾਂਧੀ ਬਣਨਾ ਹੈ, ਉਹ ਆਪਣਾ ਸੀਸ ਤਲ਼ੀ ‘ਤੇ ਧਰ ਕੇ ਆਵੇ, ਭਾਵ ਦ੍ਰਿੜ੍ਹ-ਚਿੱਤ ਹੋ ਕੇ ਆਵੇ ਤੇ ਆਪਣੀ ਸੰਸਾਰਕ ਬਿਰਤੀ ‘ਤੇ ਕੱਚੀ ਮੱਤ ਦੇ ਤਿਆਗ ਕਰਨ ਵਿੱਚ ਕੋਈ ਝਿਜਕ ਨਾ ਰੱਖੇ “ਜਉ ਤਉ ਪ੍ਰੇਮ ਖੇਲਣ ਕਾ ਚਾਉ£ ਸਿਰੁ ਧਰਿ ਤਲੀ ਗਲੀ ਮੇਰੀ ਆਉ£ ਇਤੁ ਮਾਰਗਿ ਪੈਰੁ ਧਰੀਜੈ£ ਸਿਰੁ ਦੀਜੈ ਕਾਣਿ ਨ ਕੀਜੈ£”
ਸਿੱਖ ਧਰਮ ‘ਚ ਪਹਿਲਾਂ ਮੌਤ ਨੂੰ ਕਬੂਲਿਆ ਜਾਂਦਾ ਹੈ “ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ£ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ£”
ਸਿੱਖ ਧਰਮ ‘ਚ ਸ਼ਹੀਦੀ ਦਾ ਸਥਾਨ ਬੜਾ ਉੱਚਾ ਤੇ ਮਹਾਨ ਹੈ, ਸ਼ਹਾਦਤ ਦੇ ਸੰਕਲਪ ਦਾ ਮੁੱਖ ਧੁਰਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਪੰਜ ਸ਼ਹੀਦਾਂ ਦੀ ਬਾਣੀ ਦਰਜ ਹੈ ਤੇ ਦੋ ਵਾਰ ਸ਼ਹੀਦ ਸ਼ਬਦ ਦਾ ਜ਼ਿਕਰ ਆਇਆ ਹੈ ”ਪੀਰ ਪੈਕਾਮਰ ਸਾਲਕ ਸਾਦਕ ਸੁਹਰੇ ਅਉਰੁ ਸਹੀਦ£” ਅਤੇ ”ਜਾ ਕੈ ਈਦ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ£”
ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ‘ਚ ਇਸ ਸ਼ਹੀਦ ਸ਼ਬਦ ਦੀ ਪਰਿਭਾਸ਼ਾ ਦਾ ਜ਼ਿਕਰ ਕਰਦੇ ਹਨ “ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ£ ਸਾਬਰ ਸਿਦਕਿ ਸਹੀਦ ਭਰਮ ਭਉ ਖੋਵਣਾ£”
ਸਾਡੇ ਧਰਮ ‘ਚ ਗੁਰੂ ਸਾਹਿਬਾਨਾਂ ਤੋਂ ਬਾਅਦ ਦੂਜਾ ਦਰਜਾ ਸ਼ਹੀਦਾਂ ਦਾ ਹੈ ਤੇ ਸ਼ਹੀਦਾਂ ਨੂੰ ਸਤਿਕਾਰ ਸਹਿਤ ਪੂਜਿਆ ਜਾਂਦਾ ਹੈ। ਸ਼ਹੀਦਾਂ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਸ਼ਹੀਦੀਆਂ ਪਾਈਆਂ ਪਰ ਜ਼ਾਲਮਾਂ ਦੀ ਈਨ ਨਾ ਮੰਨੀ। ਰੋਜ਼ਾਨਾ ਅਰਦਾਸ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ “ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜ੍ਹੀਆਂ ‘ਤੇ ਚੜ੍ਹੇ, ਆਰਿਆਂ ਨਾਲ਼ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ਼ ਨਿਬਾਹੀ, ਤਿਨ੍ਹਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ£”
ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ “ਸ਼ਹੀਦੋਂ ਕੀ ਕਤਲਗਾਹ ਸੇ, ਕਿਆ ਬੇਹਤਰ ਹੈ ਕਾਅਬਾ। ਸ਼ਹੀਦੋਂ ਕੀ ਖ਼ਾਕ ਪੇ ਤੋ ਖੁਦਾ ਭੀ ਕੁਰਬਾਨ ਹੋਤਾ ਹੈ।”
ਸ਼ਹੀਦੀ ਇੱਕ ਮਹਾਨ ਦਾਤ ਤੇ ਬਖ਼ਸ਼ਿਸ਼ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਖ਼ੂਬਸੂਰਤ ਤੋਹਫ਼ਾ ਹੈ, ਜੋ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਸ਼ਹੀਦ ਦਾ ਰੁਤਬਾ ਐਨਾ ਬੁਲੰਦ ਹੈ ਕਿ ਸਾਡੀ ਬੋਲ-ਬਾਣੀ ਦੇ ਹਰ ਸ਼ਬਦ ਨੂੰ ‘ਸ਼ਹੀਦ’ ਲਫ਼ਜ ਦੇ ਸਾਹਮਣਿਉਂ ਨੀਵੀਂ ਪਾ ਕੇ ਅਦਬ ਨਾਲ਼ ਲੰਘਣਾ ਪੈਂਦਾ ਹੈ। ਕੋਈ ਵੀ ਸ਼ਬਦ ‘ਸ਼ਹੀਦ’ ਸ਼ਬਦ ਦੀ ਬਰਾਬਰੀ ਨਹੀਂ ਕਰ ਸਕਦਾ।
ਧੰਨ ਹਨ ਉਹਨਾਂ ਮਾਂਵਾਂ ਦੀਆਂ ਕੁੱਖਾਂ ਜੋ ਸ਼ਹੀਦਾਂ ਨੂੰ ਜਨਮ ਦਿੰਦੀਆਂ ਹਨ। “ਚੁੱਕ ਚੁੱਕ ਧੂੜ ਮੱਥੇ ਲਾਵਾਂ ਓਨ੍ਹਾਂ ਰਾਹਵਾਂ ਦੀ ਮੈਂ, ਜਿਨ੍ਹੀਂ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ। ਵਾਰੇ ਵਾਰੇ ਜਾਵਾਂ ਓਨ੍ਹਾਂ ਸਿੱਖ ਮਾਂਵਾਂ ਉੱਤੋਂ, ਜਿਨ੍ਹੀਂ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ। ਸੂਲੀਆਂ, ਚਰਖੜੀਆਂ ਤੇ ਆਰਿਆਂ ਦੇ ਦੰਦੇ ਤਕ, ਰੱਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ। ਇੱਕ ਦੋ ਨਈਂ, ਸੈਂਕੜੇ-ਹਜ਼ਾਰ ਤੇ ਲੱਖਾਂ ਵਾਰ, ਗਏ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ।”
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹਨ, ਜਿਨ੍ਹਾਂ ਨੂੰ ਬਾਣੀ ਦੇ ਬੋਹਿਥ ਤੇ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹਨ, ਜਿਨ੍ਹਾਂ ਨੂੰ ਧਰਮ ਦੀ ਚਾਦਰ ਕਿਹਾ ਜਾਂਦਾ ਹੈ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਚਾਰ ਸਾਹਿਬਜ਼ਾਦੇ ਕੌਮ ਤੋਂ ਵਾਰੇ, ਤੇ ਸਮੇਂ-ਸਮੇਂ ‘ਤੇ ਅਣਗਿਣਤ ਸਿੰਘਾਂ-ਸਿੰਘਣੀਆਂ ਨੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਸਿੱਖੀ ਸਿਦਕ ਨੂੰ ਕਾਇਮ ਰੱਖਿਆ। ਮਜ਼ਲੂਮਾਂ ਦੀ ਰੱਖਿਆ ਕਰਨੀ, ਦੁਸ਼ਟਾਂ ਨੂੰ ਸੋਧਣਾ ਤੇ ਧਰਮ ਹੇਤ ਸੀਸ ਵਾਰ ਕੇ ਸ਼ਹਾਦਤਾਂ ਪ੍ਰਾਪਤ ਕਰਨ ਦੀ ਇਸ ਪ੍ਰੰਪਰਾ ਨੂੰ ਸਿੱਖ ਕੌਮ ਨੇ ਨਿਰੰਤਰ ਜਾਰੀ ਰੱਖਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਦੋ ਸਿੱਖਾਂ ਦੀਆਂ ਸ਼ਹੀਦੀਆਂ ਦਾ ਜ਼ਿਕਰ ਸਾਨੂੰ ਇਤਿਹਾਸ ‘ਚ ਮਿਲ਼ਦਾ ਹੈ। ਜਦ ਮੁਗਲ ਬਾਦਸ਼ਾਹ ਬਾਬਰ ਨੇ ਹਮਲੇ ਸਮੇਂ ਲਾਹੌਰ ਸ਼ਹਿਰ ਨੂੰ ਅੱਗ ਲਾ ਕੇ ਸਾੜਿਆ ਤਾਂ ਭਾਈ ਤਾਰਾ ਜੀ ਮਸ਼ਕ ਨਾਲ਼ ਅੱਗ ਬੁਝਾ ਕੇ ਅਤੇ ਭਾਈ ਪੋਪਟ ਜੀ ਉੱਜੜ ਚੁੱਕੇ ਲੋਕਾਂ ਨੂੰ ਲੰਗਰ ਛਕਾਉਣ ਕਰ ਕੇ ਬਾਬਰ ਦੇ ਜ਼ੁਲਮੀ ਹੁਕਮਾਂ ਦੀ ਉਲ਼ੰਘਣਾ ਕਰਨ ਦੇ ਦੋਸ਼ੀ ਪਾਏ ਗਏ ਤਾਂ ਭਾਈ ਤਾਰਾ ਜੀ ਨੂੰ ਅੱਗ ਵਿੱਚ ਸੁੱਟ ਕੇ ਅਤੇ ਭਾਈ ਪੋਪਟ ਜੀ ਨੂੰ ਘੋੜਿਆਂ ਦੇ ਪੌੜਾਂ ਹੇਠ ਕੁਚਲ ਕੇ ਬੇਦਰਦੀ ਨਾਲ਼ ਸ਼ਹੀਦ ਕੀਤਾ ਗਿਆ।
ਜੇਕਰ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦਾ ਇਤਿਹਾਸ ਕਲਮਬੰਦ ਕੀਤਾ ਜਾਏ ਤਾਂ ਇੱਕ ਬਹੁਤ ਵੱਡਾ ਗ੍ਰੰਥ ਜਾਂ ਕਈ ਪੁਸਤਕਾਂ ਤਰਤੀਬਵਾਰ ਵੀ ਲਿਖ ਦੇਈਏ ਤਾਂਵੀਂ ਪੂਰਾ ਇਤਿਹਾਸ ਨਹੀਂ ਸਮੇਟਿਆ ਜਾ ਸਕਦਾ, ਕਿਉਂਕਿ ਕਈ ਅਣਗੌਲੇ ਤੇ ਅਨਜਾਣ ਸ਼ਹੀਦ ਹਨ, ਜਿਨ੍ਹਾਂ ਬਾਰੇ ਇਤਿਹਾਸ ‘ਚ ਕੋਈ ਜਾਣਕਾਰੀ ਨਹੀਂ ਮਿਲ਼ਦੀ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਯੁੱਧਾਂ ਦੌਰਾਨ ਹੋਏ ਸ਼ਹੀਦ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਯੁੱਧਾਂ ਦੌਰਾਨ ਹੋਏ ਸ਼ਹੀਦ, ਮੁਕਤਸਰ ਦੇ ਸ਼ਹੀਦ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਹੋਏ ਸ਼ਹੀਦ, ਛੋਟੇ ਘੱਲੂਘਾਰੇ ਦੇ ਸ਼ਹੀਦ, ਵੱਡੇ ਘੱਲੂਘਾਰੇ ਦੇ ਸ਼ਹੀਦ, ਮੀਰ ਮੰਨੂ ਦੇ ਜ਼ੁਲਮਾਂ ਦੌਰਾਨ ਹੋਏ ਸ਼ਹੀਦ, ਅਬਦਾਲੀ ਦੇ ਹਮਲੇ ਸਮੇਂ ਹੋਏ ਸ਼ਹੀਦ, ਬਜਬਟ ਘਾਟ ਦੇ ਸ਼ਹੀਦ, ਨਨਕਾਣਾ ਸਾਹਿਬ ਦੇ ਸ਼ਹੀਦ, ਪੰਜਾ ਸਾਹਿਬ ਦੇ ਸ਼ਹੀਦ, ਜੈਤੋਂ ਮੋਰਚੇ ਦੇ ਸ਼ਹੀਦ, ਪਾਉਂਟਾ ਸਾਹਿਬ ਦੇ ਸ਼ਹੀਦ, 1978 ਸਾਕੇ ਦੇ ਸ਼ਹੀਦ, ਧਰਮ ਯੁੱਧ ਮੋਰਚੇ ਦੌਰਾਨ ਹੋਏ ਸ਼ਹੀਦ, ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਸ਼ਹੀਦ, ਨਵੰਬਰ 1984 ‘ਚ ਦਿੱਲੀ ਅਤੇ ਹੋਰਾਂ ਸ਼ਹਿਰਾਂ ‘ਚ ਕਤਲੇਆਮ ਦੌਰਾਨ ਹੋਏ ਸ਼ਹੀਦ ਅਤੇ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਅਜ਼ਾਦੀ ਲਈ ਹੋਏ ਸ਼ਹੀਦ ਆਦਿ।
ਜਿੱਥੇ ਅਸੀਂ ਪੁਰਾਤਨ ਗੁਰਸਿੱਖਾਂ ”ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਭਾਈ ਤਾਰਾ ਸਿੰਘ ਜੀ ਵਾਂ, ਭਾਈ ਮਨੀ ਸਿੰਘ ਜੀ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਹਿਬਾਜ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਨੌਧ ਸਿੰਘ ਜੀ, ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਜਰਨੈਲ ਹਰੀ ਸਿੰਘ ਜੀ ਨਲੂਆ, ਜਰਨੈਲ ਸ਼ਾਮ ਸਿੰਘ ਜੀ ਅਟਾਰੀ” ਆਦਿ ਨੂੰ ਯਾਦ ਕਰਦੇ ਹਾਂ।
ਓਥੇ ਅਸੀਂ ਵਰਤਮਾਨ ਸਮੇਂ ‘ਚ ਹਿੰਦੂ ਸਾਮਰਾਜ ਨਾਲ਼ ਸਿਧਾਂਤਕ ਅਤੇ ਹਥਿਆਰਬੰਦ ਟੱਕਰ ਲੈਣ ਵਾਲ਼ੇ ਗੁਰਸਿੱਖਾਂ ”ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ਾਬੇਗ ਸਿੰਘ ਜੀ, ਭਾਈ ਫ਼ੌਜਾ ਸਿੰਘ ਜੀ, ਬਾਬਾ ਥਾਹਰਾ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਬਿਅੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਸੁਰਿੰਦਰ ਸਿੰਘ ਜੀ ਸੋਢੀ, ਭਾਈ ਮਨਬੀਰ ਸਿੰਘ ਜੀ ਚਹੇੜੂ, ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਜਨਰਲ ਲਾਭ ਸਿੰਘ ਜੀ, ਭਾਈ ਤਲਵਿੰਦਰ ਸਿੰਘ ਜੀ ਬੱਬਰ, ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘਵਾਲ਼ਾ, ਭਾਈ ਸੁਖਦੇਵ ਸਿੰਘ ਜੀ ਬੱਬਰ, ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ, ਭਾਈ ਦਿਲਾਵਰ ਸਿੰਘ ਜੀ” ਆਦਿ ਨੂੰ ਵੀ ਯਾਦ ਕਰਦੇ ਹਾਂ ਤੇ ਇਨ੍ਹਾਂ ਸਮੂਹ ਸਿੰਘਾਂ-ਸਿੰਘਣੀਆਂ ਦੀਆਂ ਪਵਿੱਤਰ ਸ਼ਹਾਦਤਾਂ ਸਾਡੇ ਇਤਿਹਾਸ ‘ਚ ਸੂਰਜ ਵਾਂਗ ਚਮਕਦੀਆਂ ਰਹਿਣਗੀਆਂ ਤੇ ਕੌਮ ਨੂੰ ਸਦੀਵੀ ਕਾਲ ਰੋਸ਼ਨ ਦਿੰਦੀਆਂ ਰਹਿਣਗੀਆਂ।
ਸ਼ਹਾਦਤ ਦਾ ਸਿੱਖੀ ਨਾਲ਼ ਬੜਾ ਗੂੜ੍ਹਾ ਰਿਸ਼ਤਾ ਹੈ। ਸਿੰਘ-ਸੂਰਮੇ ਅਨਿਆਂ ਵਿਰੁੱਧ ਸ਼ਹਾਦਤਾਂ ਦੇਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦੇ ਹਨ। ਜ਼ੁਲਮ ਵਿਰੁੱਧ ਜੂਝਣਾ ਹੀ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਹੈ।