May 25, 2026 5:09 pm

ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਗੁਲਾਮੀ ਦੀਆਂ ਜੰਜ਼ੀਰਾਂ ‘ਚ ਜਕੜੇ ਨੇ ਬਰੇਟਾ ਵਾਸੀ

ਬਰੇਟਾ- ਪੰਜਾਬ ਹਰਿਆਣਾ ਸੀਮਾ ਤੇ ਸਥਿਤ ਜਿਲਾ੍ਹ ਮਾਨਸਾ ਦੀ ਆਖਰੀ ਮੰਡੀ ਬਰੇਟਾ, ਸ਼ਾਇਦ ਸਰਕਾਰੀ ਰਜਿਸਟਰਾਂ ਵਿੱਚ ਹੀ ਪੰਜਾਬ ਦਾ ਹਿੱਸਾ ਹੋਵੇਗੀ । ਪਰ ਇਸ ਮੰਡੀ ਨੂੰ ਬਣਦਾ ਸਤਿਕਾਰ ਦੇਣ ਵਿੱਚ ਹੁਣ ਤੱਕ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸਫਲ ਰਹੀਆਂ ਹਨ । ਇਹੋ ਹੀ ਕਾਰਨ ਹੈ ਕਿ ਜਿੱਥੇ ਇਹ ਇਲਾਕਾ ਪੰਜਾਬ ਦੇ ਹੋਰਨਾਂ ਇਲਾਕਿਆਂ ਦੇ ਮੁਕਬਾਲੇ ਚ ਵੀਹ ਤੀਹ ਸਾਲ ਪੱਛੜ ਗਿਆ ਹੈ , ਉੱਥੇ ਹੀ ਹੁਣ ਤੱਕ ਬੈਕਵਰਡ ਇਲਾਕੇ ਦਾ ਬਦਨੁਮਾ ਦਾਗ ਧੋਣ ਵਿੱਚ ਸਫਲ ਨਹੀਂ ਹੋ ਸਕਿਆ । ਆਜ਼ਾਦੀ ਤੋਂ ਹੁਣ ਤੱਕ ਜਿਨੀਆਂ ਵੀ ਸਿਆਸੀ ਪਾਰਟੀਆਂ ਨੇ ਰਾਜ ਕੀਤਾ, ਹਰ ਪਾਰਟੀ ਨੇ ਇਸ ਇਲਾਕੇ ਦੇ ਵੋਟਰਾਂ ਨੂੰ ਆਪਣੇ ਸੌੜੇ ਹਿੱਤਾਂ ਲਈ ਇਸਤੇਮਾਲ ਕੀਤਾ ਹੈ । ਹਰ ਵਾਰ ਝੂਠੇ ਵਾਅਦਿਆਂ ਅਤੇ ਲਾਰਿਆਂ ਲੱਪਿਆਂ ਵਿੱਚ ਰੱਖਿਆ ਹੈ। ਜਨਤਾ ਹਰ ਵਾਰ ਗੁੰਮਰਾਹ ਹੁੰਦੀ ਰਹੀ ਅਤੇ ਇਹ ਲੀਡਰ ਜਨਤਾ ਦੀ ਚੁੱਪੀ ਨੂੰ ਜਨਤਾ ਦੀ ਕਮਜੋਰੀ ਸਮਝਦੇ ਰਹੇ । ਇਲਾਕਾ ਵਾਸੀ ਖੁਸ਼ੀ ਖੁਸ਼ੀ ਉਨ੍ਹਾਂ ਨਾਲ ਹੁੰਦੀਆਂ ਵਿਤਕਰੇਬਾਜੀਆਂ ਅਤੇ ਪੱਖਪਾਤਾਂ ਨੂੰ ਬਰਦਾਸ਼ਤ ਕਰਦੇ ਰਹੇ ਅਤੇ ਮੁਸੀਬਤਾਂ ਦਾ ਟਾਕਰਾ ਕਰਦੇ ਗਏ । ਹਰ ਵਾਰ ਇੱਥੋ ਦੀ ਜਨਤਾ ਨੇ ਯਕੀਨ ਕੀਤਾ ਕਿ ਸ਼ਾਇਦ ਕੋਈ ਅਜਿਹਾ ਸੂਰਮਾ ਆਵੇਗਾ ਜੋ ਉਨ੍ਹਾਂ ਨੂੰ ਇਨ੍ਹਾਂ ਗੁਲਾਮੀ ਦੀਆਂ ਜੰਜੀ੍ਰਰਾਂ ਤੋਂ ਮੁਕਤ ਕਰਵਾਏਗਾ ਅਤੇ ਆਜਾਦੀ ਦੀ ਹਵਾ ਵਿੱਚ ਸਾਹ ਲੈਣ ਦਾ ਅਹਿਸਾਸ ਕਰਵਾਏਗਾ । ਬੇਸ਼ਕ ਅਸੀਂ ਗੋਰੇ ਅੰਗਰੇਜਾਂ ਦੀ ਗੁਲਾਮੀ ਤੋਂ ਤਾਂ ਨਿਜਾਤ ਹਾਸਿਲ ਕਰ ਲਈ ਹੈ ਪਰ ਹੁਣ ਅਸੀਂ ਆਪਣਿਆਂ ਦੀ ਹੀ ਗੁਲਾਮੀ ਕਰਨ ਲਈ ਮਜਬੂਰ ਹੋ ਗਏ ਹਾਂ। ਸਾਡੀ ਮਤਲਬ ਪ੍ਰਸਤ ਅਤੇ ਖੁਦਗਰਜ ਹੋ ਚੁੱਕੀ ਲੀਡਰਸ਼ਿਪ ਅਤੇ ਕੁਰੱਪਟ ਹੋ ਚੁੱਕੀ ਅਫਸਰਸ਼ਾਹੀ ਸਾਨੂੰ ਨਿੱਤ ਦਲਦਲ ਵਿੱਚ ਧੱਸਣ ਲਈ ਮਜਬੂਰ ਕਰ ਰਹੀ ਹੈ । ਹਰ ਵਾਰ ਇੱਥਂੋ ਵਿਰੋਧੀ ਧਿਰ ਦਾ ਨੇਤਾ ਚੁਣਿਆ ਜਾਂਦਾ ਹੈ । ਸ਼ਾਇਦ ਕਿਸੇ ਥਾਂ ਇਲਾਕਾ ਵਾਸੀ ਇਸ ਨੂੰ ਆਪਣੀ ਕਿਸਮਤ ਦਾ ਕਸੂਰ ਵੀ ਸਮਝਦੇ ਹਨ।
ਉਹ ਕਿਹੜੀ ਸਮੱਸਿਆ ਹੈ ਜਿਸਦਾ ਟਾਕਰਾ ਬਰੇਟਾ ਵਾਸੀਆਂ ਨੂੰ ਨਾ ਕਰਨਾ ਪੈਂਦਾ ਹੋਵੇ । ਹਰ ਥਾਂ ਉੱਪਰ ਸਾਡਾ ਸ਼ੋਸ਼ਣ ਹੋ ਰਿਹਾ ਹੈ । ਅਜਿਹਾ ਕਿਹੜਾ ਵਿਭਾਗ ਹੈ ਜਿੱਥੇ ਬਿਨ੍ਹਾਂ ਰਿਸ਼ਵਤ ਦਿੱਤਿਆਂ ਕੋਈ ਕੰਮ ਹੁੰਦਾ ਹੋਵੇ । ਅਸੀਂ ਲੋਕਤੰਤਰ ਦੇਸ਼ ਦੇ ਵਾਸੀ ਜਰੂਰ ਹਾਂ ਪ੍ਰੰਤੂ ਹੁਣ ਵੀ ਸਾਨੂੰ ਡਿਕਟੇਟਰ ਵਾਂਗ ਗੁਲਾਮੀ ਦਾ ਮਿੰਟ ਮਿੰਟ ਤੇ ਅਹਿਸਾਸ ਕਰਾਇਆ ਜਾਂਦਾ ਹੈ । ਸਾਡਾ ਵੋਟ ਦਾ ਅਧਿਕਾਰ ਵੀ ਗੁਲਾਮੀ ਦੀਆਂ, ਸਰਮਾਏਦਾਰੀ ਦੀਆਂ ਜੰਜੀਰਾਂ ਵਿੱਚ ਜਕੜ ਕੇ ਰਹਿ ਗਿਆ ਹੈ । ਸਾਡੀ ਆਪਣੀ ਸੋਚ ਤੇ ਸਰਮਾਏਦਾਰਾਂ ਅਤੇ ਸੌੜੀਆਂ ਤਾਕਤਾਂ ਦਾ ਕੰੰਮ ਕਰ ਰਹੀਆਂ ਹਨ । ਫਿਰ ਅਸੀਂ ਕਿਵੇਂ ਆਜ਼ਾਦ ਹੋਣ ਦਾ ਦਾਅਵਾ ਜਿਤਾ ਸਕਦੇ ਹਾਂ ? ਪਰ ਹੁਣ ਸਮਾਂ ਤੇਜੀ ਨਾਲ ਬਦਲ ਰਿਹਾ ਹੈ , ਸਾਡੇ ਅਖੌਤੀ ਲੀਡਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੋਈ ਵੀ ਤਖਤੋ ਤਾਜ ਉੱਪਰ ਉਦੋਂ ਤੱਕ ਹੀ ਰਾਜ ਕੀਤਾ ਜਾ ਸਕਦਾ ਹੈ ਜਦੋਂ ਤੱਕ ਲੋਕ ਨਾਲ ਹਨ , ਨਹੀਂ ਤਾਂ ਫਿਰ ਇੱਕ ਨਵੀਂ ਕ੍ਰਾਂਤੀ ਦਾ ਜਨਮ ਹੁੰਦਾ ਹੈ ।
– ਬਿੰਦਰ ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’ ਬਰੇਟਾ

Send this to a friend