ਮੈਨੂੰ ਜੱਗ ਦੇਖਣ ਦਾ ਚਾਅ ਨੀ ਮਾਏ ਮੇਰੀਏ- ਧੀਆਂ ਇੱਕ ਨਹੀਂ ਬਲਕਿ ਦੋ-ਦੋ ਕੁੱਲਾਂ ਰੁਸ਼ਨਾਉਂਦੀਆਂ ਨੇ

ਔਰਤ ਸ੍ਰਿਸ਼ਟੀ ਦੀ ਸਿਰਜਣਹਾਰ ਹੈ। ਔਰਤ ਨਾਲ ਹੀ ਇਹ ਦੁਨੀਆ ਹੈ। ਔਰਤ ਦੀ ਹੋਂਦ ਨਾਲ ਸੰਸਾਰ ਦੀ ਹੋਂਦ ਹੈ। ਮੋਹ , ਮਮਤਾ ਅਤੇ ਪਿਆਰ ਦਾ ਸੋਮਾ ਹੈ ਔਰਤ। ਔਰਤ ਇੱਕ ਅਜਿਹਾ ਦੀਪਕ ਹੈ ਜੋ ਖੁਦ ਜਲ ਕੇ ਦੂਸਰਿਆਂ ਨੂੰ ਰੋਸ਼ਨੀ ਦਿੰਦਾ ਹੈ ।ਹਰ ਰਿਸ਼ਤੇ ਦਾ ਦਿਲੋ ਸਤਿਕਾਰ ਕਰਨਾ ਇਹ ਪਹਿਚਾਣ ਹੈ ਔਰਤ ਦੀ।ਧੀ, ਭੈਣ, ਪਤਨੀ ਅਤੇ ਮਾਂ ਹਰ ਰੂਪ ਵਿੱਚ ਔਰਤ ਤਿਆਗ ਦੀ ਮੂਰਤ ਹੈ।ਪਰ ਅੱਜ ਦਾ ਸਾਡਾ ਪੜਿਆ – ਲਿਖਿਆ ਅਖਵਾਉਣ ਵਾਲਾ ਸਮਾਜ ਔਰਤ ਦੀ ਹੋਂਦ ਨੂੰ ਹੀ ਖਤਮ ਕਰ ਦੇਣਾ ਚਾਹੁੰਦਾ ਹੈ।ਇਸੇ ਲਈ ਤਾਂ ਅੱਜ ਦੇ ਮਸ਼ੀਨੀ ਯੁੱਗ ਵਿੱਚ ਔਰਤ ਨੂੰ ਜਨਮ ਹੀ ਨਹੀ ਲੈਣ ਦਿੱਤਾ ਜਾਂਦਾ ਹੈ। ਮਾਂ ਦੇ ਪੇਟ ਵਿੱਚ ਹੀ ਭਰੂਣ ਦੀ ਹੱਤਿਆ ਕਰਵਾ ਦਿੱਤੀ ਜਾਂਦੀ ਹੈ। ਉਹ ਬੱਚੀ ਜੋ ਕੱਲ ਨੂੰ ਕਲਪਨਾ ਚਾਵਲਾ , ਇੰਦਰਾ ਗਾਂਧੀ ,ਕਿਰਨ ਬੇਦੀ , ਪ੍ਰਤਿਭਾ ਪਾਟਿਲ ਜਿਹੀ ਮਹਾਨ ਔਰਤ ਬਣ ਸਕਦੀ ਸੀ ਉਸਨੂੰ ਇਸ ਦੁਨੀਆਂ ਨੂੰ ਦੇਖਣ ਦਾ ਹੱਕ ਹੀ ਨਹੀ ਦਿੱਤਾ ਜਾਂਦਾ।ਅੱਜ ਦਾ ਸਮਝਦਾਰ ਸਮਾਜ ਇਹ ਕਿਉਂ ਨਹੀ ਸਮਝ ਰਿਹਾ ਕਿ ਭਰੂਣ ਹੱਤਿਆ ਕਰਕੇ ਉਹ ਆਪ ਹੀ ਸ੍ਰਿਸ਼ਟੀ ਦੇ ਵਿਨਾਸ਼ ਨੂੰ ਸੱਦਾ ਦੇ ਰਿਹਾ ਹੈ। ਜੇਕਰ ਔਰਤ ਦੀ ਹੋਂਦ ਹੀ ਖਤਮ ਹੋ ਗਈ ਤਾਂ ਸ੍ਰਿਸ਼ਟੀ ਦਾ ਵਿਨਾਸ਼ ਨਿਸ਼ਚਿਤ ਹੈ।ਕੰਨਿਆ ਦੀ ਪੂਜਾ ਕਰਨ ਵਾਲੇ ਸਾਡੇ ਸਮਾਜ ਅੰਦਰ ਭਰੂਣ ਹੱਤਿਆ ਕਿਉਂ ਕੀਤੀ ਜਾਂਦੀ ਹੈ ਇਸ ਪ੍ਰਤੀ ਵੀ ਸਭ ਦਾ ਨਜਰੀਆ ਵੱਖ – ਵੱਖ ਹੈ।