May 28, 2026 2:37 am

ਮੀਡੀਆ ਵੱਲੋਂ ਉਠਾਏ ਜਾਂਦੇ ਲੋਕ ਮੁੱਦਿਆਂ ਨੂੰ ਪ੍ਰਸ਼ਾਸਨ ਵੱਲੋਂ ਠੰਢੇ ਬਸਤੇ ‘ਚ ਪਾਉਣਾ ਸਰਕਾਰ ਦੀਆਂ ਨੀਤੀਆਂ’ ਤੇ ਪੈਂਦਾ ਕਰਦਾ ਸ਼ੱਕ

ਸ਼ੇਰਪੁਰ, (ਹਰਜੀਤ ਕਾਤਿਲ) – ਕਸਬਾ ਸੇਰਪੁਰ ਤੋਂ ਬਰਨਾਲਾ ਨੂੰ ਜਾਂਦੀ ਡਬਲ ਸੜਕ ਜੋ ਰਾਧਾ ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਬਾਰ-ਬਾਰ ਟੁੱਟਣ ਕਰਕੇ ਪਿਛਲੇ 7 ਮਹੀਨਿਆਂ ਤੋਂ ਪੰਚਾਇਤ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੇਰਪੁਰ ਅਤੇ ਐਸ. ਡੀ. ਓ ਬਰਨਾਲਾ ਦੀ ਗਲੇ ਦੀ ਹੱਡੀ ਬਣੀ ਹੋਈ ਹੈ। ਇਹ ਮਾਮਲਾ ਵੱਖ-ਵੱਖ ਅਫਸਰਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਸਬੰਧੀ ਹਲਕਾ ਮਹਿਲ ਕਲਾਂ ਦੇ ਵਿਧਾਇਕ , ਏ ਡੀ ਸੀ (ਵਿਕਾਸ), ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਅਤੇ ਵਿਭਾਗ ਦੇ ਅਫਸਰਾਂ ਨੂੰ ਮੀਡੀਆ ਵੱਲੋਂ ਬਾਰ-ਬਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਦੱਸਣਯੋਗ ਹੈ ਕਿ ਸੈਂਸੀ ਬਰਾਦਰੀ ਦੀ ਬਸਤੀ ਨਜ਼ਦੀਕ ਘਰਾਂ ਦੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਘਰਾਂ ਦਾ ਪਾਣੀ ਛੱਪੜ ਦਾ ਰੂਪ ਧਾਰਕੇ ਸੜਕ ਤੇ ਜਮਾਂ ਹੋ ਜਾਂਦਾ ਹੈ। ਜਿਸ ਕਰਕੇ ਜਿੱਥੇ ਰੋਜਮਰਾਂ ਦੇ ਕੰਮਕਾਰ ਲਈ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਇਲਾਵਾ ਨੇੜੇ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਸੰਗਤਾਂ ਨੂੰ ਪੈਦਲ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡ ਖੇੜੀ ਚਹਿਲਾ ਤੋਂ ਪੈਦਲ ਤੁਰਕੇ ਸ਼ੇਰਪੁਰ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ , ਸੜਕ ਤੇ ਪਾਣੀ ਖੜਨ ਨਾਲ ਡੂੰਘੇ ਟੋਏ ਪੈ ਗਏ ਹਨ ਅਤੇ ਟੋਇਆਂ ਵਿਚ ਪਾਣੀ ਜਮਾਂ ਹੋਣ ਕਰਕੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਅਕਸਰ ਹੀ ਇਹਨਾ ਵਿਚ ਡਿੱਗ ਪੈਂਦੇ ਹਨ, ਜਿਸ ਕਾਰਨ ਕੋਈ ਵੀ ਵੱਡਾ ਸੜਕ ਹਾਦਸਾ ਵਾਪਰ ਸਕਦਾ ਹੈ। ਇੱਥੇ ਕਈ ਵਾਰ ਰਾਹਗੀਰ ਸ਼ੱਟਾ ਖਾ ਚੁੱਕੇ ਹਨ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਭਾਵੇ ਕੁਝ ਅਧਿਕਾਰੀਆਂ ਨੇ ਮੌਕਾ ਦੇਖਕੇ ਘਰਾਂ ਦੇ ਨਿਕਾਸੀ ਪਾਣੀ ਲਈ ਨਵੀਂ ਪੁਲੀ ਬਣਾਕੇ ਪਾਣੀ ਸੇਰਪੁਰ ਵਾਲੇ ਟੋਭੇ ਵਿਚ ਪਾਉਣ ਦੀ ਸਕੀਮ ਬਣਾਈ ਸੀ। ਬੇਸ਼ੱਕ ਪੁਲੀ ਬਣਕੇ ਤਿਆਰ ਵੀ ਹੋ ਗਈ ਹੈ, ਲੇਕਿਨ ਪੁਲੀ ਹਾਲੇ ਚਾਲੂ ਨਹੀ ਹੋ ਸਕੀ, ਕਿਉਂਕਿ ਹਾਲੇ ਪੁਲੀ ਤੋਂ ਅੱਗੇ ਕੁਝ ਕੰਮ ਅਧੂਰਾ ਹੈ , 7 ਮਹੀਨੇ ਬੀਤ ਜਾਣ ਦੇ ਬਾਵਜੂਦ ਨਿਕਾਸੀ ਪਾਣੀ ਦਾ ਗੰਭੀਰ ਬਣਿਆ ਮਸਲਾ ਹੱਲ ਹੁੰਦਾਂ ਨਜਰ ਨਹੀ ਆ ਰਿਹਾ। ਇਲਾਕੇ ਦੇ ਲੋਕਾਂ ਨੇ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਇਸ ਨਰਕ ਰੂਪੀ ਸੜਕ ਤੇ ਨਿਕਾਸੀ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਕਰਕੇ ਇਸ ਨੂੰ ਦੁਬਾਰਾ ਉੱਚਾ ਚੁੱਕ ਕੇ ਬਣਾਇਆ ਜਾਵੇ। ਸਰਪੰਚ ਰਣਜੀਤ ਸਿੰਘ ਨੇ ਦੱਸਿਆਂ ਕਿ ਪੰਚਾਇਤ ਵੱਲੋਂ ਜੇ. ਸੀ. ਬੀ ਨਾਲ ਸੜਕ ਦੇ ਨਾਲ ਆਰਜ਼ੀ ਨਿਕਾਸੀ ਨਾਲਾ ਬਣਾ ਦਿੱਤਾ ਗਿਆ ਹੈ। ਜਲਦ ਹੀ ਇਸ ਸਮੱਸਿਆਂ ਦਾ ਹੱਲ ਹੋ ਜਾਵੇਗਾ।
ਪਲਾਸਟਿਕ ਦੇ ਲਫਾਫਿਆਂ ਦੀ ਦੁਰਵਰਤੋਂ ਕਰਕੇ ਫੈਲੀ ਗੰਦਗੀ – ਜਿਸ ਤਰ੍ਹਾਂ ਟੁੱਟੀ ਸੜਕ ਦੀ ਸਮੱਸਿਆ ਹੈ ਉਸੇ ਤਰ•ਾਂ ਸ਼ੇਰਪੁਰ ‘ਚ ਪਲਾਸਟਿਕ ਦੇ ਲਫਾਫਿਆਂ ਦੀ ਵੱਡੀ ਸਮੱਸਿਆਂ ਹੈ। ਕਸਬਾ ਸ਼ੇਰਪੁਰ ਦੇ ਹਰ ਮੋੜ ਗਲੀ-ਮੁਹੱਲੇ ਵਿੱਚ ਥਾਂ-ਥਾਂ ਪਏ ਪਲਾਸਟਿਕ ਦੇ ਲਿਫਾਫੇ ਜਿੱਥੇ ਗੰਦਗੀ ਫੈਲਾ ਰਹੇ ਹਨ, ਉੱਥੇ ਸਬੰਧਤ ਮਹਿਕਮੇ ਵੱਲੋਂ ਕੀਤੀ ਜਾ ਰਹੀ ਅਣਦੇਖੀ ਦਾ ਮੂੰਹ ਵੀ ਚਿੜ•ਾਂ ਰਹੇ ਹਨ। ਇੱਕ ਪਾਸੇ ਸਰਕਾਰ ਕੁਇੰਟਲਾ ਦੀ ਮਾਤਰਾ ਵਿੱਚ ਮਿਆਰ ਤੋਂ ਬਾਹਰਲੇ ਲਿਫਾਫੇ ਜਬਤ ਕਰ ਰਹੀ ਹੈ। ਦੂਜੇ ਪਾਸੇ ਕੁਇੰਟਲਾ ਦੇ ਹਿਸਾਬ ਨਾਲ ਲਿਫਾਫੇ ਸ਼ੇਰਪੁਰ ਤੇ ਪੱਤੀ ਖਲੀਲ ਵਿੱਚ ਆਮ ਉੱਡਦੇ ਦਿਖਦੇ ਹਨ। ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਅਜੇ ਕਿਸੇ ਅਧਿਕਾਰੀ ਦੀ ਇਹਨਾਂ ਵੱਲ ਨਜ਼ਰ ਸਵੱਲੀ ਨਹੀਂ ਹੋਈ। ਇਹਨਾਂ ਲਫਾਫਿਆਂ ਕਰਕੇ ਪ੍ਰਦੂਸ਼ਣ ਵੀ ਫੈਲਦਾ ਹੈ ਅਤੇ ਇਹਨਾਂ ‘ਚ ਮੂੰਹ ਮਾਰਦੇ ਆਵਾਰਾ ਪਸ਼ੂ ਕਈ ਵਾਰ ਹਾਦਸੇ ਦਾ ਕਾਰਨ ਵੀ ਬਣਦੇ ਹਨ। ਕਸਬਾ ਸ਼ੇਰਪੁਰ ਤੇ ਪੱਤੀ ਖਲੀਲ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕੀਤੀ ਹੈ ਕਿ ਸ਼ੇਰਪੁਰ ‘ਚ ਉੱਡਦੇ ਲਫਾਫਿਆ ਨੂੰ ਨਸ਼ਟ ਕਰਵਾਉਣ ਲਈ ਤੇ ਲਿਫਾਫੇ ਬਾਹਰ ਸ਼ੁੱਟਣ ਤੇ ਪਾਬੰਦੀ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਵੇ।
ਹਾਦਸਿਆਂ ਦਾ ਕਾਰਨ ਬਣਦੇ ਨੇ ਆਵਾਰਾ ਪਸ਼ੂ – ਕਸਬਾ ਸ਼ੇਰਪੁਰ ਜਿੱਥੇ ਹੋਰ ਅਨੇਕਾ ਸਮੱਸਿਆਵਾਂ ਨਾਲ ਘਰਿਆਂ ਹੋਇਆਂ ਹੈ ਉੱਥੇ ਆਵਾਰਾ ਪਸ਼ੂਆਂ ਕਰਕੇ ਵੀ ਲੋਕਾਂ ਦੀ ਜ਼ਾਨ ਨੂੰ ਖਤਰਾ 24 ਘੰਟੇ ਬਣਿਆ ਹੋਇਆ ਹੈ। ਲੋਕ ਸਵੇਰ ਦੀ ਸੈਰ ਕਰਨ ਜਾਣ ਤੋਂ ਵੀ ਡਰਦੇ ਹਨ ਕਿਉਂਕਿ ਇਹ ਆਵਾਰਾ ਪਸ਼ੂ ਸੈਰ ਕਰਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ। ਲਫਾਫਿਆਂ ‘ਚ ਮੂੰਹ ਮਾਰਦੇ ਫਿਰਦੇ ਇਹਨਾਂ ਪਸ਼ੂਆਂ ਕਰਕੇ ਰਾਹਗੀਰਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਹ ਮਾਮਲਾ ਵੀ ਕਈ ਵਾਰ ਅਫਸਰਾਂ ਦੇ ਧਿਆਨ ਵਿੱਚ ਲਿਆਦਾ ਗਿਆ ਹੈ, ਪਰ ਅਜੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਗਊ ਸੈਂਸ ਲੈਂਦੀ ਹੈ ਤਾਂ ਇਹਨਾਂ ਆਵਾਰਾ ਪਸ਼ੂਆਂ ਦਾ ਹੱਲ ਵੀ ਕਰੇ।
ਕੀ ਕਹਿੰਦੇ ਹਨ ਐਸ. ਡੀ.ਓੰ – ਇਸ ਸਬੰਧੀ ਜਦੋਂ ਐਸ. ਡੀ. ਓੰ , ਪੀ. ਡਬਲਿਊ. ਡੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋ ਜਾਵੇ ਅਸੀ ਤਰੁੰਤ ਸੜਕ ਦਾ ਨਿਰਮਾਣ ਕਰਵਾ ਦੇਵਾਗੇ। ਉਹਨਾਂ ਕਿਹਾ ਕਿ ਇੱਕ ਵਾਰ ਇਸ ਸਮੱਸਿਆ ਦਾ ਹੱਲ ਕਰਨ ਲਈ ਭੱਠੇ ਤੋਂ ਕੇਰੀ ਲਿਆਕੇ ਸ਼ੁੱਟ ਦਿੱਤੀ ਜਾਵੇਗੀ ਜਿਸ ਨਾਲ ਰਾਹਗੀਰਾਂ ਦੀ ਸਮੱਸਿਆਂ ਦਾ ਹੱਲ ਹੋ ਜਾਵੇਗਾ।

Send this to a friend