ਵਿਰੋਧ ’ਚ ਕਾਇਮ ਰੱਖੀ ਜਾਵੇ ਭਾਸ਼ਾ ਦੀ ਮਰਿਆਦਾ

ਦੇਸ਼ ਵਿੱਚ ਚੋਣ ਮਹੌਲ ਪੂਰੀ ਤਰ੍ਹਾਂ ਭਖਆਿ ਹੋਇਆ ਹੈ। ਚਾਰੇ ਪਾਸੇ ਚੋਣ ਰੈਲੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਹੋ ਰਹੀਆਂ ਹਨ। ਬਹੁਤੇ ਉਮੀਦਵਾਰ ਆਪਣੇ ਆਪ ਨੂੰ ਬਿਹਤਰ ਅਤੇ ਦੂਸਰੇ ਨੂੰ ਬਦਤਰ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਹ ਇਸ ਕੋਸ਼ਿਸ਼ ਵਿੱਚ ਵੱਧ ਹਨ ਕਿ ਉਹ ਵਿਰੋਧੀ ਦੀਆਂ ਕਿਹੜੀਆਂ ਕਿਹੜੀਆਂ ਕਮਜ਼ੋਰੀਆਂ ਫੜ੍ਹਕੇ ਉਸਦਾ ਪਰਦਾ ਫਾਸ਼ ਕਰ ਸਕਦੇ ਹਨ। ਆਪਣੀ ਕਾਬਲੀਅਤ, ਗੁਣਾਂ ਅਤੇ ਕੀਤੇ ਕਾਰਜ ਗਿਣਾਉਣ ਦੀ ਬਜਾਏ, ਵਿਰੋਧੀਆਂ ਨੇ ਕੀ ਨਹੀਂ ਕੀਤਾ ਉਹ ਜਿਆਦਾ ਮਹੱਤਵਪੂਰਨ ਬਣ ਚੁੱਕਿਆ ਹੈ। ਕੁਝ ਸੱਜਣਾਂ ਦੇ ਭਾਸ਼ਣ ਤਾਂ ਇਸ ਹੱਦ ਤੱਕ ਜਾ ਚੁੱਕੇ ਹਨ ਕਿ ਉਹਨਾਂ ਨੂੰ ਬੋਲ ਕੇ ਲੱਜ ਨਹੀਂ ਆਉਂਦੀ ਪਰ ਸੁਣਨ ਵਾਲੇ ਇਹ ਸੋਚਕ ੇ ਜਰੂਰ ਸ਼ਰਮਸਾਰ ਹੋ ਰਹੇ ਹਨ ਕਿ ਅਸੀਂ ਅਜਿਹੇ ਲੋਕਤੰਤਰ ਵਿੱਚ ਆਪਣੇ ਨੁਮਾਂਇੰਦੇ ਚੁਣਨ ਜਾ ਰਹੇ ਹਾਂ। ਇਸ ਲੇਖ ਦਾ ਮੁੱਖ ਮਕਸਦ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਇਹ ਬੇਨਤੀ ਕਰਨਾ ਹੈ ਕਿ ਉਹ ਦੂਸਰਿਆਂ ਦਾ ਵਿਰੋਧ ਕਰਨ ਸਮੇਂ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ, ਵਰਤੇ ਜਾ ਰਹੇ ਸ਼ਬਦ ਅਤੇ ਵਿਰੋਧ ਵਿੱਚ ਮਰਿਆਦਾ ਜਰੂਰ ਕਾਇਮ ਰੱਖਣ।
ਕਿਸੇ ਵੀ ਦੇਸ਼, ਸਮਾਜ ਜਾਂ ਸੰਸਥਾ ਵਿੱਚ ਉਸ ਦੇ ਮੁਖੀਆਂ ਅਤੇ ਮਹੱਤਵਪੂਰਨ ਮੈਂਬਰਾਂ ਦੀਆਂ ਨੀਤੀਆਂ, ਫੈਸਲਿਆਂ ਜਾਂ ਕਾਰਗੁਜ਼ਾਰੀ ਉਪਰ ਰੋਸ ਹੋਣਾ, ਉਸ ਨਾਲ ਅਸਹਿਮਤ ਹੋਣਾ ਜਾਂ ਉਸ ਤੋਂ ਅਸੰਤੁਸ਼ਟ ਹੋਣਾ ਬਹੁਤ ਹੀ ਕੁਦਰਤੀ ਵਰਤਾਰਾ ਹੈ। ਇਹ ਇਸ ਗੱਲ ਦਾ ਸੂਚਕ ਹੁੰਦਾ ਹੈ ਕਿ ਉਸ ਦੇਸ਼, ਸਮਾਜ ਜਾਂ ਸੰਸਥਾ ਦੇ ਬਸ਼ਿੰਦੇ ਚੇਤੰਨ ਹਨ, ਸੂਝ-ਬੂਝ ਰੱਖਦੇ ਹਨ ਅਤੇ ਜਰੂਰਤਾਂ ਤੇ ਸਥਿਤੀਆਂ ਅਨੁਸਾਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਸਮਰੱਥ ਹਨ। ਅਜਿਹੀ ਪਰਜਾ ਦੀ ਮੌਜੂਦਗੀ ਵਿੱਚ ਰਾਜਭਾਗ ਚਲਾਉਣ ਵਾਲੇ ਸਾਰੇ ਜ਼ਿੰਮੇਵਾਰ ਸੱਜਣ ਕੋਈ ਵੀ ਜਨ-ਵਿਰੋਧੀ ਫੈਸਲਾ ਲੈਣ ਵੇਲੇ ਬਹੁਤ ਸੁਚੇਤ ਹੋ ਕੇ ਕਾਰਜ ਕਰਦੇ ਹਨ। ਉਹਨਾਂ ਨੂੰ ਇਹ ਇਲਮ ਹੁੰਦਾ ਹੈ ਕਿ ਜਾਗਦੇ ਹੋਏ ਲੋਕਾਂ ਨਾਲ ਕੋਈ ਵਿਤਕਰਾ ਜਾਂ ਵਧੀਕੀ ਨਹੀਂ ਕੀਤੀ ਜਾ ਸਕਦੀ। ਜੇਕਰ ਉਹ ਇਸਦੇ ਉਲਟ ਕਾਰਜ ਕਰਦੇ ਹਨ ਤਾਂ ਉਹਨਾਂ ਨੂੰ ਆਪਣੇ ਕੀਤੇ ਕਾਰਜਾਂ ਦਾ ਇਵਜ਼ਾਨਾ ਅਦਾ ਕਰਨਾ ਪੈਂਦਾ ਹੈ। ਅਜਿਹੇ ਸਤਰਕ ਅਤੇ ਸੁਚੇਤ ਵਾਤਾਵਰਣ ਵਿੱਚ ਸਮੁੱਚੇ ਸਮਾਜ ਦਾ ਵੀ ਬਿਹਤਰ ਵਿਕਾਸ ਹੁੰਦਾ ਹੈ। ਬਹੁ-ਗਿਣਤੀ ਵਿਕਸਤ ਦੇਸ਼ਾਂ ਵਿੱਚ ਅਕਸਰ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ।
ਪਿਛਲੇ ਸਮੇਂ ਦੁਰਾਨ ਜੇਕਰ ਬਹੁਤ ਸਾਰੇ ਮਹੱਤਵਪੂਰਨ ਵਿਅਕਤੀਆਂ ਦੇ ਭਾਸ਼ਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇੱਕ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੁਆਰਾ ਬੋਲੇ ਗਏ ਬੋਲ ਅਤੇ ਵਰਤੇ ਗਏ ਸ਼ਬਦ ਕਿਸੇ ਵੀ ਤਰੀਕੇ ਨਾਲ ਸੱਭਿਅਕ ਨਹੀਂ ਕਹੇ ਜਾ ਸਕਦੇ। ਮਸਲਣ ਕਿਸੇ ਨੂੰ ਬਾਂਦਰ ਕਹਿਣਾ, ਲੰਬੂ ਕਹਿਣਾ, ਭੌਂਕਾ ਕਹਿਣਾ, ਜਾਂ ਇਸੇ ਤਰ੍ਹਾਂ ਦੇ ਹੋਰ ਅਨੇਕਾਂ ਸ਼ਬਦ ਮਰਿਆਦਾ ਤੋਂ ਕੋਹਾਂ ਦੂਰ ਹਨ। ਇਸੇ ਤਰ੍ਹਾਂ ਬਿਨਾਂ ਕਿਸੇ ਪ੍ਰਮਾਣ ਦੇ ਕਿਸੇ ਵਿਅਕਤੀ ਦਾ ਚਰਿੱਤਰਹਰਣ ਕਰ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਦੇ ਪਰਿਵਾਰ ਬਾਰੇ, ਕਿਸੇ ਦੀ ਪਤਨੀ ਬਾਰੇ, ਕਿਸੇ ਦੇ ਭਰਾ ਬਾਰੇ ਤੇ ਕਿਸੇ ਦੇ ਕਿਰਦਾਰ ਬਾਰੇ ਤੱਥ ਰਹਿਤ ਬਿਆਨਬਾਜ਼ੀ ਕਰਨੀ ਵੀ ਕੋਈ ਸ਼ੋਭਾਜਨਕ ਗੱਲ ਨਹੀਂ ਹੈ। ਕਿਸੇ ਔਰਤ ਦੇ ਅੰਦਰੂਨੀ ਬਸਤਰਾਂ ਬਾਰੇ ਬੋਲ ਦੇਣਾ, ਕਿਸੇ ਨੂੰ ਕਿਸੇ ਦੀ ਰਖੇਲ ਆਖ ਦੇਣਾ, ਕਿਸੇ ਨੂੰ ਘਟੀਆ ਸ਼ਬਦਾਂ ਨਾਲ ਸੰਬੋਧਨ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਜਹਿਾ ਕਰਨ ਵਾਲਾ ਵਿਅਕਤੀ ਆਪ ਹੀ ਘਟੀਆ ਕਿਰਦਾਰ ਦਾ ਹੈ। ਕਈ ਨੇਤਾ ਤਾਂ ਬੋਲਦੇ ਹੋਏ ਅਜਿਹੇ ਭੱਦੇ ਤਰੀਕੇ ਨਾਲ ਡਰਾਮੇ ਕਰਦੇ ਹਨ ਕਿ ਏਨਾ ਸ਼ਰਮਨਾਕ ਵਰਤਾਰਾ ਲੱਗਦਾ ਹੈ ਕਿ ਇਹ ਲੋਕ ਸਾਡੇ ਰਾਹ ਦਸੇਰਾ ਬਣਨਗੇ। ਜਾਤਾਂ, ਮਜ਼ਹਬਾਂ ਅਤੇ ਹੋਰ ਪਹਿਲੂਆਂ ਉਪਰ ਵੀ ਘਟੀਆ ਤਰੀਕੇ ਨਾਲ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਆਪਣਾ ਉਲੂ ਸਿੱਧਾ ਕਰਨਾ ਸਿਵਾਏ ਘਟੀਆਪਣ ਦੇ ਹੋਰ ਕੁਝ ਨਹੀਂ ਹੈ। ਅਜਿਹਾ ਸਾਰਾ ਵਰਤਾਰਾ ਦੇਖਕੇ ਇਹ ਲੱਗਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕੀ ਅਸੀਂ ਅਜਿਹੀਆਂ ਪ੍ਰਸਥਿਤੀਆਂ ਵਿੱਚ ਸੱਭਿਅਕ ਅਤੇ ਸੂਝ ਬੂਝ ਵਾਲੇ ਅਖਵਾਉਣ ਦੇ ਹੱਕਦਾਰ ਹਾਂ?
ਸੋਸ਼ਲ ਮੀਡੀਆ ਵਰਤਮਾਨ ਸਮੇਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹਰ ਰੋਜ਼ ਉਸ ਵਿੱਚ ਨਵੇਂ ਵਰਤੋਂ ਕਰਤਾ ਸ਼ਾਮਲ ਹੋ ਰਹੇ ਹਨ। ਜੋ ਮਰਿਆਦਾ ਦੀਆਂ ਧੱਜੀਆਂ ਸੋਸ਼ਲ ਮੀਡੀਆ ਰਾਹੀਂ ਉਡਾਈਆਂ ਜਾ ਰਹੀਆਂ ਹਨ ਉਹ ਸਮੁੱਚੀ ਮਨੁੱਖਤਾ ਅਤੇ ਸਮਾਜ ਦੇ ਅਕਸ ਨੂੰ ਭਾਰੀ ਢਾਹ ਲਗਾਉਣ ਵਾਲੀਆਂ ਹਨ। ਸਾਨੂੰ ਇਹ ਗੱਲ ਚੇਤੇ ਰੱਖਣੀ ਪਵੇਗੀ ਕਿ ਚਾਹੇ ਸਾਡੀ ਸਰਕਾਰ ਦਾ ਕੋਈ ਮੁਖੀ ਹੋਵੇ, ਚਾਹੇ ਕਿਸੇ ਸੰਸਥਾ ਦਾ ਮੁਖੀ ਹੋਵੇ, ਚਾਹੇ ਕਿਸੇ ਅਦਾਰੇ ਦਾ ਮੁਖੀ ਹੋਵੇ, ਸਾਨੂੰ ਜੇਕਰ ਉਹ ਬਿਲਕੁਲ ਵੀ ਪਸੰਦ ਨਹੀਂ ਤਾਂ ਵੀ ਮਰਿਆਦਾ ਇਹ ਮੰਗ ਕਰਦੀ ਹੈ ਕਿ ਅਸੀਂ ਵਿਰੋਧ ਵਿੱਚ ਤਹਿਜ਼ੀਬ ਅਤੇ ਸਲੀਕਾ ਨਾ ਛੱਡੀਏ। ਇਹ ਕਿੱਥੋਂ ਦੀ ਸੱਭਿਅਕ ਹੋਣ ਦੀ ਨਿਸ਼ਾਨੀ ਹੈ ਕਿ ਅਸੀਂ ਸਮਾਜ ਦੇ ਸਤਿਕਾਰ ਯੋਗ ਵਿਅਕਤੀਆਂ ਦੀਆਂ ਤਸਵੀਰਾਂ ਨੂੰ ਅਤਿ ਘਟੀਆ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕਰੀਏ। ਕੀ ਇਹ ਸਮੁੱਚੇ ਸਿੱਖ ਅਕਸ ਦੀ ਬਦਨਾਮੀ ਨਹੀਂ ਜੇਕਰ ਅਸੀਂ ਕਿਸੇ ਵੀ ਸਿੱਖ ਵਿਅਕਤੀ ਦੀ ਤਸਵੀਰ ਨੂੰ ਕਿਸੇ ਵੀ ਭੱਦੇ ਢੰਗ ਨਾਲ ਦਿਖਾਉਂਦੇ ਹਾਂ? ਕੀ ਅਸੀਂ ਅੰਤਰਾਸ਼ਟਰੀ ਪੱਧਰ ਤੇ ਆਪਣੀ ਕੌਮ ਦਾ ਇਹ ਅਕਸ ਪੇਸ਼ ਕਰ ਰਹੇ ਹਾਂ? ਇਹ ਸੰਭਵ ਹੈ ਕਿ ਸਾਨੂੰ ਕੋਈ ਵੀ ਵਿਅਕਤੀ ਜਾਂ ਉਸਦੀ ਨੀਤੀ ਪਸੰਦ ਨਹੀਂ ਹੈ ਤਾਂ ਅਸੀਂ ਉਸਦਾ ਵਿਰੋਧ ਵਿਚਾਰ ਧਾਰਕ ਪੱਧਰ ਤੇ ਕਰੀਏ ਜਾਂ ਫਿਰ ਅਸੀਂ ਵਿਚਾਰਕ ਪੱਧਰ ਤੇ ਏਨੇ ਖੋਖਲੇ ਹੋ ਗਏ ਹਾਂ ਕਿ ਸਾਡੇ ਪਾਸ ਘਟੀਆ ਪੱਧਰ ਤੇ ਜਾਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਹੋਰ ਤਾਂ ਹੋਰ ਗੰਦੀਆਂ ਗਾਲਾਂ, ਗੰਦੇ ਮੁਹਾਵਰੇ ਤੇ ਹੋਰ ਏਨਾ ਗੰਦ ਬਕਿਆ ਦਿਖਾਈ ਦਿੰਦਾ ਹੈ ਜੋ ਸਾਡੇ ਸੰਜੀਦਾ ਪੰਜਾਬੀ ਹੋਣ ਦੇ ਖਾਸੇ ਤੇ ਹੀ ਪੂਰਾ ਨਹੀਂ ਉਤਰਦਾ।ਕਈ ਵਾਰ ਕਈ ਔਰਤਾਂ ਦੀਆਂ ਪੋਸਟਾਂ ਤੇ ਕਮੈਂਟ ਕਰਨ ਵਾਲੇ ਬੰਦੇ ਏਸ ਹੱਦ ਤੱਕ ਗਿਰ ਜਾਂਦੇ ਹਨ ਕਿ ਉਸ ਦਾ ਵਰਣਨ ਵੀ ਨਹੀਂ ਕੀਤਾ ਜਾ ਸਕਦਾ।ਸੋਸ਼ਲ ਮੀਡੀਆ ਰਾਹੀਂ ਵਿਚਰਨ ਦੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਇਸ ਦੇ ਸੁਹੱਪਣ ਬਾਰੇ ਸਾਨੂੰ ਗੰਭੀਰ ਚਿੰਤਨ ਦੀ ਲੋੜ ਹੈ।
