May 21, 2026 10:14 am

ਜੰਡਿਆਲਾ ਗੁਰੂ ‘ਚ ਮਹਿਲਾ ਕੌਂਸਲਰਾਂ ਦੇ ਪਤੀ ਜਾਂ ਪੁੱਤਰ ਨਗਰ ਕੌਂਸਲ ਵਿੱਚੋਂ ਮੋਟੀ ਕਮਾਈ ਖਾਣ ਲਈ ਤਰਲੋ ਮੱਛੀ

ਜੰਡਿਆਲਾ ਗੁਰੂ – ਨਗਰ ਕੋਂਸਲ ਜੰਡਿਆਲਾ ਗੁਰੂ ਦੀਆਂ ਕੁਲ 15 ਵਾਰਡਾਂ ਵਿਚੋਂ ਪੰਜ ਦੇ ਕਰੀਬ ਮਹਿਲਾ ਕੌਂਸਲਰਾਂ ਨੂੰ ਜਨਤਾ ਨੇ ਆਪਣੀ ਵੋਟ ਪਾਕੇ ਨਗਰ ਕੌਂਸਲ ਵਿੱਚ ਭੇਜਿਆ ਸੀ ਤਾਂ ਜੋ ਇਕ ਔਰਤ ਵੀ ਸਮਾਜ ਸੇਵਾ ਵਿੱਚ ਹਿੱਸਾ ਪਾਉਂਦੇ ਹੋਏ ਦਫ਼ਤਰੀ ਕੰਮਕਾਜ ਵਿੱਚ ਆਪਣਾ ਯੋਗਦਾਨ ਪਾ ਸਕਣ । ਪਰ ਪੁਰਸ਼ ਪ੍ਰਧਾਨ ਇਸ ਦੇਸ਼ ਵਿਚ ਔਰਤਾਂ ਨੂੰ ਹਮੇਸ਼ਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਨਗਰ ਕੋਂਸਲ ਦਫਤਰ ਜੰਡਿਆਲਾ ਗੁਰੂ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਜਨਤਾ ਵਲੋਂ ਚੁਣੀਆਂ ਗਈਆਂ ਮਹਿਲਾ ਕੋਂਸਲਰ ਤਾ ਘਰਾਂ ਵਿਚ ਬੈਠਕੇ ਘਰੇਲੂ ਕੰਮਕਾਰ ਅਤੇ ਪਰਿਵਾਰ ਲਈ ਰੋਟੀ ਬਣਾ ਰਹੀਆਂ ਹਨ ਪਰ ਦੂਸਰੇ ਪਾਸੇ ਇਹਨਾਂ ਮਹਿਲਾ ਕੌਂਸਲਰਾਂ ਦੇ ਪਤੀ ਜਾਂ ਪੁੱਤਰ ਨਗਰ ਕੌਂਸਲ ਵਿੱਚੋ ਮੋਟੀ ਕਮਾਈ ਖਾਣ ਲਈ ਤਰਲੋ ਮੱਛੀ ਹੁੰਦੇ ਦਿਖਾਈ ਦੇ ਰਹੇ ਹਨ । ਅਕਸਰ ਸਰਕਾਰੀ ਮੀਟਿੰਗਾਂ ਵਿੱਚ ਵੀ ਮਹਿਲਾ ਕੋਂਸਲਰ ਸਾਹਿਬਾਨ ਗੈਰ ਹਾਜਰ ਹੁੰਦੀਆਂ ਹਨ ਜਦੋਂ ਕਿ ਉਹਨਾਂ ਦੇ ਪਤੀ ਜਾਂ ਪੁੱਤਰ ਪਹਿਲੀ ਕਤਾਰ ਦੀਆਂ ਕੁਰਸੀਆਂ ਵਿਚ ਮੋਹਰੀ ਹੁੰਦੇ ਹਨ । ਹੋਰ ਤਾਂ ਹੋਰ ਨਗਰ ਕੋਂਸਲ ਦੀ ਅਹਿਮ ਪ੍ਰਧਾਨਗੀ ਦੀ ਕੁਰਸੀ ਤੇ ਸ਼੍ਰੀਮਤੀ ਮਮਤਾ ਰਾਣੀ ਨੂੰ ਈਦ ਦੇ ਚੰਨ ਵਾਂਗ ਕਦੀ ਕਦੀ ਦੇਖਿਆ ਜਾਂਦਾ ਹੈ ਜਦੋ ਕਿ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਾਰਾ ਦਿਨ ਉਹਨਾਂ ਦੇ ਪਤੀ ਦਫਤਰ ਵਿਚ ਸਰਕਾਰੀ ਕੰਮਕਾਰ ਵਿੱਚ ਦਖਲਅੰਦਾਜੀ ਕਰਦੇ ਆਮ ਦੇਖੇ ਜਾਂਦੇ ਹਨ ਜਦੋਂ ਕਿ ਕਾਨੂੰਨ ਦੇ ਨਿਯਮਾਂ ਮੁਤਾਬਕ ਉਹ ਇਕ ਆਮ ਵਿਅਕਤੀ ਜਾਂ ਫਿਰ ਕਾਂਗਰਸੀ ਆਗੂ ਹੋਣ ਦੇ ਨਾਤੇ ਕਿਸੇ ਕੰਮ ਲਈ ਨਗਰ ਕੋਂਸਲ ਦਫਤਰ ਆ ਸਕਦੇ ਸਨ ਪਰ ਉਹਨਾਂ ਦਾ ਪ੍ਰਧਾਨ ਦੇ ਕਮਰੇ ਵਿਚ ਬੈਠਕੇ ਸਰਕਾਰੀ ਮੁਲਾਜਮਾਂ ਉਪਰ ਹੁਕਮ ਚਲਾਉਣਾ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ । ਇਸਤੋਂ ਪਹਿਲਾਂ ਵੀ ਅਕਾਲੀ ਰਾਜ ਦੌਰਾਨ ਨਗਰ ਕੋਂਸਲ ਮਹਿਲਾ ਪ੍ਰਧਾਨ ਆਨੇ ਬਹਾਨੇ ਛੁੱਟੀ ਤੇ ਰਹਿੰਦੀ ਸੀ ਅਤੇ ਸਾਰਾ ਕੰਮਕਾਰ ਇਕ ਯੂਥ ਅਕਾਲੀ ਆਗੂ ਹੀ ਬਤੋਰ ਮੀਤ ਪ੍ਰਧਾਨ ਕੰਮਕਾਰ ਸੰਭਾਲਦਾ ਸੀ ਅਗਰ ਜਨਤਾ ਵਲੋਂ ਚੁਣੀਆਂ ਮਹਿਲਾ ਕੌਂਸਲਰਾਂ ਦੇ ਮਰਦਾਂ ਨੇ ਹੀ ਨਗਰ ਕੋਂਸਲ ਵਿੱਚ ਸਾਰਾ ਕੰਮਕਾਰ ਸੰਭਾਲਣਾ ਹੁੰਦਾ ਹੈ ਤਾ ਫਿਰ ਕਿਉਂ ਸਰਕਾਰਾਂ ਦਿਖਾਵੇ ਦੇ ਤੋਰ ਤੇ ਮਹਿਲਾ ਸੀਟਾਂ ਰਿਜਰਵ ਦਾ ਢੰਡੋਰਾ ਪਿੱਟਕੇ ਇਸਤਰੀ ਵਰਗ ਨਾਲ ਧੋਖਾ ਕਰਦੀਆਂ ਹਨ ।
– ਵਰੁਣ ਸੋਨੀ,
ਪੱਤਰਕਾਰ ਪੰਜਾਬ ਟਾਇਮਜ਼

Send this to a friend