ਇੰਗਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਪਹਿਨੀ ਜਾਂਦੀ ਕਿਰਪਾਨ ਨੂੰ ਮਿਲੇ ਸਤਿਕਾਰ ਤੋਂ ਬਾਅਦ ਹੁਣ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਦਸਤਾਰ ਅਤੇ ਕੇਸਾਂ ਨੂੰ ਸਤਿਕਾਰ ਦਿੱਤਾ ਗਿਆ ਹੈ। ਅਮਰੀਕੀ ਹਵਾਈ ਸੈਨਾ ਨੇ ਸਿੱਖ ਏਅਰਮੈਨ ਨੂੰ ਦਾਹੜੀ, ਦਸਤਾਰ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।ਅਮਰੀਕੀ ਹਵਾਈ ਸੈਨਾ ‘ਚ ਧਰਮ ਦੇ ਆਧਾਰ ‘ਤੇ ਅਜਿਹੀ ਛੋਟ ਦਾ ਇਹ ਪਹਿਲਾ ਮਾਮਲਾ ਹੈ।ਸਿੱਖ ਨੌਜਵਾਨ ਸ. ਹਰਪ੍ਰੀਤਇੰਦਰ ਸਿੰਘ ਬਾਜਵਾ 2017 ‘ਚ ਹਵਾਈ ਸੈਨਾ ‘ਚ ਸ਼ਾਮਲ ਹੋਇਆ ਸੀ ਪਰ ਫ਼ੌਜ ਦੀ ਸ਼ਾਖਾ ਵੱਲੋਂ ਡਰੈੱਸ ਕੋਡ ਨੂੰ ਲੈ ਕੇ ਬਣਾਏ ਗਏ ਨੇਮਾਂ ਕਾਰਨ ਉਹ ਆਪਣੇ ਧਰਮ ਦਾ ਪਾਲਣ ਨਹੀਂ ਕਰ ਪਾ ਰਿਹਾ ਸੀ।ਹਵਾਈ ਸੈਨਾ ਨੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਫ਼ਦ ਦੀ ਨੁਮਾਇੰਦਗੀ ਮਗਰੋਂ ਉਨ੍ਹਾਂ ਨੂੰ ਇਹ ਛੋਟ ਦਿੱਤੀ।ਮੈਕਕੋਰਡ ਏਅਰ ਫੋਰਸ ਸਟੇਸ਼ਨ ‘ਚ ਚਾਲਕ ਦਲ ਦੇ ਮੁਖੀ ਸ. ਬਾਜਵਾ ਡਿਊਟੀ ‘ਤੇ ਹਾਜ਼ਰ ਰਹਿਣ ਵਾਲੇ ਅਜਿਹੇ ਪਹਿਲੇ ਹਵਾਈ ਸੈਨਿਕ ਬਣ ਗਏ ਹਨ ਜਿਨ੍ਹਾਂ ਨੂੰ ਹਵਾਈ ਸੈਨਾ ‘ਚ ਸੇਵਾਵਾਂ ਦਿੰਦਿਆਂ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲੀ ਹੈ।ਸ. ਬਾਜਵਾ ਇਸ ਫੈਸਲੇ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੂੰ ਇੰਞ ਜਾਪ ਰਿਹਾ ਹੈ ਕਿ ਮੇਰੇ ਮੁਲਕ (ਅਮਰੀਕਾ) ਨੇ ਸਿੱਖ ਵਿਰਸੇ ਨੂੰ ਅਪਣਾ ਲਿਆ ਹੋਵੇ ਅਤੇ ਉਹ ਅਜਿਹਾ ਮੌਕਾ ਦੇਣ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ।ਸਾਲ ਕੁ ਪਹਿਲਾਂ ਚਾਰਲਸਟਨ (ਦੱਖਣੀ ਕੈਰੋਲਿਨਾ) ‘ਚ ਤਕਨੀਕੀ ਸਿਖਲਾਈ ਦੌਰਾਨ ਉਸ ਨੂੰ ਕਿਹਾ ਗਿਆ ਸੀ ਕਿ ਉਹ ਰਾਹਤ ਦੀ ਮੰਗ ਕਰ ਸਕਦਾ ਹੈ ਪਰ ਉਸ ਨੂੰ ਕਦੇ ਵੀ ਅਫ਼ਸਰਾਂ ਨੇ ਨਾ ਨਹੀਂ ਕਿਹਾ ਸੀ।ਸ. ਬਾਜਵਾ ਦਾ ਜਨਮ ਭਾਰਤ ਤੋਂ ਪਰਵਾਸ ਕਰਕੇ ਅਮਰੀਕਾ ਗਏ ਪਰਿਵਾਰ ‘ਚ ਹੋਇਆ ਹੈ।2016 ‘ਚ ਕੈਪਟਨ ਸ. ਸਿਮਰਤਪਾਲ ਸਿੰਘ ਨੂੰ ਅਮਰੀਕੀ ਥਲ ਸੈਨਾ ‘ਚ ਲੰਬੇ ਕੇਸ, ਦਾਹੜੀ ਅਤੇ ਦਸਤਾਰ ਰੱਖਣ ਦੀ ਇਜਾਜ਼ਤ ਮਿਲੀ ਸੀ। ਅਮਰੀਕਾ ਦੀ ਹਵਾਈ ਸੈਨਾ ਵਿੱਚ ਸਿੱਖ ਭਾਈਚਾਰੇ ਨੂੰ ਮਿਲਿਆ ਇਹ ਸਤਿਕਾਰ ਬਹੁਤ ਅਹਿਮ ਹੈ। ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਵਿੱਚ ਸਿੱਖ ਧਰਮ ਅਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਸਨਮਾਨ ਮਿਲਣ ਨਾਲ ਸਿੱਖ ਭਾਈਚਾਰੇ ਦੀ ਸੰਸਾਰ ਭਰ ਵਿੱਚ ਸ਼ਾਨ ਹੋਰ ਵੱਧ ਗਈ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਦੂਸਰੇ ਮੁਲਕ ਵੀ ਇਸੇ ਤਰ੍ਹਾਂ ਸਿੱਖ ਭਾਈਚਾਰੇ ਨੂੰ ਇਨਸਾਫ ਦੇਣਗੇ। ਭਾਰਤ ਵਿੱਚ ਸਿੱਖ ਭਾਈਚਾਰੇ ਨਾਲ ਭਾਰੀ ਵਿਤਕਰਾ ਹੋ ਰਿਹਾ ਹੈ। ਸਿੱਖ ਧਰਮ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਮੌਕੇ ‘ਤੇ ਅਮਰੀਕਾ ਦੀ ਹਵਾਈ ਸੈਨਾ ਦਾ ਇਹ ਫੈਸਲਾ ਭਾਰਤ ਸਰਕਾਰ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਮੂੰਹ ਉੱਪਰ ਚਪੇੜ ਹੈ।
– ਬਲਜੀਤ ਸਿੰਘ ਬਰਾੜ