ਕਿੱਧਰ ਗਾਇਬ ਹੋ ਗਏ ਪੰਜਾਬ ਦੇ ਖੇਡ ਮੇਲਿਆਂ ’ਚੋਂ ਗੱਭਰੂ

ਪੰਜਾਬ ਦੀ ਧਰਤੀ ਅਜਿਹੀ ਧਰਤੀ ਹੈ ਜਿਸ ਨੇ ਭਰਮੇ ਜੁਸੇ, ਸਰੀਰਕ ਤੌਰ ’ਤੇ ਤੰਦਰੁਸਤ, ਸੋਹਣੇ, ਅਣਖੀ, ਬੇਹਦ ਜ਼ੋਰ ਵਾਲੇ ਨੌਜਵਾਨ ਪੈਦਾ ਕੀਤੇ ਹਨ।ਇਹ ਨੌਜਵਾਨ ਮੌਕਾ ਮਿਲਿਆ ਤਾਂ ਆਪਣੇ ਜ਼ੋਰ ਦਾ ਪ੍ਰਦਰਸ਼ਨ ਵੀ ਜਰੂਰ ਕਰਦੇ ਸੀ। ਇਥੋਂ ਦੇ ਲੋਕਾਂ ਦਾ ਮੁਖ ਕੰਮ ਖੇਤੀ ਬਾੜੀ ਹੈ। ਇਥੋਂ ਦੇ ਲੋਕਾਂ ਨੂੰ ਕਣਕ ਦੀ ਬਿਜਾਈ ਕਰਕੇ ਕੁਝ ਮਹੀਨੇ ਕੰਮ ਤੋਂ ਥੋੜੀ ਵਿਹਲ ਮਿਲ ਜਾਂਦੀ ਹੈ। ਇਹਨਾਂ ਦਿਨਾਂ ਵਿਚ ਬਹੁਤ ਘਟ ਕੰਮ ਹੁੰਦਾ ਹੈ। ਇਹਨਾਂ ਦਿਨਾਂ ਵਿਚ ਪਿੰਡਾਂ ਵਿਚ ਤਰ੍ਹਾਂ ਤਰ੍ਹਾਂ ਦੇ ਖੇਡ ਮੇਲੇ ਕਰਵਾਉਦੇ ਰਹਿੰਦੇ ਹਨ। ਜਿਥੇ ਗਭਰੂ ਆਪਣਾ ਜ਼ੋਰ ਦਿਖਾਉਦੇ ਹਨ। ਪਿੰਡਾਂ ਵਿਚ ਜਿਆਦਾ ਤਰ ਮਾਂ ਖੇਡ ਕਬਡੀ ,ਹਾਕੀ ਦੇ ਟੂਰਨਾਮੈਂਟ, ‘ਤੇ ਹੁਣ ਕ੍ਰਿਕਟ ਦੇ ਟੂਰਨਾਮੈਂਟ ਵੀ ਇਸ ਵਿਚ ਸ਼ਾਮਲ ਹੋ ਗਏ ਹਨ।
ਇਹਨਾਂ ਟੂਰਨਾਮੈਂਟਾਂ ਤੇ ਕਬਡੀ ਆਦਿ ਦੇ ਨਾਲ ਨਾਲ ਆਪਣੇ ਸਰੀਰਕ ਕਰਤਵ ਦਿਖਾਉਣ ਵਾਲੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਪਹੁੰਚਦੇ ਸਨ। ਜਿਵੇ ਟੂਰਨਾਮੈਂਟ ਤੇ ਇਕ ਆਦਮੀ ਨੇ ਝੰਡੀ ਫੇਰ ਦੇਣੀ ਕੇ ਮੇਰੇ ਨਾਲ ਕੋਈ ਵੀ ਘੋਲ ਕਰ ਸਕਦਾ ਹੈ। ਕਦੇ ਵੀ ਅਜਿਹਾ ਨਹੀਂ ਸੀ ਹੋਇਆ ਕਿ ਉਸ ਦੀ ਝੰਡੀ ਕਿਸੇ ਨੇ ਫੜੀ ਹੀ ਨਾ ਹੋਵੇ। ਜਿਤਣਾ ਹਾਰਨਾ ਹੋਰ ਗਲ ਐ ਪਰ ਉਸ ਨਾਲ ਘੋਲ ਕਰਨ ਵਾਲੇ ਦੋ ਚਾਰ ਜਾਣੇ ਜਰੂਰ ਪਹੁੰਚ ਜਾਂਦੇ ਸਨ। ਮੇਰਾ ਰਿਸ਼ਤੇਦਾਰੀ ‘ਚੋਂ ਮਾਮਾ ਲਗਦਾ ਸੀ ਜਿਸ ਦਾ ਨਾਂਅ ਸੀ ਬਿੰਦਰ ਕੜਿਆਲ ਉਹ ਅਖਾਂ ਤੋਂ ਮੁਨਾਖ਼ਾ ਸੀ। ਪਰ ਪਤਾ ਨਹੀਂ ਉਹਨੂੰ ਕਿਵੇਂ ਪਤਾ ਲਗਦਾ ਸੀ ਕਿ ਅਜ ਫ਼ਲਾਨੇ ਪਿੰਡ ਟੂਰਨਾਮੈਂਟ ਐ। ਉਹ ਹਰ ਪਿੰਡ ਵਿਚ ਟੂਰਨਾਮੈਂਟ ਤੇ ਆਪਣੇ ਕਰਤਵ ਦਿਖਾਉਣ ਪਹੁੰਚ ਜਾਂਦਾ ਸੀ। ਉਸ ਕੋਲ ਭਾਰ ਚਕਣ ਵਾਲਾ 80 ਕਿਲੋ ਦਾ ਪਟੜਾ ਹੁੰਦਾ ਸੀ। ਜਿਸ ਨੂੰ ਉਹ ਆਪਣੇ ਸਹਾਇਕ ਨਾਲ ਖੇਡ ਮੈਦਾਨ ਵਿਚ ਲਿਆ ਰਖਦਾ ਤੇ ਫਿਰ ਉਹ ਉਸ ਪਟੜੇ ਦਾ ਬਾਲਾ ਕਈ ਕਈ ਵਾਰ ਕਢਦਾ ਸੀ। ਲੋੜ ਪੈਣ ‘ਤੇ ਉਸ ਉਪਰ ਇਕ ਦੋ ਇਟਾ ਵੀ ਰਖ ਲੈਂਦਾ ਸੀ। ਇਹ ਉਸ ਦਾ ਸ਼ੌਕ ਹੀ ਸੀ।
ਜਦੋਂ ਮੈਂ ਛੋਟਾ ਜਿਹਾ ਸੀ ਤਾਂ ਮੇਰੇ ਪਿੰਡ ਖੇਡ ਕਬਡੀ ਟੂਰਨਾਮੈਂਟ ਵਿਚ ਮੇਰੇ ਪਿੰਡ ਦਾ ਰੇਸ਼ਮ ਸਿੰਘ ਕੰਨਾਂ ਨਾਲ ਮੋਟਰਸਾਈਕਲ ਖਿਚਦਾ, ਇਕ ਆਦਮੀ ਦੰਦਾਂ ਨਾਲ ਹਲ ਚੁਕ ਕੇ ਦਿਖਾਉਂਦਾ ਸੀ। ਮੇਰੇ ਪਿਤਾ ਜੀ ਤੇ ਚਾਚਾ ਜੀ ਨੇ ਟੂਰਨਾਮੈਂਟ ਵਿਚ ਸਾਢੇ ਤਿੰਨ ਮਣ ਦੀ ਬੋਰੀ ਚੁਕ ਕੇ ਦਿਖਾਉਣੀ। ਉਸ ਬੋਰੀ ਨੂੰ ਚੁਕਣ ਲਈ ਕਈ ਮੁੰਡੇ ਆਉਦੇ ਸਨ ਪਰ ਇਹਨਾਂ ਤੋਂ ਵਧ ਭਾਰ ਕੋਈ ਨਹੀਂ ਸੀ ਚੁਕ ਸਕਿਆ। ਇਸੇ ਤਰ੍ਹਾਂ ਕੋਈ ਸੋ ਦੋ ਸੋ ਡੰਡ ਮਾਰਕੇ ਦਿਖਾਉਦਾ। ਕੋਈ ਗਰਾਉਡ ਦੇ ਭਜ ਕੇ ਅਸੀ ਨਬੇ ਚਕਰ ਲਾ ਕੇ ਦਿਖਾਉਦਾ ਸੀ। ਇਸ ਤਰ੍ਹਾਂ ਨੌਜਵਾਨ ਆਪਣੇ ਜ਼ੋਰ ਦੀ ਨਮਾਇਸ਼ ਕਰਦੇ ਸਨ। ਮਾਲਵੇ ਦੇ ਖੇਡ ਮੇਲਿਆਂ ਵਿਚ ਇਕ ਆਦਮੀ ਦਿਸਦਾ ਸੀ ਜਿਸ ਦਾ ਨਾਂਅ ਸੀ ਭੋਡੀਪੁਰੇ ਵਾਲਾ ਗੁੜਦੁੰਬਾ ਉਸ ਨੇ ਖੇਡ ਮਦਾਨ ਵਿਚ ਪੁਠੀਆਂ ਸਿਧੀਆਂ ਛਾਲਾ ਮਾਰ ਮਾਰ ਕੇ ਲੋਕਾਂ ਦਾ ਮਨੋਰੰਜਨ ਕਰਨਾ। ਜਿਸ ਟੂਰਨਾਮੈਂਟ ਵਿਚ ਗੁੜਦੁੰਬਾ ਨਾ ਹੁੰਦਾ ਉਹ ਟੂਰਨਾਮੈਂਟ ਹੀ ਫਿਕਾ ਫਿਕਾ ਲਗਦਾ ਸੀ। ਇਸ ਸਭ ਇਸ ਲਈ ਵੀ ਨਹੀਂ ਕਿ ਉਸ ਸਮੇਂ ਉਹਨਾਂ ਕਰਤਵ ਦਿਖਾਉਣ ਵਾਲਿਆ ਨੂੰ ਕੋਈ ਬਹੁਤਾ ਇਨਾਮ ਮਿਲਦਾ ਸੀ। ਪਿਤਾ ਜੀ ਹੁਣੀ ਤਾਂ ਇਕਲੀ ਟਰਾਫ਼ੀ ਹੀ ਲੈਂਦੇ ਸਨ ਤੇ ਮਾਮਾ ਜੀ ਦੇ ਨਾਲ ਵਾਲੇ ਹੀ ਉਸ ਨੂੰ ਲਿਆਉਦੇ ਤੇ ਇਕਠੇ ਹੋਏ ਪੈਸੇ ਵੀ ਉਹ ਹੀ ਛਕ ਜਾਂਦੇ ਸਨ। ਇਹੋ ਕਾਰਨ ਸੀ ਕਿ ਨੌਜਵਾਨ ਆਪਣੇ ਸਰੀਰਕ ਜ਼ੋਰ ਦਾ ਪ੍ਰਦਰਸ਼ਨ ਬਗੇਰ ਕਿਸੇ ਨਸ਼ੇ ਦੇ ਕਰਦੇ ਸਨ।ਉਸ ਸਮੇਂ ਨਸ਼ਾ ਕਰਨ ਵਾਲੇ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ। ਹੁਣ ਜਿਵੇਂ ਜਿਵੇਂ ਖੇਡਾਂ ਵਿਚ ਵਡੇ ਵਡੇ ਇਨਾਮ ਆ ਗਏ ਉਸੇ ਤਰ੍ਹਾਂ ਹੀ ਇਨਾਮ ਜਿਤਣ ਲਈ ਤਰ੍ਹਾਂ ਤਰ੍ਹਾਂ ਦੇ ਨਸ਼ੇ ਵੀ ਖਿਡਾਰੀਆਂ ਵਿਚ ਆ ਗਏ। ਜਿਸ ਨੇ ਸਾਡੇ ਦੇਸ਼ ਦੇ ਨੌਜਵਾਨਾਂ ਦਾ ਬਹੁਤ ਜਿਆਦਾ ਨੁਕਸਾਨ ਵੀ ਕੀਤਾ ਹੈ।
ਹੁਣ ਵੀ ਪਿੰਡਾਂ ਵਿਚ ਟੂਰਨਾਮੈਂਟ ਹੁੰਦੇ ਹਨ ਪਰ ਇਹਨਾਂ ਵਿਚ ਆਪਣਾ ਜ਼ੋਰ ਦਿਖਾਣ ਦੀ ਥਾਂ ਖ਼ਤਰਨਾਕ ਸਟੰਟ ਦਿਖਾਉਣ ਵਾਲੇ ਆਉਂਦੇ ਹਨ। ਕੋਈ ਟਰੈਕਟਰ ਟੋਚਨ ਮੁਕਾਬਲਾ ਕਰਦੇ ਹਨ। ਕੋਈ ਟਰੈਕਟਰ ਤੋਂ ਕਈ ਤਰ੍ਹਾਂ ਦੇ ਖ਼ਤਰਨਾਕ ਸਟੰਟ ਕਰਵਾਉਦਾ ਹੈ। ਕੋਈ ਮੋਟਰਸਾਈਕਲ ਤੇ ਸਟੰਟ ਕਰਕੇ ਦਿਖਾਉਦਾ ਹੈ।ਇਸ ਗਲ ਤੋਂ ਇਹ ਗਲ ਸਾਫ਼ ਹੁੰਦੀ ਹੈ ਕਿ ਹੁਣ ਦੇ ਗਭਰੂ ਆਪਣਾ ਜ਼ੋਰ ਦਿਖਾਉਣ ਦੀ ਥਾਂ ਮਸ਼ੀਨਰੀ ਦਾ ਜ਼ੋਰ ਦਿਖਾਉਦੇ ਹਨ। ਜੋ ਬਹੁਤ ਮਾੜੀ ਗਲ ਹੈ। ਸਰਕਾਰ ਨੂੰ ਇਸ ਤਰ੍ਹਾਂ ਕਰਨ ’ਤੇ ਰੋਕ ਲਾਉਣੀ ਚਾਹੀਦਾ ਹੈ।ਅਜਿਹਾ ਕਰਨ ‘ਤੇ ਕਰਵਾਉਣ ਵਾਲਿਆ ਦੋਨਾਂ ‘ਤੇ ਸਰਕਾਰ ਵਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
– ਜਸਕਰਨ ਲੰਡੇ
ਮੋਗਾ, ਸੰਪਰਕ : 94171-03413

Send this to a friend