ਸ੍ਰੀ ਹੇਮਕੁੰਟ ਸਾਹਿਬ ਨੂੰ ਦੀ ਯਾਤਰਾ 1 ਜੂਨ ਤੋਂ ਸ਼ੁਰੂ

ਸਿੱਖਾਂ ਦੇ ਪਵਿਤਰ ਧਾਰਮਿਕ ਸਥਾਨ ਸਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਇਸ ਵਾਰ 1 ਜੂਨ 2019 ਤੋਂ ਸ਼ੁਰੂ ਹੋ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਇਹ ਯਾਤਰਾ 25 ਮਈ ਤੋਂ ਸ਼ੁਰੂ ਹੁੰਦੀ ਸੀ ਪਰ ਇਸ ਵਾਰ ਵਧੇਰੇ ਬਰਫ ਪੈਣ ਕਾਰਨ ਇਹ ਯਾਤਰਾ 1 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ ।ਇਸ ਵਾਰ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ 15 ਤੋਂ 20 ਫੁਟ ਬਰਫ ਜੰਮੀ ਹੋਈ ਹੈ ।ਇਸ ਬਰਫ ਨੂੰ ਹਟਾਉਣ ਲਈ ਫੌਜ ਦੇ ਜਵਾਨ ਅਤੇ ਕੁਝ ਸ਼ਰਧਾਲੂ ਸੇਵਾ ਵਿਚ ਲਗੇ ਹੋਏ ਹਨ ਅਤੇ ਗੁਰੂ ਘਰ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਦੇ ਲਈ ਰਸਤੇ ਨੂੰ ਵੀ ਸਾਫ ਕਰਨ ਵਿਚ ਜੁਟੇ ਹੋਏ ਹਨ ।ਸ੍ਰੀ ਹੇਮਕੁੰਟ ਸਾਹਿਬ ਵਿਖੇ ਸਿਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿਚ ਤਪਸਿਆ ਕੀਤੀ ਸੀ ਜਿਸ ਸਬੰਧੀ ਉਨ੍ਹਾਂ ਦਸਮ ਗ੍ਰੰਥ ਵਿਚ ਜ਼ਿਕਰ ਕੀਤਾ ਹੈ ਕਿ ‘ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’ ਭਾਵ ਜਿਥੇ ਪਹਾੜਾਂ ਦੀਆਂ 7 ਉਚੀਆਂ ਚੋਟੀਆਂ ਹਨ ਉਨ੍ਹਾਂ ਦੇ ਵਿਚਕਾਰ ਸ੍ਰੀ ਹੇਮਕੁੰਟ ਸਾਹਿਬ ਹੈ । ਹੇਮਕੁੰਟ ਸਾਹਿਬ ਦੀ ਖੋਜ ਕਰਨ ਵਾਲੇ ਭਾਈ ਸੋਹਣ ਸਿੰਘ ਜੀ ਜੋ ਟੀਹਰੀ (ਗੜਵਾਲ) ਵਿਚ ਸੰਗਤਾਂ ਨੂੰ ਸਾਧੂ ਸੰਤਾਂ ਦੇ ਪ੍ਰਵਚਨ ਸੁਣਾਇਆ ਕਰਦੇ ਸਨ ਦੇ ਮਨ ਵਿਚ ਇਸ ਪਵਿਤਰ ਸਥਾਨ ਨੂੰ ਲਭਣ ਦੀ ਇਛਾ ਜਾਗੀ ਸੋਹਨ ਸਿੰਘ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਰਖਦੇ ਸਨ। ਉਨ੍ਹਾਂ ਨੇ ਇਸ ਸਥਾਨ ਨੂੰ ਲਭਣ ਦੀ ਠਾਣ ਲਈ ।ਉਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਅਤੇ ਸਾਧੂ ਸੰਤਾਂ ਤੋਂ ਜਾਣਕਾਰੀ ਇਕਠੀ ਕਰਨੀ ਸ਼ੁਰੂ ਕੀਤੀ ਉਹ ਕਈ ਦਿਨ ਇਧਰ ਉਧਰ ਖੋਜ ਕਰਦੇ ਹੋਏ ਬਦਰੀਨਾਥ ਪਹੁੰਚੇ ਅਤੇ ਉਥੋਂ ਵਾਪਿਸ ਆਉਂਦੇ ਸਮੇਂ ਪਾਂਡੂਕੇਸ਼ਵਰ ਰੁਕੇ ਉਥੇ ਉਨ੍ਹਾਂ ਨੂੰ ਪਤਾ ਲਗਿਆ ਕਿ ਪਾਂਡੂਕੇਸ਼ਵਰ ਨੂੰ ਰਾਜਾ ਪਾਂਡੂ ਦੀ ਤਪ ਭੂਮੀ ਹੋਣ ਕਰਕੇ ਪਾਂਡੂਕੇਸ਼ਵਰ ਕਿਹਾ ਜਾਂਦਾ ਹੈ ਸਵੇਰੇ ਕੁਝ ਸਥਾਨਕ ਲੋਕ ਇਕਠੇ ਹੋ ਕੇ ਕਿਤੇ ਜਾ ਰਹੇ ਸਨ ਸੰਤ ਜੀ ਵਲੋਂ ਪੁਛਣ ਤੇ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਹੇਮਕੁੰਟ ਲੋਕਪਾਲ ਤੀਰਥ ਵਿਚ ਇਸ਼ਨਾਨ ਕਰਨ ਜਾ ਰਹੇ ਹਨ। ਸੰਤ ਜੀ ਵੀ ਉਨ੍ਹਾਂ ਦੇ ਪਿਛੇ ਪਿਛੇ ਚਲ ਪਏ ਸੰਨ 1934 ਤਕ ਅਲਕਨੰਦਾ ਨਦੀ ਉਤੇ ਕੋਈ ਪੁਲ ਨਹੀਂ ਸੀ ਲੋਕ ਇਕ ਰਸੀ ਦੇ ਸਹਾਰੇ ਨਦੀ ਪਾਰ ਕਰਦੇ ਸਨ ਬਾਕੀ ਯਾਤਰੀਆਂ ਨਾਲ ਸੰਤ ਜੀ ਰਾਤ ਤਕ ਘਗਰੀਆਂ ਪਹੁੰਚੇ ਅਤੇ ਅਗਲੇ ਦਿਨ ਹੇਮਕੁੰਟ ਸਾਹਿਬ ਪੁਜੇ ਉਥੇ ਪਹੁੰਚਦੇ ਹੀ ਸੰਤ ਜੀ ਨੂੰ ਸਤ ਚੋਟੀਆਂ ਵਾਲਾ ਪਰਬਤ ਸਪਤਸ੍ਰਿੰਗ ਦਿਖਾਈ ਦਿਤਾ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਤਪਸਿਆ ਕੀਤੀ ਸੀ। ਜਿਸ ਦਾ ਜ਼ਿਕਰ ਦਸਮ ਗ੍ਰੰਥ ਵਿਚ ਮਿਲਦਾ ਹੈ ਹੁਣ ਸੰਤ ਜੀ ਉਹ ਥਾਂ ਦੀ ਪਹਿਚਾਣ ਕਰਨ ਵਿਚ ਜੁਟ ਗਏ । ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਪਸਿਆ ਕੀਤੀ ਸੀ ਇਹ ਬਹੁਤ ਔਖਾ ਕੰਮ ਸੀ ਕਿਹਾ ਜਾਂਦਾ ਹੈ ਕਿ ਸੰਤ ਜੀ ਨੇ ਅਰਦਾਸ ਕੀਤੀ ਹੇ ਪ੍ਰਭੂ ਆਪ ਦੀ ਕਿਰਪਾ ਨਾਲ ਮੈਂ ਤਪੋ ਭੂਮੀ ਤਕ ਤਾਂ ਆ ਗਿਆ ਹਾਂ ਹੁਣ ਕਿਰਪਾ ਕਰਕੇ ਮੈਨੂੰ ਉਹ ਥਾਂ ਦੇ ਦਰਸ਼ਨ ਵੀ ਕਰਵਾਓ ਜਿਥੇ ਆਪ ਜੀ ਤਪਸਿਆ ਕਰਕੇ ਉਸ ਪਰਮਾਤਮਾ ਵਿਚ ਲੀਨ ਹੋ ਗਏ। ਜਿਵੇਂ ਹੀ ਸੰਤ ਜੀ ਨੇ ਅਰਦਾਸ ਪੂਰੀ ਕੀਤੀ ਕਮਰ ਤਕ ਜਟਾਂ ਨਾਭੀ ਤਕ ਦਾੜ੍ਹੀ ਰਖੇ ਤੇ ਸ਼ੇਰ ਦੀ ਖਲ ਪਹਿਨ ਕੇ ਇਕ ਜੋਗੀ ਪ੍ਰਗਟ ਹੋ ਕੇ ਬੋਲਿਆ ਖ਼ਾਲਸਾ ਜੀ ਕਿਸ ਨੂੰ ਲਭ ਰਹੇ ਹੋ ਤਾਂ ਸੰਤ ਜੀ ਬੋਲੇ ਮੈਂ ਆਪਣੇ ਗੁਰੂ ਦਾ ਸਥਾਨ ਲਭ ਰਿਹਾ ਹਾਂ ।