ਗਰੀਬ ਪਰਿਵਾਰ ਲੜਕੀ ਨਹੀ ਚਾਹੁੰਦੇ ਕਿਉਕਿ ਉਹ ਲੜਕੀ ਦੇ ਵਿਆਹ ਦਾ ਖਰਚ ਅਤੇ ਦਹੇਜ ਦਾ ਖਰਚ ਕਰਨ ਦੇ ਸਮਰੱਥ ਨਹੀ ਹੁੰਦੇ । ਕੁੱਝ ਲੋਕਾ ਦਾ ਮੰਨਣਾ ਹੈ ਕਿ ਲੜਕੀ ਵੱਡੀ ਹੋ ਕੇ ਜੇਕਰ ਗਲਤ ਰਸਤਾ ਅਪਨਾ ਲਵੇ ਜਾਂ ਉਸ ਨਾਲ ਕੁਝ ਗਲਤ ਹੋ ਜਾਵੇ ਤਾਂ ਪੂਰੀ ਕੁੱਲ ਨੂੰ ਹੀ ਕਲੰਕ ਲੱਗ ਜਾਂਦਾ ਹੈ।ਇਸ ਲਈ ਇਸ ਮੁਸੀਬਤ ਨੂੰ ਆਉਣ ਤੋ ਪਹਿਲਾ ਹੀ ਖਤਮ ਕਰ ਦੇਣਾ ਉਚਿਤ ਹੈ ਅਤੇ ਕੁਝ ਮੰਨਦੇ ਹਨ ਕਿ ਲੜਕਾ ਕੁੱਲ ਦਾ ਚਿਰਾਗ ਹੁੰਦਾ ਹੈ ਜਿਸ ਨਾਲ ਵੰਸ਼ ਅੱਗੇ ਵੱਧਦਾ ਹੈ।ਇਸ ਲਈ ਵੰਸ਼ ਨੂੰ ਅੱਗੇ ਤੋਰਨ ਲਈ ਲੜਕੇ ਦਾ ਹੋਣਾ ਜਰੂਰੀ ਹੈ ਲੜਕੀ ਦਾ ਨਹੀ।ਪਰ ਅੱਜ ਦੇ ਪੜ੍ਹੇ – ਲਿਖੇ ਯੁੱਗ ਵਿੱਚ ਇਸ ਤਰ੍ਹਾ ਦੀ ਰੂੜੀਵਾਦੀ ਸੋਚ ਰੱਖਣਾ ਕਿੱਥੋ ਤੱਕ ਸਹੀ ਹੈ ? ਦਾਜ ਦੀ ਖਾਤਿਰ ਧੀਆਂ ਨੂੰ ਕੁੱਖੀ ਕਤਲ ਕਰਨ ਨਾਲੋ ਦਾਜ ਦਾ ਕੋਹੜ ਹੀ ਖਤਮ ਕਰਨਾ ਚਾਹੀਦਾ ਹੈ ਅਤੇ ਦਾਜ ਦੇ ਲੋਭੀਆਂ ਨੂੰ ਸਜਾ ਦੇਣੀ ਚਾਹੀਦੀ ਹੈ।ਉਨ੍ਹਾ ਅਣਜੰਮੀਆਂ ਧੀਆਂ ਨੂੰ ਕਿਸ ਗੱਲ ਦੀ ਸਜਾ ? ਦੂਸਰੇ ਪਾਸੇ ਸਾਡੇ ਸਮਾਜ ਅੰਦਰ ਝੂਠੀ ਅਣਖ ਦੀ ਖਾਤਿਰ ਅਤੇ ਹੈਵਾਨੀਅਤ ਦੇ ਡਰ ਦੇ ਕਾਰਨ ਵੀ ਭਰੂਣ ਹੱਤਿਆ ਜਿਹਾ ਪਾਪ ਕੀਤਾ ਜਾਂਦਾ ਹੈ ਪਰ ਕੀ ਸਾਨੂੰ ਆਪਣੀ ਪਰਵਰਿਸ਼ ਉੱਤੇ ਬਿਲਕੁਲ ਭਰੋਸਾ ਨਹੀ ਹੈ ? ਆਪਣੀਆਂ ਬੱਚੀਆਂ ਨੂੰ ਮਾਈ ਭਾਗੋ ਅਤੇ ਰਾਣੀ ਝਾਂਸੀ ਜਿਹੀਆਂ ਬਹਾਦਰ ਬਣਾਓ।