ਅਸੀਂ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਬਾਬੇ ਨੇ ਸਾਨੂੰ ਸਹਿਣਸ਼ੀਲਤਾ ਅਤੇ ਦੂਜੇ ਦੇ ਵਿਚਾਰਾਂ ਨੂੰ ਸੁਣਨ ਸਮਝਣ ਦੀ ਵਿਰਾਸਤ ਦਿੱਤੀ ਸੀ। ਗੁਰੁ ਨਾਨਕ ਸਾਹਿਬ ਦੇ ਸਮੁੱਚੇ ਜੀਵਨ ਕਾਲ ਵਿੱਚ ਸਾਨੂੰ ਇੱਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ ਜਦ ਸਿਖਰ ਦੇ ਵਿਰੋਧ ਅਤੇ ਵਿਚਾਰਕ ਮੱਤਭੇਦਾਂ ਵਿੱਚ ਸਾਡੇ ਸਤਿਗੁਰ ਨੇ ਸੰਜਮ ਅਤੇ ਸੰਜੀਦਗੀ ਦਾ ਪੱਲਾ ਛੱਡਿਆ ਹੋਵੇ। ਸਾਡੀ ਵਿਰਾਸਤ ਸ਼ਾਲੀਨਤਾ ਅਤੇ ਸਤਿਕਾਰ ਦੀ ਵਿਰਾਸਤ ਹੈ।ਕੀ ਅਸੀਂ ਸਾਡੀ ਸੂਝ-ਬੂਝ ਨਾਲ ਭਰਪੂਰ ਬਾਬੇ ਨਾਨਕ ਦੀ ਵਿਰਾਸਤ ਪੂਰੀ ਤਰ੍ਹਾਂ ਵਿਸਾਰ ਦਿੱਤੀ ਹੈ? ਇਹ ਠੀਕ ਹੋ ਸਕਦਾ ਹੈ ਕਿ ਤੁਸੀਂ ਕਿਸੇ ਦੇ ਫੈਸਲੇ ਜਾਂ ਕਿਸੇ ਦੀ ਸੋਚ ਨਾਲ ਨਾ ਸਹਿਮਤ ਹੋਵੋ ਪਰ ਕੀ ਅਜਿਹਾ ਭੱਦਾ ਵਿਵਹਾਰ ਕਿਸੇ ਵੀ ਸਿਸ਼ਟਾਚਾਰ ਅਤੇ ਸਦਾਚਾਰ ਵਿੱਚ ਆਉਂਦਾ ਹੈ? ਕੀ ਸਾਡੇ ਸਾਰੇ ਧਾਰਮਿਕ, ਸਮਾਜਕ ਜਾਂ ਸੱਭਿਆਚਾਰਕ ਵਿਰਸੇ ਵਿੱਚ ਸਾਨੂੰ ਕਿਧਰੇ ਵੀ ਕੋਈ ਅਜਿਹੀ ਤਾਲੀਮ ਦਿੱਤੀ ਗਈ ਹੈ? ਸਾਨੂੰ ਇਹ ਵੀ ਗੰਭੀਰਤਾ ਨਾਲ ਵਿਚਾਰਨਾ ਪਵੇਗਾ। ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਕੀ ਸਾਡੇ ਬਹੁਤੇ ਇਕੱਠ ਇੱਕ ਵਿਚਾਰਸ਼ੀਲ ਗਰੁੱਪ ਦੀ ਬਜਾਏ ਬੇਲਗਾਮ ਭੀੜਾਂ ਵਿੱਚ ਤਾਂ ਨਹੀਂ ਬਦਲ ਰਹੇ? ਕੀ ਅਸੀਂ ਅਜਿਹੇ ਕਾਰਜ ਕਰਨ ਤੋਂ ਪਹਿਲਾਂ ਕਦੇ ਵੀ ਸੁਹਿਰਦ ਵਿਸ਼ਲੇਸ਼ਣ ਕਰਦੇ ਹਾਂ ਕਿ ਸਾਡੇ ਰਾਜ ਅਤੇ ਕੌਮ ਦੇ ਵਡੇਰੇ ਹਿਤਾਂ ਵਿਚ ਕੀ ਜਾਇਜ ਹੈ? ਸਾਡੇ ਲੋਕਾਂ ਨੂੰ ਇਹ ਵੀ ਸੋਚਣਾ ਪਵੇਗਾ ਕਿ ਅਸੀਂ ਜਿਸ ਨੂੰ ਚਾਹੁੰਦੇ ਹਾਂ ਚੁਣੀਏ ਪਰ ਦੂਜਿਆਂ ਬਾਰੇ ਕਿਤੇ ਵੀ ਘਟੀਆ ਸ਼ਬਦਾਂ ਜਾਂ ਘਟੀਆ ਬੋਲਬਾਣੀ ਦਾ ਪ੍ਰਗਟਾਵਾ ਨਾ ਕਰੀਏ।
ਸਮੁੱਚੇ ਵਿਸ਼ਲੇਸ਼ਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਇੱਕੀਵੀਂ ਸਦੀ ਵਿੱਚ ਚੱਲ ਰਹੇ ਹਾਂ। ਇਹ ਉਹ ਸਮਾਂ ਹੈ ਜਿਸ ਨੂੰ ਗਿਆਨ ਦਾ ਯੁਗ ਕਿਹਾ ਜਾਂਦਾ ਹੈ। ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਹੁਣ ਦੇ ਸਮੇਂ ਦਾ ਸਾਰਾ ਵਿਕਾਸ ਇਸ ਗੱਲ ਤੇ ਨਿਰਭਰ ਕਰੇਗਾ ਕਿ ਤੁਸੀਂ ਗਿਆਨ, ਦਿਮਾਗ, ਸੁਝ-ਬੂਝ ਅਤੇ ਸਿਆਣਪ ਦੀਆਂ ਕਿੰਨੀਆਂ ਸਲਤਨਤਾਂ ਉਸਾਰਦੇ ਹੋ। ਅਸੀਂ ਕਿਸੇ ਵੀ ਵਿਅਕਤੀ, ਸੰਸਥਾ ਜਾਂ ਪਾਰਟੀ ਦਾ ਨੀਤੀਗਤ ਵਿਰੋਧ ਕਰੀਏ, ਉਸ ਦੀ ਕਾਰਗੁਜਾਰੀ ਨੂੰ ਸਾਹਮਣੇ ਲੈ ਕੇ ਆਈਏ ਜਾਂ ਫਿਰ ਆਪਣੀਆਂ ਤਾਕਤਾਂ ਅਤੇ ਗੁਣਾਂ ਦਾ ਪ੍ਰਗਟਾਵਾ ਕਰੀਏ। ਦੇਸ਼ ਅਜ਼ਾਦ ਹੋਏ ਨੂੰ ਹੁਣ 70 ਸਾਲ ਹੋ ਚੁੱਕੇ ਹਨ ਅਤੇ ਏਨੇ ਸਮੇਂ ਵਿੱਚ ਸਾਡਾ ਲੋਕਤੰਤਰ ਪਕੇਰਾ ਹੋਣਾ ਚਾਹੀਦਾ ਹੈ। ਸਾਨੂੰ ਇਹ ਗੰਭੀਰ ਵਿਚਾਰ ਕਰਨਾ ਪਵੇਗਾ ਕਿ ਅਸੀਂ ਸੰਜੀਦਾ ਹੋਕੇ ਜ਼ਿੰਦਗੀ ਦੇ ਕਾਰ-ਵਿਹਾਰ ਵਿੱਚ ਵਿਚਰੀਏ। ਵੱਡੇ ਤੋਂ ਵੱਡੇ ਵਿਰੋਧ ਵਿੱਚ ਵੀ ਮਰਿਆਦਾ ਕਾਇਮ ਰੱਖੀ ਜਾ ਸਕਦੀ ਹੈ। ਦੂਜੇ ਪਾਸੇ ਸਾਡੀ ਛੋਟੀ ਤੋਂ ਛੋਟੀ ਭੱਦੀ ਹਰਕਤ ਨਾਲ ਸਾਡਾ ਅਕਸ ਅੰਤਰ-ਰਾਸ਼ਟਰੀ ਪੱਧਰ ਤੇ ਖਰਾਬ ਹੁੰਦਾ ਹੈ। ਫੈਸਲਾ ਅਸੀਂ ਕਰਨਾ ਹੈ।

Send this to a friend