April 23, 2026 4:38 pm

ਪਾਕਿਸਤਾਨ ‘ਚ ਗਰੀਬੀ ਤੇ ਭੁੱਖਮਰੀ

ਭਾਰਤ ਦੀ ਤਰ੍ਹਾਂ ਪਾਕਿਸਤਾਨ ਦੇ ਲੋਕ ਵੀ ਗਰੀਬੀ ਤੇ ਭੁੱਖਮਰੀ ਨਾਲ ਦੋ-ਚਾਰ ਹੋ ਰਹੇ ਹਨ। ਦੋਵੇਂ ਦੇਸ਼ ਫੌਜੀ ਮਨਸੂਬਿਆਂ ਲਈ ਦਹਾਕਿਆਂ ਤੋਂ ਅਰਬਾਂ ਰੁਪਏ ਅਜਾਈ ਰੋਹੜ ਰਹੇ ਹਨ। ਜੇਕਰ ਹਥਿਆਰਾਂ ਅਤੇ ਫੌਜ ਉੱਪਰ ਖਰਚਿਆ ਗਿਆ ਇਹ ਪੈਸਾ ਦੇਸ਼ ਦੇ ਵਿਕਾਸ ਉੱਪਰ ਲਗਾਇਆ ਜਾਂਦਾ ਤਦ ਦੋਵੇਂ ਦੇਸ਼ਾਂ ਵਿੱਚ ਆਮ ਲੋਕਾਂ ਦੇ ਹਾਲਾਤ ਅੱਜ ਹੋਰ ਹੋਣੇ ਸਨ। ਇਹ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਵੀ ਇਹ ਸਮਝ ਦੋਵੇਂ ਪਾਸੇ ਪੈਦਾ ਨਹੀਂ ਹੋ ਸਕੇ। ਤਾਜ਼ਾ ਜਾਣਕਾਰੀ ਮੁਤਾਬਿਕ ਪਾਕਿਸਤਾਨ ‘ਚ 50 ਫ਼ੀਸਦੀ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। 40 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਬਲੋਚਿਸਤਾਨ ਅਤੇ ਸਿੰਧ ‘ਚ ਹਾਲਾਤ ਹੋਰ ਵੀ ਮਾੜੇ ਹਨ। ਇਸ ਖੇਤਰ ਵਿੱਚ ਬੱਚਿਆਂ ਦਾ ਲੋੜੀਂਦਾ ਸਰੀਰਕ ਵਿਕਾਸ ਵੀ ਨਹੀਂ ਹੋ ਰਿਹਾ ਅਤੇ ਉਨ੍ਹਾਂ ਦੇ ਕਦ ਲਗਾਤਾਰ ਛੋਟੇ ਹੁੰਦੇ ਜਾ ਰਹੇ ਹਨ। ਪਾਕਿਸਤਾਨ ਦੇ ਰਾਸ਼ਟਰੀ ਪੋਸ਼ਣ ਸਰਵੇਖਣ-2018 ਦੇ ਅੰਕੜੇ ਬਹੁਤ ਹੀ ਚਿੰਤਾਜਨਕ ਹਨ। ਇਹ ਸਰਵੇਖਣ ਪੂਰੇ ਪਾਕਿਸਤਾਨ ‘ਚ ਕਰਵਾਇਆ ਗਿਆ ਸੀ। ਇਸ ਤੋਂ ਪਤਾ ਲੱਗਾ ਕਿ ਦੇਸ਼ ‘ਚ ਪੋਸ਼ਣ ਦੇ ਮਾਮਲੇ ‘ਚ ਹਾਲਾਤ ਬਹੁਤ ਮਾੜੇ ਹਨ। ਸਰਵੇ ਮੁਤਾਬਿਕ ਪਾਕਿਸਤਾਨ ‘ਚ ਕੁੱਲ 40.2 ਫ਼ੀਸਦੀ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਉਮਰ ਦੇ ਹਿਸਾਬ ਨਾਲ ਉਨ੍ਹਾਂ ਦੀ ਲੰਬਾਈ ਘੱਟ ਹੈ। ਇਸ ਕਾਰਨ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ‘ਤੇ ਵੀ ਗੰਭੀਰ ਅਸਰ ਪਿਆ ਹੈ। ਇਹ ਸਰਵੇ ਦੇਸ਼ ਦੇ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਨਾਲ ਸਬੰਧਿਤ ਮੰਤਰਾਲੇ ਦੁਆਰਾ ਕਰਵਾਇਆ ਗਿਆ। ਭਾਰਤ ਵਾਂਗ ਪਾਕਿਸਤਾਨ ਦੇ ਲੋਕ ਵੀ ਰੁਜ਼ਗਾਰ ਲਈ ਤਰਸ ਰਹੇ ਹਨ। ਰੁਜ਼ਗਾਰ ਦੀ ਕਮੀ ਕਾਰਨ ਲੋਕਾਂ ਦੀ ਪ੍ਰਤੀ ਜੀਅ ਆਮਦਨ ਘੱਟ ਰਹੀ ਹੈ। ਕਾਰੋਬਾਰ, ਵਪਾਰ ਅਤੇ ਉਦਯੋਗ ਦਾ ਮੰਦਾ ਹਾਲ ਹੈ। ਉਪਰੋਂ ਮਹਿੰਗਾਈ ਕਾਰਨ ਆਮ ਲੋਕਾਂ ਦਾ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ। ਪਾਕਿਸਤਾਨ ਦੀ ਸਰਕਾਰ ਬੇਸ਼ਕ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਉਹ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ‘ਚ ਬੇਅਥਾਹ ਵਾਧਾ ਹੋ ਰਿਹਾ ਹੈ। ਸਰਕਾਰ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਕੋਈ ਵੱਡਾ ਯਤਨ ਨਹੀਂ ਕਰ ਰਹੀ। ਸਰਕਾਰ ਸਿਰਫ ਵਿਦੇਸ਼ੀ ਕਰਜ਼ਿਆਂ ਨਾਲ ਕੰਮਕਾਜ ਚਲਾ ਰਹੀ ਹੈ। ਪਾਕਿਸਤਾਨ ਦੇ ਇਸ ਹਾਲਤ ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਸਿਆਸੀ ਨੇਤਾਵਾਂ ਨੇ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਕਰਕੇ ਦੇਸ਼ ਦੀ ਆਰਥਿਕਤਾ ਨੂੰ ਖੋਖਲਾ ਕਰ ਦਿੱਤਾ ਹੈ।
– ਬਲਜੀਤ ਸਿੰਘ ਬਰਾੜ

Send this to a friend