ਯੋਗੀ ਨੇ ਕਿਹਾ ਇਹ ਉਹੀ ਸ਼ਿਲਾ ਹੈ ਜਿਥੇ ਗੁਰੂ ਜੀ ਬੈਠ ਕੇ ਤਪਸਿਆ ਕਰਦੇ ਸਨ ਇਹ ਸੁਣ ਕੇ ਸੰਤ ਜੀ ਦੇ ਨੈਣਾਂ ਵਿਚੋਂ ਖ਼ੁਸ਼ੀ ਦੀ ਧਾਰ ਵਗਣ ਲਗੀ ਇੰਨੇ ਨੂੰ ਉਹ ਯੋਗੀ ਅਲੋਪ ਹੋ ਗਿਆ। ਸੰਤ ਜੀ ਨੇ ਯੋਗੀ ਦੀ ਚਰਨ ਧੂੜ ਮਥੇ ਲਾਈ ਅਤੇ ਵਾਪਸ ਆ ਗਏ ।ਕੁਝ ਦਿਨਾਂ ਬਾਅਦ ਸੰਤ ਜੀ ਨੇ ਅੰਮ੍ਰਿਤਸਰ ਜਾ ਕੇ ਭਾਈ ਵੀਰ ਸਿੰਘ ਜੀ ਨੂੰ ਸਾਰੀ ਗਲ ਦਸੀ। ਵੀਰ ਸਿੰਘ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਸੰਤ ਜੀ ਨੂੰ ਕਿਹਾ ਕਿ ਉਹ ਉਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੇ। ਇਸ ਪ੍ਰਕਾਰ 1936 ਵਿਚ ਇਥੇ ਇਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋਇਆ ।1937 ਵਿਚ ਇਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਹੇਮਕੁੰਟ ਸਾਹਿਬ ਦੀ ਉਚਾਈ 15210 ਫੁਟ ਹੈ । ਜ਼ਿਆਦਾ ਉਚਾਈ ਹੋਣ ਕਰਕੇ ਆਕਸੀਜਨ ਦੀ ਘਾਟ ਕਾਰਨ ਉਥੇ ਆਮ ਯਾਤਰੀਆਂ ਦੇ ਠਹਿਰਨ ਲਈ ਕੋਈ ਪ੍ਰਬੰਧ ਪਕੇ ਤੌਰ ਤੇ ਨਹੀਂ ਕੀਤਾ ਜਾ ਸਕਦਾ। ਸ਼ਰਧਾਲੂ ਮਥਾ ਟੇਕ ਕੇ ਸ਼ਾਮ ਨੂੰ ਮੁੜ ਗੋਬਿੰਦ ਧਾਮ ਆ ਜਾਂਦੇ ਹਨ ਜਿਥੇ ਕਿ ਰਹਿਣ ਦਾ ਯੋਗ ਪ੍ਰਬੰਧ ਹੈ। ਇਹ ਸਥਾਨ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਪੈਂਦਾ ਹੈ ਇਸ ਦੀਆਂ ਸਤ ਚੋਟੀਆਂ ਦੇ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹਨ ।ਹੇਮਕੁੰਟ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਭਾਵ ਬਰਫ਼ ਕੁੰਡ ਕਟੋਰਾ ਹੈ ।ਕਹਿੰਦੇ ਨੇ ਇਥੇ ਪਾਂਡਵਾਂ ਨੇ ਵੀ ਤਪ ਕੀਤਾ ਹੈ ਤੇ ਇਥੇ ਇਕ ਮੰਦਰ ਵੀ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਡਤ ਤਾਰਾ ਸਿੰਘ ਨਰੋਤਮ ਜੋ ਵਿਦਵਾਨ ਸੀ, ਹੇਮਕੁੰਟ ਸਾਹਿਬ ਦੀ ਭੁਗੋਲਿਕ ਸਥਿਤੀ ਦਾ ਪਤਾ ਲਗਾਉਣ ਵਾਲੇ ਪਹਿਲੇ ਸਿਖ ਸਾਨ। ਅਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਇਲਾਵਾ ਹਰਿਦੁਆਰ, ਰਿਸ਼ੀਕੇਸ਼ ,ਸ੍ਰੀਨਗਰ ,ਜੋਸ਼ੀ ਮਠ, ਗੋਬਿੰਦ ਘਾਟ ਤੇ ਗੋਬਿੰਦ ਧਾਮ ਦਾ ਪ੍ਰਬੰਧ ਹੇਮਕੁੰਟ ਸਾਹਿਬ ਟਰਸਟ ਦੇ ਹਥ ਵਿਚ ਹੈ ।