ਭਾਰਤ-ਪਾਕਿ ਵਪਾਰ ਮੁੜ ਸ਼ੁਰੂ ਹੋਵੇ

ਭਾਰਤ ਅਤੇ ਪਾਕਿਸਤਾਨ ਦਰਮਿਆਨ ਮਾੜੇ ਸਬੰਧਾਂ ਕਾਰਨ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਪੁਲਵਾਮਾ ਦੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਦਵੱਲੇ ਵਪਾਰ ਉੱਪਰ ਕਈ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਸਨ। ਹੁਣ ਜਦੋਂ ਲੋਕ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ, ਤਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਆਪਣੇ ਰਿਸ਼ਤਿਆਂ ਨੂੰ ਮੁੜ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਯਤਨ ਕਰਨਗੇ। ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਨੇ ਸ਼੍ਰੀ ਨਰਿੰਦਰ ਮੋਦੀ ਨੂੰ ਵਧਾਈਆਂ ਭੇਜਦੇ ਹੋਏ ਵੀ ਇਹ ਉਮੀਦ ਜਤਾਈ ਹੈ। ਦਵੱਲੇ ਵਪਾਰ ਵਿੱਚ ਰੋਕਾਂ ਕਾਰਨ ਦੋਵੇਂ ਪਾਸੇ ਦੇ ਵਪਾਰੀ ਅਤੇ ਇਸ ਨਾਲ ਜੁੜੇ ਹੋਰ ਕਾਮੇ ਬਹੁਤ ਪ੍ਰੇਸ਼ਾਨੀ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਅਟਾਰੀ ਸਰਹੱਦ ਉੱਪਰ ਕੰਮ ਕਰਦੇ ਭਾਰਤੀ ਵਪਾਰੀ, ਟਰਾਂਸਪੋਰਟਰ ਅਤੇ ਕੁਲੀ ਖਾਸ ਤੌਰ ‘ਤੇ ਬਹੁਤ ਪ੍ਰਭਾਵਿਤ ਹੋਏ ਹਨ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ਼ ਕਾਰਵਾਈ ਕਰਦੇ ਹੋਏ ਦਰਾਮਦ ਉੱਤੇ ਦੋ ਸੌ ਫੀਸਦ ਕਸਟਮ ਡਿਊਟੀ ਲਗਾ ਦਿੱਤੀ ਸੀ। ਇਸ ਕਾਰਨ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਲਗਭਗ ਠੱਪ ਹੋ ਗਿਆ।ਸਾਧਾਰਨ ਤੌਰ ‘ਤੇ ਅਟਾਰੀ ਦੀ ਸਰਹੱਦ ਉੱਪਰ ਦੋਵੇਂ ਪਾਸੇ ਦੋ ਸੌ ਤੋਂ ਵੱਧ ਟਰੱਕਾਂ ਦੀ ਆਵਾਜਾਈ ਹੁੰਦੀ ਸੀ, ਜੋ ਹੁਣ ਘੱਟ ਕੇ 4 ਤੋਂ 5 ਟਰੱਕ ਹੀ ਰਹਿ ਗਈ ਹੈ। 14 ਫਰਵਰੀ ਤੋਂ ਬਾਅਦ ਹੁਣ ਤੱਕ ਇਹੋ ਹਾਲਾਤ ਚੱਲ ਰਹੇ ਹਨ। ਕਸਟਮ ਡਿਊਟੀ ਵਿੱਚ ਵਾਧਾ ਹੋਣ ਕਾਰਨ ਇਸ ਵੇਲੇ ਅਟਾਰੀ ਸਰਹੱਦ ਉੱਤੇ ਆਈਸੀਪੀ ‘ਤੇ ਲਗਪਗ 2.70 ਕਰੋੜ ਰੁਪਏ ਮੁੱਲ ਦੀਆਂ 90 ਹਜ਼ਾਰ ਸੀਮਿੰਟ ਦੀਆਂ ਬੋਰੀਆਂ ਪਈਆਂ ਹਨ। ਇਸੇ ਤਰ੍ਹਾਂ ਛੇ ਹਜ਼ਾਰ ਬੋਰੀ ਖਜੂਰਾਂ, 15 ਟਰੱਕ ਜਿਪਸਮ ਤੇ ਕੁੱਝ ਟਰੱਕ ਜੀਰੇ ਦੇ ਵੀ ਰੁਕੇ ਹੋਏ ਹਨ।ਕਹਿਣ ਦਾ ਭਾਵ ਇਹ ਹੈ ਕਿ ਦਵੱਲਾ ਵਪਾਰ ਲਗਭਗ ਠੱਪ ਰਿਹਾ ਹੈ। ਇਸ ਦਾ ਨੁਕਸਾਨ ਦੋਵਾਂ ਦੇਸ਼ਾਂ ਨੂੰ ਹੋਇਆ ਹੈ। ਰੁਜ਼ਗਾਰ ਦੇ ਮੌਕੇ ਵੀ ਠੱਪ ਹੋਏ ਹਨ। ਬਦਲੇ ਹੋਏ ਹਾਲਾਤਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਆਪਸੀ ਸਬੰਧਾਂ ਬਾਰੇ ਮੁੜ ਤੋਂ ਚਰਚਾ ਕਰਨੀ ਚਾਹੀਦੀ ਹੈ। ਚੰਗਾ ਹੋਵੇਗਾ ਜੇਕਰ ਤਰਜੀਹੀ ਆਧਾਰ ‘ਤੇ ਦਵੱਲੇ ਵਪਾਰ ਨੂੰ ਆਮ ਵਾਂਗ ਸ਼ੁਰੂ ਕੀਤਾ ਜਾਵੇ। ਇਸ ਨਾਲ ਦੋਵੇਂ ਪਾਸੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਭਾਰਤ ਅਤੇ ਪਾਕਿਸਤਾਨ ਦਰਮਿਆਨ ਰਾਜਸੀ ਮਸਲੇ ਫੌਰੀ ਤੌਰ ‘ਤੇ ਹੱਲ ਹੋਣ ਵਾਲੇ ਨਹੀਂ ਹਨ ਇਸ ਲਈ ਇਨ੍ਹਾਂ ਮੁੱਦਿਆਂ ਕਾਰਨ ਦਵੱਲੇ ਵਪਾਰ ਨੂੰ ਠੱਪ ਨਹੀਂ ਕਰਨਾ ਚਾਹੀਦਾ। ਦੋਵੇਂ ਦੇਸ਼ਾਂ ਨੂੰ ਇਸ ਸਬੰਧੀ ਸਹਿਮਤੀ ਬਣਾਉਣੀ ਚਾਹੀਦੀ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਵੀ ਵਪਾਰ ਨੂੰ ਹਰ ਹਾਲਤ ਵਿੱਚ ਜਾਰੀ ਰੱਖਿਆ ਜਾਵੇਗਾ। ਇਸ ਨੂੰ ਸਿਆਸੀ ਏਜੰਡੇ ਨਾਲ ਜੋੜਨਾ ਸਹੀ ਨਹੀਂ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend