April 22, 2026 7:17 pm

ਖੌਫ਼ਨਾਕ ਹਾਦਸਾ- ਬੱਛੀ ਸਾਰੀ ਰਾਤ ਖੂਹ ‘ਚ ਡਿੱਗੀ ਰਹੀ ਤੇ ਗਊ ਮਾਤਾ ਨੇ ਕੋਲ ਖੜ੍ਹ ਕੇ ਦਿੱਤਾ ਪਹਿਰਾ

ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਅੱਜ ਵੀ ਖੁੱਲ੍ਹੇ ਪਏ ਨੇ ਮੌਤ ਦੇ ਖੂਹ

ਸ਼ੇਰਪੁਰ- ਮਾਂ ਦੀ ਮਮਤਾ ਦਾ ਪਰਤੱਖ ਸਾਬੂਤ ਸ਼ੇਰਪੁਰ ਵਿਖੇ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੰਘੀ ਰਾਤ ਇੱਕ ਗਾਂ ਦੀ ਬੱਛੀ ਜਿਸ ਦੀ ਉਮਰ ਲਗਭਗ ਡੇਢ ਸਾਲ ਦੇ ਕਰੀਬ ਹੋਵੇਗੀ , 70 ਤੋਂ 80 ਫੁੱਟ ਡੂੰਘੇ ਖੂਹ ਵਿੱਚ ਅਚਾਨਕ ਡਿੱਗ ਗਈ। ਪਰ ਮਾਂ ਨੇ ਪੂਰੀ ਰਾਤ ਖੂਹ ਦੇ ਆਲੇ-ਦੁਆਲੇ ਗੇੜੇ ਦਿੱਤੇ ਅਤੇ ਚੀਕ-ਚੀਕ ਕੇ ਆਲੇ-ਦੁਆਲੇ ਦੇ ਕਿਸਾਨਾਂ ਤੇ ਘਰਾਂ ਵਾਲਿਆਂ ਨੂੰ ਬੱਛੀ ਬਾਹਰ ਕੱਢਣ ਦੀ ਗੁਹਾਰ ਲਗਾਈ। ਪਰ ਰਾਤ ਦਾ ਸਮਾਂ ਹੋਣ ਕਰਕੇ ਉਸ ਗਾਂ ਦੀ ਪੁਕਾਰ ਕਿਸੇ ਨੇ ਨਾਂ ਸੁਣੀ ਤਾਂ ਜਦ ਦਿਨ ਚੜਿਆਂ ਤੇ ਖੇਤਾਂ ਵਿੱਚ ਪ੍ਰੇਸ਼ਾਨ ਫਿਰਦੀ ਗਾਂ ਨੂੰ ਇੱਕ ਕਿਸਾਨ ਨੇ ਦੇਖਿਆ ਤਾਂ ਉਸ ਨੇ ਇਸ ਘਟਨਾ ਦੀ ਜਾਣਕਾਰੀ ਗਊ ਸੇਵਕ ਸੁਭਾਸ਼ ਚੰਦ ਦੀਦਾਰਗੜ ਵਾਲੇ ਨੂੰ ਦਿੱਤੀ। ਜਿਸ ਤੇ ਉਹਨਾਂ ਪਹਿਲਾਂ ਸਾਰੇ ਗੁਰੂ ਘਰਾਂ ਵਿੱਚ ਐਨਾਂਊਮੈਨਟ ਕਰਵਾਈ ਤੇ ਫਿਰ ਇਹ ਮਾਮਲਾ ਜ਼ਿਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਦਾ। ਪਰ ਜਦੋਂ ਇਹ ਮਾਮਲਾ ਸਬ-ਡਵੀਜ਼ਨ ਧੂਰੀ ਦੇ ਐਸ.ਡੀ.ਐਮ ਸਤਵੰਤ ਸਿੰਘ ਦੇ ਧਿਆਨ ਵਿੱਚ ਲਿਆਦਾ ਗਿਆ ਤਾਂ ਉਹਨਾਂ ਕੁਝ ਮਿੰਟਾਂ ਵਿੱਚ ਹੀ ਥਾਵਣਾ ਸ਼ੇਰਪੁਰ ਦੇ ਐਸ.ਐਚ.ਓੰ ਰਮਨਦੀਪ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਗਰਾਜ ਸਿੰਘ, ਸਬ-ਤਹਿਸੀਲ ਸ਼ੇਰਪੁਰ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ, ਵੈਟਰਨਰੀ ਵਿਭਾਗ ਦੇ ਡਾਕਟਰਾਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆਂ। ਐਸ.ਡੀ.ਐਮ ਨੇ ਸਾਰੇ ਮਾਮਲੇ ਨੂੰ ਇਹਨੀ ਗੰਭੀਰਤਾ ਨਾਲ ਲਿਆ ਕਿ ਸਾਰੀ ਰਾਤ ਦੀ ਖੂਹ ਵਿੱਚ ਡਿੱਗੀ ਬੱਛੀ ਨੂੰ ਦੋ-ਤਿੰਨ ਘੰਟਿਆਂ ਵਿੱਚ ਹੀ ਜ਼ਿਊਦਾ ਬਾਹਰ ਕੱਢਣ ਵਿੱਚ ਮੌਕੇ ‘ਤੇ ਪੁੱਜੇ ਅਧਿਕਾਰੀ ਸਫਲ ਰਹੇ।
