ਚੰਡੀਗੜ੍ਹ, 29 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੂੰ ਕੁੱਲ 7 ਖਣਨ ਕਲੱਸਟਰਾਂ ‘ਚੋਂ 6 ਕਲੱਸਟਰਾਂ ਦੀ ਈ-ਨੀਲਾਮੀ ਤੋਂ 274.75 ਕਰੋੜ ਰੁਪਏ ਦੀ ਆਮਦਨ ਹੋਈ ਹੈ। ਮੋਹਾਲੀ ਕਲੱਸਟਰ ਦੀ ਨੀਲਾਮੀ ਹੋਣੀ ਹਾਲੇ ਬਾਕੀ ਹੈ। ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਖਣਨ ਤੋਂ 300 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਮਿਥਿਆ ਸੀ। 6 ਕਲੱਸਟਰਾਂ ਦੀ ਨੀਲਾਮੀ ਨਾਲ ਹੋਈ ਕਮਾਈ ਤੋਂ ਬਾਅਦ ਇਸ ਟੀਚੇ ਦੀ 90 ਫੀਸਦੀ ਪੂਰਤੀ ਕਰ ਲਈ ਹੈ ਅਤੇ ਉਮੀਦ ਹੈ ਕਿ ਮੋਹਾਲੀ ਦੀ ਨੀਲਾਮੀ ਤੋਂ ਬਾਅਦ ਸੂਬਾ ਸਰਕਾਰ ਨੂੰ ਖਣਨ ਤੋਂ ਰਿਕਾਰਡ ਕਮਾਈ ਹੋਵੇਗੀ। ਵੱਖ-ਵੱਖ ਕਲੱਸਟਰਾਂ ਬਾਰੇ ਸਰਕਾਰੀਆ ਨੇ ਦੱਸਿਆ ਕਿ ਰੋਪੜ ਕਲੱਸਟਰ 49.84 ਕਰੋੜ ਰੁਪਏ ਵਿਚ ਚੜ੍ਹਿਆ ਜਦਕਿ ਐਸਬੀਐਸ ਨਗਰ-ਲੁਧਿਆਣਾ-ਜਲੰਧਰ ਕਲੱਸਟਰ ਦੀ ਨੀਲਾਮੀ 59.02 ਕਰੋੜ ਰੁਪਏ ਵਿਚ ਹੋਈ।