ਉਨ੍ਹਾ ਅੰਦਰ ਬਹਾਦਰੀ ਅਤੇ ਅਣਖ ਨੂੰ ਭਰੋ ਨਾ ਕਿ ਅਬਲਾ ਅਤੇ ਵਿਚਾਰੀ ਕਹਿ – ਕਹਿ ਕੇ ਉਨ੍ਹਾ ਨੂੰ ਕਮਜੋਰ ਬਣਾਓ। ਜੇ ਦੇਖਿਆ ਜਾਵੇ ਤਾ ਪੰਜਾਬ ਦੇ ਜਿਆਦਾਤਰ ਗੱਭਰੂ ਅੱਜ ਨਸ਼ਿਆ ਦੇ ਆਦੀ ਹਨ ।ਕੀ ਇਸ ਨਾਲ ਮਾਪਿਆ ਦੀ ਇੱਜਤ ਤੇ ਕਲੰਕ ਨਹੀ ਲੱਗਦ ? ਕੁੱਝ ਲੋਕਾ ਦਾ ਮੰਨਣਾ ਹੈ ਕਿ ਲੜਕਾ ਘਰ ਦਾ ਚਿਰਾਗ ਹੁੰਦਾ ਹੈ ਪਰ ਘਰ ਦਾ ਅਸਲੀ ਚਿਰਾਗ ਤਾ ਲੜਕੀ ਹੁੰਦੀ ਹੈ ,ਜੋ ਇੱਕ ਨਹੀ ਬਲਕਿ ਦੋ – ਦੋ ਕੁੱਲਾ ਨੂੰ ਰੁਸ਼ਨਾਉਂਦੀ ਹੈ। ਬਾਬਲ ਦੇ ਘਰ ਰਹਿੰਦੀ ਹੈ ਤਾ ਮਾਪਿਆ ਦੀ ਸ਼ਾਨ ਲਈ ਜਿਉਂਦੀ ਹੈ ਅਤੇ ਸਹੁਰਿਆ ਦੇ ਘਰ ਜਾਂਦੀ ਹੈ ਤਾ ਸਹੁਰੇ ਘਰ ਦੀ ਮਰਿਆਦਾ ਵਿੱਚ ਬੱਝ ਜਾਂਦੀ ਹੈ।ਭਰੂਣ ਹੱਤਿਆ ਜਿਹੇ ਅਪਰਾਧ ਲਈ ਸਿਰਫ ਸੱਸ , ਪਤੀ , ਸਹੁਰਾ ਪਰਿਵਾਰ ਜਾਂ ਸਮਾਜ ਨੂੰ ਹੀ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ । ਇਸਦੇ ਲਈ ਮਾਂ ਵੀ ਉਨੀ ਹੀ ਜਿੰਮੇਵਾਰ ਹੈ ,ਕਿਉਕਿ ਜੁਲਮ ਕਰਨ ਵਾਲੇ ਵਾਂਗ ਜੁਲਮ ਸਹਿਣ ਵਾਲਾ ਵੀ ਤਾਂ ਅਪਰਾਧੀ ਹੀ ਹੁੰਦਾ ਹੈ । ਮਾਂ ਲਈ ਤਾਂ ਆਪਣਾ ਬੱਚਾ ਜਾਨ ਨਾਲੋ ਵੱਧ ਪਿਆਰਾ ਹੁੰਦਾ ਹੈ । ਲੜਕੀ ਹੋਵੇ ਜਾਂ ਲੜਕਾ ਉਹ ਉਸਦਾ ਅੰਸ਼ ਹੁੰਦਾ ਹੈ। ਫਿਰ ਇੱਕ ਮਾਂ ਇੰਨੇ ਵੱਡੇ ਪਾਪ ਦੀ ਭਾਗੀਦਾਰ ਬਣਨ ਲਈ ਕਿਵੇ ਤਿਆਰ ਹੋ ਜਾਦੀ ਹੈ ? ਕਿਓ ਨਹੀ ਲੜ ਸਕਦੀ ਉਹ ਆਪਣੀ ਬੱਚੀ ਦੇ ਹੱਕ ਦੀ ਲੜਾਈ ? ਅੱਜ ਲੋੜ ਹੈ ਔਰਤਾਂ ਨੂੰ ਜਾਗ੍ਰਿਤ ਹੋਣ ਦੀ ਅਤੇ ਆਪਣੇ ਵਜੂਦ ਦੀ ਲੜਾਈ ਖੁਦ ਲੜਨ ਦੀ ਤਾਂ ਕਿ ਭਰੂਣ ਹੱਤਿਆ ਜਿਹੇ ਪਾਪ ਨੂੰ ਰੋਕਿਆ ਜਾ ਸਕੇ ।

Send this to a friend