ਟੁੱਟ ਰਹੀ ਸਯੁੰਕਤ ਪਰਿਵਾਰ ਪ੍ਰਣਾਲੀ

ਘਰ ਮਨੁਖ ਦਾ ਪਹਿਲਾ ਆਲਹਣਾ ਹੁੰਦਾ ਹੈ ਜਿਥੇ ਉਸ ਨੂੰ ਮਿਠਾਸ ਦੀ ਪਹਿਲੀ ਗੁੜਤੀ ਗੁੜ ਦੇ ਰੂਪ ਵਿਚ ਦਿਤੀ ਜਾਂਦੀ ਹੈ ਘਰ ਵਿਚ ਬਚਪਨ ਦਾ ਲਾਡ ਹੁਲਾਰੇ ਲੈਂਦਾ ਹੈ ਅਤੇ ਘਰ ਦੇ ਮੌਰਾਂ ਤੇ ਚੜ੍ਹਕੇ ਹੀ ਜਵਾਨੀ ਦੀ ਹੀਂਘ ਦਾ ਹੂਟਾ ਆਉਦਾਂ ਹੈ।ਘਰ ਮਨੁਖ ਦੀ ਪਹਿਲੀ ਪੈੜ ਤੇ ਆਖਰੀ ਪੌੜੀ ਹੁੰਦਾ ਹੈ। ਘਰ ਵਿਚ ਹੀ ਮਨੁਖ ਦੀਆਂ ਸਧਰਾਂ ਪਲਦੀਆਂ ਹਨ ਬੇ- ਸ਼ਕ ਅਸੀਂ ਦੁਨੀਆਂ ਦਾ ਕੋਨਾ ਕੋਨਾ ਗਾਹ ਆਈਏ ਪ੍ਰੰਤੂ ਜੋ ਸਕੂਨ ਸਾਨੂੰ ਘਰ ਦੀ ਦੇਹਲੀ ਟਪਦਿਆਂ ਆਉਂਦਾ ਹੈ ਇਸ ਨੂੰ ਸ਼ਬਦਾਂ ਰਾਹੀਂ ਚਿਤਰ ਨਹੀਂ ਵਾਹਿਆ ਜਾ ਸਕਦਾ।ਮਨੁਖ ਦੇ ਦਿਮਾਗ਼ ਵਿਚ ਲੋੜਾਂ ਦੀ ਪੂਰਤੀ ਹਿਤ ਜਦੋਂ ਵਸੇਵੇ ਦਾ ਸਵਾਲ ਆਇਆ ਤਾਂ ਉਸਨੇ ਸਮਾਜ ਦੀ ਸਿਰਜਣਾ ਕੀਤੀ ਤਾਂ ਘਰ ਦਾ ਮੁਢਲਾ ਰੂਪ ਵਝਾ। ਪੁਰਾਤਨ ਸਮੇਂ ਚ ਸਯੁੰਕਤ ਪਰਿਵਾਰ ਪ੍ਰਣਾਲੀ ਪ੍ਰਚਲਿਤ ਸੀ ਜਿਸ ਵਿਚ ਸਮੁਚਾ ਦਾਦਕਾ ਪਰਿਵਾਰ ਸਾਮਲ ਹੁੰਦਾ ਸੀ ਕੋਈ ਤੇਰ-ਮੇਰ ਦਾ ਰੌਲਾ ਨਹੀਂ ਸੀ ਸਭ ਦੇ ਚਾਅ ਸਾਂਝੇ ਸੀ ਤੇ ਦੁਖਾਂ ਦੀ ਸਕੀਰੀ।ਪਰਿਵਾਰ ਦੇ ਸਾਰੇ ਜੀਅ ਰਜਕੇ ਕਮਾਉਣ ਵਾਹੁਣ ਤੇ ਖਾਣ ਵਾਲੇ।ਕੋਈ ਬੰਦਾ ਕਿਰਤ ਨੂੰ ਬੋਝ ਨਹੀਂ ਸਮਝਦਾ ਸੀ ਸਭ ਸੰਤ ਤੇ ਕਿਰਤੀ ਬਿਰਤੀ ਦੇ ਮਾਲਕ ।ਅਧੂਰਾ ਕੰਮ ਨੂੰ ਠੇਡਿਆਂ ਦੀ ਜਗ੍ਹਾ ਸਮੇਟਣਾ ਉਹਨਾਂ ਦੇ ਸੁਭਾਅ ਦਾ ਸਰੂਪ। ਅਥਾਹ ਖੁਸ਼ੀਆਂ,ਪਰਿਵਾਰਕ ਸਾਂਝ ਤੇ ਮਿਲਾਪ ਨਾਲ ਵਸਣ ਦਾ ਅਰਥ ਸੀ ਸਯੁੰਕਤ ਪਰਿਵਾਰ ਪ੍ਰਣਾਲੀ ਪ੍ਰੰਤੂ ਜਿਵੇਂ ਜਿਵੇਂ ਮਨੁਖ ਦੀ ਚੇਤਨਾ ਤੇ ਪਦਾਰਥ ਨੇ ਕਬਜ਼ਾ ਕਰਨਾ ਸੁਰੂ ਕੀਤਾ ਮਨੁਖ ਅੰਦਰ ਸਵਾਰਥੀਪਣ ਨੇ ਜਨਮ ਲਿਆ ਤੇ ਸਕਤੀ ਸੰਘਰਸ਼ ਦਾ ਸੰਕਲਪ ਵਿਕਸਤ ਹੋਣ ਲਗਾ ਵਿਅਕਤੀ ਨੂੰ ਨਿਜ ਦੇ ਸੰਗਲਾਂ ਨੇ ਨੂੜ ਲਿਆ ਪਰਿਵਾਰਕ ਸਾਂਝ ਵਿਚ ਤਰੇੜ ਪੈਣੀ ਸੁਰੂ ਹੋ ਗਈ।ਘਰਾਂ ਵਿਚ ਨਿਕਲੀਆਂ ਕੰਧਾਂ ਨੇ ਮਕਾਨਾਂ ਦੀ ਗਿਣਤੀ ਚ ਵਾਧਾ ਕੀਤਾ ਤੇ ਮਨਾਂ ਚ ਨਿਕਲੀਆਂ ਕੰਧਾਂ ਛੇਤੀ ਨੀ ਮਿਟਦੀਆਂ ਹੁੰਦੀਆਂ।ਇਕਹਰੀ ਪਰਿਵਾਰ ਪ੍ਰਣਾਲੀ ਨੇ ਆਪਣੇ ਪੈਰ ਜਮਾਉਣੇ ਸੁਰੂ ਕੀਤੇ ਨੇ। ਸਯੁੰਕਤ ਪਰਿਵਾਰ ਪ੍ਰਣਾਲੀ ਚ ਜਿਥੇ ਆਸਰਾ ਦੇਣ ਵਾਲੇ ਮੋਢਿਆਂ ਦੀ ਬਹੁਤਾਤ ਸੀ ਉਥੇ ਇਕਹਰੇ ਪਰਿਵਾਰ ਚ ਮਨੁਖ ਇਕਲਤਾ ਦਾ ਸ਼ਿਕਾਰ ਹੋ ਰਿਹਾ ਹੈ ਉਸਦੀ ਹੋੰਦ ਕਮਰੇ ਦੀਆਂ ਕੰਧਾਂ ਤੇ ਉਪਕਰਣਾਂ ਤਕ ਸੀਮਿਤ ਹੈ।ਸਾਡੇ ਬਚਿਆਂ ਕੋਲੋਂ ਦਾਦਾ ਦਾਦੀ ਦੀਆਂ ਲੋਰੀਆਂ ਤੇ ਬਾਤਾਂ ਦਾ ਸਭਿਆਚਾਰ ਵਿਣਸ ਗਿਆ ਹੈ।ਪਹਿਲਾਂ ਰਾਤ ਬਾਤ ਦੇ ਹੁੰਘਾਰੇ ਨਾਲ ਮੁਕਦੀ ਸੀ ਹੁਣ ਮੋਬਾਇਲ ਫੋਨ ਦੀ ਬੈਟਰੀ ਮੁਕਣ ਨਾਲ ਜਾਂ ਨੈਟਵਰਕ ਦੀ ਸਪੀਡ ਸਲੋਅ/ਡਾਟਾ ਮੁਕਣ ਨਾਲ ਮੁਕਦੀ ਹੈ।ਮੌਲਿਕ ਕਦਰਾਂ ਕੀਮਤਾਂ ਜੋ ਸਾਨੂੰ ਵਡੇਰਿਆਂ ਦੀਆਂ ਬਾਤਾਂ ਜਾਂ ਚਿਠਿਆਂ ਰਾਹੀਂ ਆਤਮਸਾਤ ਹੁੰਦੀਆਂ ਸਨ ਹੁਣ ਉਹ ਮਨਫ਼ੀ ਹਨ।ਜ਼ਿੰਦਗੀ ਦਾ ਸੰਤੁਲਨ ਡਾਵਾਂਡੋਲ ਹੈ ਨਿਕੀਆਂ ਨਿਕੀਆਂ ਗਲਾਂ ਕਲੇਸ਼ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਤੇ ਅਸੀਂ ਡਿਪਰੈਸ਼ਨ ਦੀ ਨੌਬਤ ਤਕ ਜਾ ਪਹੁੰਚਦੇ ਹਾਂ ਜੋਕਿ ਸਾਂਝੇ ਪਰਿਵਾਰਾਂ ਚ ਵਡੇਰੇ ਪਰਿਵਾਰ ਨੂੰ ਜੋੜਕੇ ਰਖਣ ਲਈ ਮਨੋਵਿਗਿਆਨਕ ਥੈਰੇਪੀ ਦਾ ਕਾਰਜ ਕਰਦੇ ਸਨ ਨਿਕੀਆਂ ਨਿਕੀਆਂ ਲੜਾਈਆਂ ਨੂੰ ਹਾਸੇ ਠਠੇ ਨਾਲ ਮਸਲ ਦਿੰਦੇ ਸਨ ਅਜੋਕਾ ਵਿਅਕਤੀ ਖੁਦਕਸ਼ੀ ਤਕ ਉਤਰ ਆਉਂਦਾ ਹੈ ਕਿਉਂਕਿ ਉਹਨੂੰ ਕੋਈ ਗਲ ਨਾਲ ਲਾਕੇ ਅਹਿਸਾਸ ਦਿਵਾਉਣ ਵਾਲਾ ਨਹੀਂ।ਮਾਂ ਬਾਪ ਕੋਲ ਬਚਿਆਂ ਲਈ ਵਕਤ ਨਹੀਂ ਉਹ ਸਟੇਟਸ ਸਿੰਬਲ ਦਾ ਪਟਾ ਪਾਈ ਬਸਰ ਕਰ ਰਹੇ ਨੇ ਮੁਕਾਬਲੇਬਾਜ਼ੀ ਦੀ ਦੌੜ ਨੇ ਉਹਨਾਂ ਲਈ ਬੰਦੇ ਦੀ ਪ੍ਰੀਭਾਸ਼ਾ ਹੋਰ ਸਿਰਜ ਦਿਤੀ ਹੈ। ਵਿਆਹ ਸਾਦੀਆਂ ਚ ਤਾਏ ਚਾਚੇ ਤਕ ਹਾਅੜੇ ਕਢਵਾਕੇ ਵੜਦੇ ਹਨ। ਸਯੁੰਕਤ ਪਰਿਵਾਰ ਪ੍ਰਣਾਲੀ ਟੁਟਣ ਨਾਲ ਮਨੁਖ ਇਕਲਤਾ ਤੇ ਮਨੋਵਿਗਿਆਨਕ ਰੋਗਾਂ ਦਾ ਸ਼ਿਕਾਰ ਹੋਇਆ ਹੈ ਉਥੇ ਬਿਰਧ ਆਸਰਮਾਂ ਚ ਵੀ ਇਸਨੇ ਹਿਸਾ ਪਾਇਆ ਹੈ।ਰਸੂਲ ਹਮਜਾਤੋਵ ਮੇਰਾ ਦਾਗਿਸਤਾਨ ਚ ਲਿਖਦਾ ਹੈ ਜੇ ਤੁਸੀਂ ਵਰਤਮਾਨ ਤੇ ਗੋਲੀ ਚਲਾਓਗੇ ਤਾਂ ਭਵਿਖ ਤਹਾਨੂੰ ਤੋਪ ਨਾਲ ਫੁੰਡ ਦੇਵੇਗਾ।ਆਓ ਰਲ ਮਿਲਕੇ ਹੰਭਲਾ ਮਾਰੀਏ ਤੇ ਟੁਟਦੇ ਪਰਿਵਾਰਾਂ ਚ ਚਾਸਣੀ ਭਰੀਏ ਤਾਂ ਜੋ ਅਸੀਂ ਵੀ ਮਹਿਕਦੇ ਟਹਿਕਦੇ ਪਰਿਵਾਰਾਂ ਦਾ ਨਿਘ ਮਾਣ ਸਕੀਏ।
– ਰਮਨਦੀਪ ਸਿੰਘ
ਖੀਵਾ ਮੀਹਾਂ ਸਿੰਘ ਵਾਲਾ
ਸੰਪਰਕ : 84378-13558

Send this to a friend