ਨੌਜਵਾਨਾਂ ਨੇ ਲੱਕ ਨਾਲ ਰੱਸਾ ਬੰਨ ਖੂਹ ਵਿੱਚ ਜਾਣ ਦਾ ਕੀਤਾ ਹੌਸਲਾ – ਇਸ ਹਾਦਸੇ ਵਾਲੀ ਜਗ੍ਹਾਂ ਤੇ ਜਦੋਂ ਲੋਕ ਇੱਕਠੇ ਹੋਣ ਲੱਗੇ ਤਾਂ ਇੱਕ ਨੌਜਵਾਨ ਸੱਤਪਾਲ ਸਿੰਘ ਵਾਸੀ ਅਲਾਲ ਰੋਡ, ਸ਼ੇਰਪੁਰਨੇ ਕਿਹਾ ਕਿ ਮੈਂ ਖੂਹ ਵਿੱਚ ਉੱਤਰਕੇ ਗਊ ਨੂੰ ਰੱਸੇ ਨਾਲ ਬੰਨ ਦਿੰਦਾ ਹਾਂ। ਸੱਤਪਾਲ ਨਾਮਕ ਨੌਜਵਾਨ ਨੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਆਪਣੇ ਲੱਕ ਨਾਲ ਰੱਸਾ ਬੰਨਿਆਂ ਅਤੇ 80 ਫੁੱਟ ਖੂਹ ਵਿੱਚ ਉੱਤਰ ਗਿਆ ਅਤੇ ਬੱਛੀ ਨੂੰ ਰੱਸਿਆਂ ਨਾਲ ਬੰਨ ਆਇਆ। ਪਰ ਥੋੜਾ ਜਿਹਾ ਗਊ ਦੇ ਉੱਪਰ ਚੁੱਕਣ ਤੇ ਰੱਸਾ ਟੁੱਟ ਗਿਆ। ਫਿਰ ਮੌਕੇ ‘ਤੇ ਹੀ ਪੁੱਜੇ ਇੱਕ ਹੋਰ ਨੌਜਵਾਨ ਸਿੰਗਾਰਾ ਸਿੰਘ ਈਸਾਪੁਰ ਲੰਡਾ ਨੇ ਗਊ ਨੂੰ ਬੰਨਣ ਲਈ ਪਟੇ ਲਏ ਅਤੇ ਉਹ ਇਸ ਖੂਹ ਵਿੱਚ ਉਤਰਿਆ ਜਿਸ ਤੋਂ ਬਾਅਦ ਇਸ ਗਊ ਨੂੰ ਬਾਹਰ ਕੱਢਣ ਦੀ ਪ੍ਰੀਕ੍ਰਿਆਂ ਸ਼ੁਰੂ ਹੋ ਗਈ।
ਐਸ.ਐਚ.ਓੰ ਨੇ ਕੀਤਾ ਪ੍ਰੰਸ਼ਸਾ ਯੋਗ ਕੰਮ – ਇਸ ਕਾਰਜ ਵਿੱਚ ਜਦੋਂ ਆਮ ਲੋਕ ਤੇ ਨੌਜਵਾਨ ਲੱਗੇ ਹੋਏ ਸਨ ਤਾਂ ਥਾਣਾ ਸ਼ੇਰਪੁਰ ਦੇ ਐਸ.ਐਚ.ਓੰ ਨੇ ਬੇਸ਼ੱਕ ਵਰਦੀ ਪਾਈ ਹੋਈ ਸੀ, ਪਰ ਉਹ ਲੋਕਾਂ ਨਾਲ ਖੂਹ ਵਿਚ ਰੱਸਾ ਪਾਉਣ ਤੇ ਗਊ ਨੂੰ ਬਾਹਰ ਕੱਢਣ ਲਈ ਰੱਸੇ ਖਿੱਚਣ ਵਿੱਚ ਲੱਗੇ ਰਹੇ ਅਤੇ ਉਹਨਾਂ ਆਪਣੀ ਵਰਦੀ ਨੂੰ ਮਿੱਟੀ ਨਾਲ ਖਰਾਬ ਹੋ ਜਾਣ ਦੀ ਵੀ ਪਰਵਾਹ ਨਹੀਂ ਕੀਤੀ। ਜਦੋਂ ਗਊ ਖੂਹ ਦੇ ਬਾਹਰ ਕੱਢਣ ਲਈ 15 ਫੁੱਟ ਦੇ ਕਰੀਬ ਖੂਹ ਵਿੱਚ ਰਹਿ ਗਈ ਤਾਂ ਉਹਨਾਂ ਹਿੰਮਤ ਕਰਕੇ ਨੌਜਵਾਨਾਂ ਨੂੰ ਨਾਲ ਲਾਕੇ ਕੁਝ ਪਲਾਂ ਵਿੱਚ ਗਊ ਬਾਹਰ ਕੱਢ ਲਈ। ਬਾਰਿਸ਼ ਦੀ ਪਰਵਾਹ ਨਾਂ ਕਰਦਿਆਂ ਉਹਨਾਂ ਆਪਣਾ ਫਰਜ ਪੂਰੀ ਤਨਦੇਹੀ ਨਾਲ ਨਿਭਾਇਆ। ਉਹਨਾਂ ਵੱਲੋਂ ਆਪ ਖੂਹ ਵਿੱਚ ਉੱਤਰ ਜਾਣ ਦਾ ਜਜ਼ਬਾ ਵੀ ਦਿਖਾਇਆ ਗਿਆ। ਇਸ ਮੌਕੇ ਇੱਕਠੇ ਹੋਏ ਲੋਕਾਂ, ਸਮਾਜ ਸੇਵੀਆਂ ਅਤੇ ਕਲੱਬਾਂ ਵੱਲੋਂ ਥਾਣਾ ਮੁਖੀ ਰਮਨਦੀਪ ਸਿੰਘ ਦੇ ਨਿਭਾਏ ਰੋਲ ਦੀ ਭਰਪੂਰ ਸਲਾਘਾ ਕੀਤੀ ਗਈ।
ਇਲਾਕੇ ਵਿੱਚ ਹੋਰ ਵੀ ਖੁੱਲੇ ਪਏ ਨੇ ਖੂਹ – ਕੁਝ ਸਮਾਂ ਪਹਿਲਾਂ ਫਤਿਹਵੀਰ ਸਿੰਘ ਦੇ ਬੋਰਵੈਲ ਹਾਦਸੇ ਦਾ ਸ਼ਿਕਾਰ ਹੋਣ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲਾਂ ਡਿਪਟੀ ਕਮਿਸ਼ਨਰਾਂ ਰਾਹੀ ਪੂਰੇ ਪੰਜਾਬ ਵਿੱਚ ਨਾ-ਵਰਤੋਂ ਯੋਗ ਬੋਰਵੈਲ ਤੇ ਖੂਹਾਂ ਨੂੰ ਤਰੁੰਤ ਬੰਦ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪਰ ਅੱਜ ਵੀ ਜ਼ਿਲਾਂ ਸੰਗਰੂਰ ਅੰਦਰ ਇਸ ਤਰਾਂ ਦੇ ਅਨੇਕਾ ਖੂਹ ਤੇ ਮੇਨ ਹੌਲ ਖੁੱਲੇ ਮੂੰਹ ਪਏ ਹੋਣ ਦੀਆਂ ਖਬਰਾਂ ਪ੍ਰਕਾਸ਼ਤ ਹੁੰਦੀਆਂ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਿਲਾਂ ਪ੍ਰਸ਼ਾਸਨ ਦੇ ਹੁਕਮਾਂ ਨੂੰ ਆਮ ਲੋਕ ਟਿੱਚ ਸਮਝਦੇ ਹਨ। ਦੂਜਾ ਜ਼ਿਨਾਂ ਅਧਿਕਾਰੀਆਂ, ਕਰਮਚਾਰੀਆਂ ਦੀਆਂ ਡਿਊਟੀਆਂ ਇਹਨਾਂ ਖੂਹਾਂ ਨੂੰ ਬੰਦ ਕਰਵਾਉਣ ਲਈ ਲਗਾਈਆਂ ਗਈਆਂ ਸਨ ਉਹਨਾਂ ਦੀ ਕਾਰਗੁਜਾਰੀ ਤੇ ਵੀ ਸਵਾਲੀਆਂ ਨਿਸ਼ਾਨ ਲੱਗਦਾ ਹੈ।
ਮਾਂ ਆਪਣੀ ਬੱਛੀ ਨੂੰ ਨਾਲ ਲੈ ਕੇ ਤੁਰ ਗਈ – ਇਸ ਮੌਕੇ ਮਾਹੌਲ ਹੋਰ ਵੀ ਭਾਵੁਕ ਹੋ ਗਿਆ ਜਦੋਂ ਖੂਹ ਵਿੱਚ ਡਿੱਗੀ ਬੱਛੀ ਨੂੰ ਬਾਹਰ ਕੱਢਿਆਂ ਗਿਆ ਤਾਂ ਨੇੜੇ ਫਿਰਦੀ ਮਾਂ (ਗਊ) ਨੇ ਝੱਟ ਆਪਣੀ ਬੱਚੀ (ਬੱਛੀ) ਨੂੰ ਆਪਣੇ ਨਾਲ ਲਗਾ ਲਿਆ ਤੇ ਉਹ ਇੱਕਠੇ ਹੀ ਖੇਤਾਂ ਦੇ ਰਸਤੇ ‘ਤੇ ਲੋਕਾਂ ਵੱਲ ਇਸ ਤਰਾਂ ਦੇਖਕੇ ਤੁਰੀਆ ਜਿਵੇ ਕਿ ਉਹ ਸਭ ਦਾ ਧੰਨਵਾਦ ਕਰਦੀਆਂ ਹੋਣ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’ ਸ਼ੇਰਪੁਰ
ਸੰਪਰਕ : 96807-95479

Send this to a friend