ਬਸਤੇ ਦੇ ਭਾਰ ਹੇਠਾਂ ਦੱਬਿਆ ਬਚਪਨ

ਸਿੱਖਿਆ ਨੂੰ ਮਨੁੱਖੀ ਜੀਵਨ ਵਿਚ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ। ਉਂਝ ਇਹ ਲਾਜ਼ਮੀ ਵੀ ਹੈ ਕਿਉਂਕਿ ਸਿੱਖਿਆ ਤੋਂ ਬਿਨਾਂ ਮਨੁੱਖੀ ਜੀਵਨ ਅਗਿਆਨਤਾ ਨਾਲ ਭਰਿਆ ਹੁੰਦਾ ਹੈ/ ਹਨੇਰੇ ਨਾਲ ਭਰਿਆ ਹੁੰਦਾ ਹੈ। ਸਿੱਖਿਆ ਜਿੱਥੇ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਕਰਦੀ ਹੈ ਉੱਥੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜੁਆਬਦੇਹ ਵੀ ਬਣਾਉਂਦੀ ਹੈ। ਇਸ ਕਰਕੇ ਸਿੱਖਿਆ ਨੂੰ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਮੰਨਿਆ ਜਾਂਦਾ ਹੈ।ਖ਼ੈਰ! ਇਹ ਵੱਖਰਾ ਵਿਸ਼ਾ ਹੈ। ਸਾਡੇ ਅੱਜ ਦੇ ਲੇਖ ਦਾ ਮੂਲ ਆਧਾਰ ‘ਬੱਚਿਆਂ ਦੇ ਮੋਢਿਆਂ ਉੱਪਰ ਵੱਧਦਾ ਬਸਤੇ ਦਾ ਭਾਰ’ ਹੈ। ਆਧੁਨਿਕ ਸਮਾਜ ਵਿਚ ਵੱਡੇ ਸਕੂਲਾਂ ਦਾ ਰੁਝਾਨ ਆਪਣੀ ਚਰਮ ਸੀਮਾ ਉੱਤੇ ਹੈ। ਹਰ ਮਨੁੱਖ ਆਪਣੇ ਬੱਚਿਆਂ ਨੂੰ ਵੱਡੇ ਅਤੇ ਮਹਿੰਗੇ ਸਕੂਲਾਂ ਵਿਚ ਪੜ੍ਹਾਉਣਾ ਚਾਹੁੰਦਾ ਹੈ; ਜਿੱਥੇ ਉਹਨਾਂ ਦਾ ਬੱਚਾ ਚੰਗੀ ਸਿੱਖਿਆ ਰਾਹੀਂ ਚੰਗਾ ਨਾਗਰਿਕ ਬਣ ਸਕੇ; ਕਾਮਯਾਬ ਮਨੁੱਖਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਸਕੇ; ਚੰਗੀ ਨੌਕਰੀ ਪ੍ਰਾਪਤ ਕਰ ਸਕੇ। ਪਰ! ਇਸ ਕਾਮਯਾਬੀ ਦੇ ਇਸ ਚੱਕਰ ਵਿਚ ਨਿੱਕੇ ਬੱਚਿਆਂ ਤੋਂ ਉਹਨਾਂ ਦਾ ਮਾਸੂਮ ਬਚਪਨ ਖੋਇਆ ਜਾ ਰਿਹਾ ਹੈ।ਹਰ ਰੋਜ਼ ਅਖ਼ਬਾਰਾਂ ਇਹਨਾਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਕਿ ਪੇਪਰਾਂ ਵਿਚੋਂ ਫੇਲ ਹੋਏ ਵਿਦਿਆਰਥੀ ਨੇ ਖੁਦਕੁਸ਼ੀ ਜਿਹਾ ਭਿਆਨਕ ਕਦਮ ਚੁੱਕ ਲਿਆ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਅੱਜਕਲ੍ਹ ਤਾਂ ਦੱਸਵੀਂ/ ਬਾਹਰਵੀਂ ਕਲਾਸਾਂ ਦੇ ਵਿਦਿਆਰਥੀ ਵੀ ਆਤਮਹੱਤਿਆ ਵਰਗੇ ਸਖ਼ਤ ਕਦਮ ਚੁੱਕ ਰਹੇ ਹਨ। ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਅਸੀਂ? ਜਿੱਥੇ ਆਪਣੀ ਜਾਨ ਗੁਆਉਣ ਤੋਂ ਬਿਨਾਂ ਕੋਈ ਹੋਰ ਰਾਹ ਦਿੱਸਦਾ ਹੀ ਨਹੀਂ ਹੈ; ਜਿੱਥੇ ਕੋਈ ਫੁੱਲ ਖਿੜਣ ਤੋਂ ਪਹਿਲਾਂ ਹੀ ਕੁਮਲਾ ਜਾਂਦਾ ਹੈ; ਜਿੱਥੇ ਆਪਣਾ ਦੁੱਖ- ਸੁੱਖ ਸਾਂਝਾ ਕਰਨ ਲਈ ਕੋਈ ਮਨੁੱਖ ਹੀ ਨਹੀਂ ਲੱਭਦਾ। ਇਹ ਅੱਜ ਦੇ ਵਕਤ ਦੀ ਤ੍ਰਾਸਦੀ ਹੈ।
ਸਿੱਖਿਆ ਪ੍ਰਣਾਲੀ ਨੂੰ ਦਿਨੋਂ- ਦਿਨ ਗੁਝਲਦਾਰ ਬਣਾਇਆ ਜਾ ਰਿਹਾ ਹੈ। ਪਰ! ਨਤੀਜਾ ਕੁਝ ਵੀ ਸਾਹਮਣੇ ਨਹੀਂ ਆ ਰਿਹਾ; ਕਿਉਂਕਿ ਅਸੀਂ ਚੰਗੇ ਨਾਗਰਿਕ ਘੱਟ ਅਤੇ ਬੇਰੁਜ਼ਗਾਰ ਵੱਧ ਪੈਦਾ ਕਰ ਰਹੇ ਹਾਂ। ਸਿੱਖਿਆ ਦਾ ਮੂਲ ਮਸਕਦ ਇਖ਼ਲਾਕੀ ਕਦਰਾਂ- ਕੀਮਤਾਂ ਨੂੰ ਬਾਲ- ਮਨਾਂ ਵਿਚ ਬਿਠਾਉਣਾ ਨਹੀਂ ਰਿਹਾ ਬਲਕਿ ਅੰਨ੍ਹੀ ਦੋੜ ਦੇ ਖਿਡਾਰੀ ਬਣਾਉਣਾ ਹੈ ਤਾਂ ਕਿ ਚੰਗੇ ਰੁਜ਼ਗਾਰ ਨੂੰ ਪ੍ਰਾਪਤ ਕੀਤਾ ਜਾ ਸਕੇ; ਵੱਧ ਪੈਸਾ ਕਮਾਇਆ ਜਾ ਸਕੇ।
ਸਕੂਲਾਂ ਵਿਚ ਇੰਨੇ ਵਿਸ਼ੇ ਪੜ੍ਹਾਉਣ ਦਾ ਜ਼ੋਰ ਹੈ ਕਿ ਨਿੱਕੇ ਬੱਚਿਆਂ ਦੇ ਬਸਤਿਆਂ ਦਾ ਭਾਰ ਬਹੁਤ ਵੱਧ ਗਿਆ ਹੈ। ਖ਼ਬਰੇ! ਜਿੰਨੀਆਂ ਕਿਤਾਬਾਂ ਬੱਚੇ ਦੇ ਸਕੂਲ ਬੈਗ ਵਿਚ ਹਨ ਉਹ ਸਾਰੀਆਂ ਦਿਨ ‘ਚ ਇਕ ਵਾਰ ਖੋਲ ਕੇ ਵੀ ਦੇਖਦਾ ਹੋਊ ਜਾਂ ਨਹੀਂ? ਪਰ! ਬਸਤੇ ਵਿਚ ਲੈ ਕੇ ਸਾਰੀਆਂ ਹੀ ਜਾਣੀਆਂ ਹਨ ਕਿਉਂਕਿ ਇਕ ਕਿਤਾਬ ਵੀ ਘਰ ਰਹਿ ਗਈ ਤਾਂ ਸਕੂਲ ਨੂੰ ਭਾਰੀ ਜ਼ੁਰਮਾਨਾ ਲਗਾਉਣ ਦਾ ਬਹਾਨਾ ਮਿਲ ਜਾਣਾ ਹੈ। ਇਸ ਕਰਕੇ ਮਾਂ- ਬਾਪ ਸਾਰੀਆਂ ਕਿਤਾਬਾਂ ਬੱਚਿਆਂ ਦੇ ਮੋਢਿਆਂ ਉੱਪਰ ਸੁੱਟ ਦਿੰਦੇ ਹਨ।
ਪੜ੍ਹਾਈ ਨੂੰ ਹੁਣ ਸਿੱਖਿਆ ਪ੍ਰਾਪਤੀ ਦਾ/ ਗਿਆਨ ਪ੍ਰਾਪਤੀ ਦਾ ਮਾਧਿਅਮ ਨਹੀਂ ਮੰਨਿਆ ਜਾਂਦਾ ਬਲਕਿ ਪੱਕੀ ਨੌਕਰੀ ਦਾ ਜੁਗਾੜ ਬਣ ਕੇ ਰੱਖ ਦਿੱਤਾ ਗਿਆ ਹੈ। ਇਸ ਕਰਕੇ ਜੁਆਕਾਂ ਦੇ ਮੋਢਿਆਂ ਉੱਪਰ ਬਸਤੇ ਦਾ ਭਾਰ ਬਹੁਤ ਵੱਧ ਗਿਆ ਹੈ। ਸਾਰਥਕ ਸਿੱਖਿਆ ਖ਼ਤਮ ਹੋ ਗਈ ਹੈ ਜਿਸ ਰਾਹੀਂ ਚੰਗੇ ਨਾਗਰਿਕ ਬਣਾਏ ਜਾਂਦੇ ਸਨ ਤਾਂ ਕਿ ਚੰਗੇ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ। ਅੱਜ ਅਖ਼ਬਾਰ ਦੇ ਸਫ਼ੇ ਖੋਲ ਕੇ ਪੜ੍ਹ ਲਓ ਵੱਡੇ- ਵੱਡੇ ਜ਼ੁਰਮਾਂ ਵਿਚ ਵੱਧ ਪੜ੍ਹੇ – ਲਿਖੇ ਬੱਚੇ ਸ਼ਾਮਲ ਹੁੰਦੇ ਹਨ। ਬਲਾਤਕਾਰ, ਚੋਰੀ, ਠੱਗੀ ਆਦਿ ਅਪਰਾਧਿਕ ਕੰਮਾਂ ਵਿਚ ਪੜ੍ਹੇ- ਲਿਖੇ ਲੋਕਾਂ ਦੀ ਸ਼ਾਮੂਲਿਅਤ ਵੱਧ ਗਈ ਹੈ।ਫੇਰ ਸਿੱਖਿਆ ਦਾ ਮੂਲ ਮਨੋਰਥ ਤਾਂ ਖ਼ਤਮ ਹੀ ਹੋ ਗਿਆ ਹੈ; ਕਿਉਂਕਿ ਪਹਿਲਾਂ ਦੇ ਮੁਕਾਬਲੇ ਹੁਣ ਮਹਿੰਗੀ ਸਿੱਖਿਆ ਦਿੱਤੀ ਜਾ ਰਹੀ ਹੈ। ਫਿਰ ਅੱਜ ਕਲ੍ਹ ਦੇ ਜੁਆਕਾਂ ਵਿਚ ਇਖਲਾਕੀ ਕਦਰਾਂ- ਕੀਮਤਾਂ ਦੀ ਅਣਹੋਂਦ ਕਿਉਂ ਹੈ?
ਇਹਨਾਂ ਦਾ ਮੂਲ ਕਾਰਨ ਹੈ ਕਿ ਸਿੱਖਿਆ, ਅੱਜ ਦੇ ਦੌਰ ਵਿਚ ਕੇਵਲ ਨੌਕਰੀ ਪ੍ਰਾਪਤ ਕਰਨ ਦਾ ਇੱਕ ਸਾਧਨ ਬਣ ਕੇ ਰਹਿ ਗਈ ਹੈ; ਇਸ ਤੋਂ ਇਲਾਵਾ ਕੁਝ ਨਹੀਂ। ਨਿੱਕੇ ਬੱਚਿਆਂ ਦੇ ਮੋਢਿਆਂ ਉੱਪਰ ਭਾਵੇਂ ਭਾਰੇ ਬਸਤੇ ਟਿਕਾ ਦਿੱਤੇ ਗਏ ਹਨ; ਪਰ! ਕੋਮਲ ਮਨਾਂ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਇਆ ਜਾ ਰਿਹਾ ਹੈ।
ਇਹ ਬਹੁਤ ਮੰਦਭਾਗਾ ਰੁਝਾਨ ਹੈ; ਇਸ ਤੋਂ ਬਚਣ ਦੀ ਜ਼ਰੂਰਤ ਹੈ।ਇਹ ਸਮਾਂ ਸੰਭਲਣ ਦਾ ਸਮਾਂ ਹੈ। ਜੇਕਰ ਅੱਜ ਦੇ ਸਮੇਂ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਜਾਗਰੁਕ ਨਾ ਹੋਏ ਤਾਂ ਫਿਰ ਸਿਵਾਏ ਪਛਤਾਵੇ ਦੇ ਹੋਰ ਕੁਝ ਹੱਥ ਨਹੀਂ ਆਉਣਾ। ਸਿੱਖਿਆ ਤੰਤਰ ਵਿਚ ਸਖ਼ਤ ਸੁਧਾਰ ਦੀ ਲੋੜ ਹੈ। ਪਰ! ਸਮੇਂ ਦੀਆਂ ਸਰਕਾਰਾਂ ਅਜੇ ਆਪਣੇ ਸਵਾਰਥ ਵਿਚ ਮਸ਼ਰੂਫ ਹਨ ਇਸ ਕਰਕੇ ਮਾਪਿਆਂ ਨੂੰ ਖ਼ੁਦ ਹੀ ਅੱਗੇ ਆਉਣਾ ਪਵੇਗਾ ਤਾਂ ਕਿ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ; ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਪਰ! ਇਹ ਹੁੰਦਾ ਕਦੋਂ ਹੈ; ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।

Send this to a friend