ਆਮ ਆਦਮੀ ਪਾਰਟੀ ਪੰਜਾਬ ਵਿੱਚ ਇਕ ਨਵੀਂ ਉਮੀਦ ਬਣ ਕੇ ਉਭਰੀ ਸੀ ਪ੍ਰੰਤੂ ਇਹ ਸੁਪਨਾ ਹੁਣ ਚੂਰ-ਚੂਰ ਹੁੰਦਾ ਨਜ਼ਰ ਆ ਰਿਹਾ ਹੈ। ਪਾਰਟੀ ਦਾ ਰੂਪਨਗਰ ਤੋਂ ਦੂਸਰਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹੈ।ਇਸ ਤੋਂ ਪਹਿਲਾਂ ‘ਆਪ’ ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ‘ਆਪ’ ਵਿਧਾਇਕਾਂ ਦੀ ਇਹ ਦਲ ਬਦਲੀ ਪਾਰਟੀ ਦੇ ਨਾਲ-ਨਾਲ ਵੋਟਰਾਂ ਲਈ ਵੀ ਇਕ ਵੱਡਾ ਝਟਕਾ ਹੈ। ਇਹ ਦਲ ਬਦਲੀਆਂ ਇਹ ਦੱਸ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਵਿਧਾਇਕਾਂ ਨੇ ਹੀ ਦਲ ਬਦਲੀ ਲਈ ਆਪੋ-ਆਪਣੇ ਹਲਕੇ ਦੇ ਵਿਕਾਸ ਦਾ ਬਹਾਨਾ ਬਣਾਇਆ ਹੈ। ਕਹਿਣ ਦਾ ਭਾਵ ਇਹ ਹੈ ਕਿ ਵਿਚਾਰਧਾਰਾ ਦਾ ਮੁੱਦਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਹਲਕੇ ਦੇ ਵਿਕਾਸ ਦੇ ਨਾਮ ਉਪਰ ਪਾਰਟੀ ਬਦਲ ਲਈ। ਜੇਕਰ ਇਹ ਬਹਾਨਾ ਸਹੀ ਵੀ ਹੈ ਤਾਂ ਇਹ ਸੂਬੇ ਦੇ ਰਾਜਸੀ ਪ੍ਰਬੰਧ ਲਈ ਹੋਰ ਵੀ ਬੁਰੀ ਗੱਲ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸੂਬਾ ਸਰਕਾਰ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੇ ਹਲਕਿਆਂ ਵੱਲ ਬਰਾਬਰ ਧਿਆਨ ਨਹੀਂ ਦੇ ਰਹੀ। ਵਿਧਾਨ ਸਭਾ ਹਲਕਿਆਂ ਨੂੰ ਫੰਡਾਂ ਦੀ ਵੰਡ ਸਮੇਂ ਵਿਤਕਰਾ ਕੀਤਾ ਜਾ ਰਿਹਾ ਹੈ। ਦੋਵੇਂ ਵਿਧਾਇਕਾਂ ਦਾ ਇਹ ਬਹਾਨਾ ਅਸਿੱਧੇ ਤਰੀਕੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ ਉਪਰ ਇਕ ਸਵਾਲੀਆ ਨਿਸ਼ਾਨ ਹੈ। ਮੁੱਖ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ‘ਵਿਕਾਸ’ ਦੇ ਇਸ ਬਹਾਨੇ ਦੇ ਬਾਵਜੂਦ ਦੋਵੇਂ ਵਿਧਾਇਕਾਂ ਦੀ ਵੋਟਰਾਂ ਪ੍ਰਤੀ ਜਵਾਬਦੇਹੀ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਨੂੰ ਇਕ ਖਾਸ ਵਿਚਾਰਧਾਰਾ ਕਾਰਨ ਚੁਣਿਆ ਗਿਆ ਸੀ। ਜੇਕਰ ਅਜਿਹਾ ਨਾ ਹੁੰਦਾ ਤਾਂ ਵੋਟਰ ਉਸ ਵੇਲੇ ਹੀ ਕਾਂਗਰਸ ਨੂੰ ਚੁਣ ਲੈਂਦੇ। ‘ਆਪ’ ਵਿਧਾਇਕਾਂ ਦਾ ਪਾਰਟੀ ਨਾਲੋਂ ਮੋਹ ਭੰਗ ਹੋਣਾ ਵੀ ਹੈਰਾਨੀ ਦੀ ਗੱਲ ਹੈ। ਦਲ ਬਦਲੀ ਕਰਨ ਵਾਲੇ ਦੋਵੇਂ ਵਿਧਾਇਕ ਵਿਚਾਰਧਾਰਕ ਅਧਾਰ ਨੂੰ ਹੀ ਖਾਰਜ ਕਰ ਰਹੇ ਹਨ। ਵੋਟਰਾਂ ਨੇ ‘ਆਪ’ ਦੀ ਨਵੀਂ ਸਿਆਸੀ ਦਿਸ਼ਾ ਕਾਰਨ ਹੀ ਉਸ ਦੇ ਵਿਧਾਇਕਾਂ ਨੂੰ ਚੁਣਿਆ ਸੀ। ਦੋ ਸਾਲਾਂ ਦੇ ਸਮੇਂ ਵਿੱਚ ਅਜਿਹਾ ਕੀ ਵਾਪਰਿਆ ਕਿ ਦੋਵੇਂ ਵਿਧਾਇਕਾਂ ਨੇ ਇਸ ਸਿਆਸੀ ਵਿਚਾਰਧਾਰਾ ਨੂੰ ਤਿਆਗ ਕੇ ਕਾਂਗਰਸ ਦਾ ਹੱਥ ਫੜ ਲਿਆ। ਬੇਸ਼ਕ ‘ਆਪ’ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ‘ਆਪ’ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਉਣ ਲਈ ਉਨ੍ਹਾਂ ਨੂੰ ਅਹੁਦੇ ਅਤੇ ਮਾਇਆ ਦੇ ਗੱਫਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਇਸ ਦਲੀਲ ਵਿੱਚ ਵੱਡਾ ਦਮ ਨਹੀਂ ਲੱਗਦਾ। ਪੰਜਾਬ ਵਿੱਚ ਕਾਂਗਰਸ ਕੋਲ ਪਹਿਲਾਂ ਹੀ ਵਿਧਾਨ ਸਭਾ ਵਿੱਚ ਪੂਰਨ ਬਹੁਮਤ ਤੋਂ ਵੱਧ ਵਿਧਾਇਕ ਹਨ। ਇਸ ਲਈ ਉਸ ਨੂੰ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਖਰੀਦਣ ਦੀ ਜ਼ਰੂਰਤ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਦਲ ਬਦਲੀ ਕਰਨ ਵਾਲੇ ਵਿਧਾਇਕਾਂ ਨੂੰ ਕਾਂਗਰਸ ਵੱਲੋਂ ਸਿਆਸੀ ਤੌਰ ’ਤੇ ਕਈ ਸੁਭਾਵਿਕ ਲਾਭ ਦੇਣ ਦਾ ਭਰੋਸਾ ਦਿੱਤਾ ਗਿਆ ਹੋਵੇ। ਇਨ੍ਹਾਂ ਦਲ ਬਦਲੀਆਂ ਦਾ ਕਾਂਗਰਸ ਨੂੰ ਲੋਕ ਸਭਾ ਵਿੱਚ ਕੀ ਲਾਭ ਹੁੰਦਾ ਹੈ ਇਹ ਵੀ ਦੇਖਣਾ ਦਿਲਚਸਪ ਹੋਵੇਗਾ। ਦੋਵਾਂ ਦਲ ਬਦਲੀਆਂ ਨੇ ਇਕ ਤਰ੍ਹਾਂ ਨਾਲ ‘ਆਪ’ ਨੂੰ ਪੰਜਾਬ ਵਿੱਚ ਸਿਆਸੀ ਹਾਸ਼ੀਆ ’ਤੇ ਧੱਕ ਦਿੱਤਾ ਹੈ। ‘ਆਪ’ ਨੂੰ ਇਸ ਸਦਮੇ ’ਚੋਂ ਉਭਰਨ ਲਈ ਸਮਾਂ ਲੱਗੇਗਾ। ਲੋਕ ਸਭਾ ਚੋਣਾਂ ਵਿੱਚ ਵੀ ਉਸ ਨੂੰ ਇਸ ਕਾਰਨ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਨ੍ਹਾਂ ਦਲ ਬਦਲੀਆਂ ਲਈ ਪਾਰਟੀ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਦੋਹਾਂ ਦੀਆਂ ਗਲਤੀਆਂ ਕਾਰਨ ਹੀ ਵਿਧਾਇਕ ਪਾਰਟੀ ਛੱਡ ਰਹੇ ਹਨ। ‘ਆਪ’ ਨੂੰ ਇਸ ਮੁੱਦੇ ’ਤੇ ਆਤਮ ਮੰਥਨ ਕਰਨਾ ਹੋਵੇਗਾ।
– ਬਲਜੀਤ ਸਿੰਘ ਬਰਾੜ