ਜਿਸ ਵਲੋਂ ਸੰਗਤ ਦੀ ਹਰ ਸਹੁਲਤ ਦਾ ਖਿਆਲ ਰਖਿਆ ਜਾਂਦਾ ਹੈ ਇਸ ਯਾਤਰਾ ਦਾ ਪਹਿਲਾ ਪੜਾਅ ਰਿਸ਼ੀਕੇਸ਼ ਹੈ ਜਿਥੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ।ਸੰਗਤਾਂ ਇਥੋਂ ਰਾਤ ਕਟ ਕੇ ਅਗਲੇ ਸਫ਼ਰ ਲਈ ਚਾਲੇ ਪਾਉਂਦੀਆਂ ਹਨ ਜੋ ਕਿ ਗੋਬਿੰਦ ਘਾਟ ਵਿਖੇ ਪਹੁੰਚਦੀਆਂ ਹਨ ਅਤੇ ਇਹ ਦੂਰੀ ਤਕਰੀਬਨ 300 ਕਿਲੋਮੀਟਰ ਦੀ ਹੈ ਅਤੇ ਇਹ ਪਹਾੜੀ ਸਫ਼ਰ ਹੈ ਰਸਤੇ ਵਿਚ ਸ੍ਰੀਨਗਰ ਜੋਸ਼ੀ ਮਠ ਸਾਹਿਬ ਦੇ ਗੁਰਦੁਆਰੇ ਆਉਂਦੇ ਹਨ। ਸੰਗਤਾਂ ਵਲੋਂ ਵੀ ਕਈ ਜਗ੍ਹਾ ਰਸਤੇ ਵਿਚ ਗੁਰਦੁਆਰਾ ਸਾਹਿਬ ਬਣਾਏ ਗਏ ਹਨ ਅਤੇ ਥਾਂ ਥਾਂ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਏ ਜਾਂਦੇ ਹਨ । ਗੋਬਿੰਦ ਘਾਟ ਤੋਂ ਅਗੇ ਗੋਬਿੰਦਧਾਮ ਲਈ ਪੈਦਲ ਯਾਤਰਾ ਜੋ ਕਿ ਤਕਰੀਬਨ ਤੇਰਾਂ ਕਿਲੋਮੀਟਰ ਹੈ ਸ਼ੁਰੂ ਹੁੰਦੀ ਹੈ ਅਜ ਕਲ੍ਹ ਚਾਰ ਕਿਲੋਮੀਟਰ ਤਕ ਸੜਕ ਬਣ ਗਈ ਹੈ ਜਿਸ ਉਤੇ ਉਥੋਂ ਦੇ ਵਾਹਨਾਂ ਵਿਚ ਸਫ਼ਰ ਕੀਤਾ ਜਾ ਸਕਦਾ ਹੈ । ਅਤੇ ਉਸ ਤੋਂ ਅਗੇ ਪੈਦਲ, ਜਾਂ ਖਚਰ ਰਾਹੀਂ ਜਾਇਆ ਜਾ ਸਕਦਾ ਹੈ । ਮੌਸਮ ਸਾਫ ਹੋਵੇ ਤਾਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੋਂ 3 ਕਿਲੋਮੀਟਰ ਪਹਿਲਾਂ ਬਣੇ ਹੈਲੀਪੈਡ ਤਕ ਹੈਲੀਕਾਪਟਰ ਦੀ ਸੇਵਾ ਵੀ ਚਲਦੀ ਹੈ । ਗੋਬਿੰਦ ਧਾਮ ਤੋਂ ਅਗੇ ਸਤ ਕਿਲੋਮੀਟਰ ਦੀ ਸਖ਼ਤ ਚੜ੍ਹਾਈ ਹੇਮਕੁੰਟ ਸਾਹਿਬ ਤਕ ਜਾਂਦੀ ਹੈ ਅਤੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਇਹ ਚੜ੍ਹਾਈ ਚੜ੍ਹਦੀਆਂ ਹਨ। ਭਾਵੇਂ ਸਰੀਰ ਨੂੰ ਬਹੁਤ ਥਕਾਵਟ ਹੋ ਜਾਂਦੀ ਹੈ ਪਰ ਹੇਮਕੁੰਟ ਸਾਹਿਬ ਦੇ ਪਵਿਤਰ ਸਰੋਵਰ ‘ਚ ਇਸ਼ਨਾਨ ਕਰਕੇ ਸੰਗਤਾਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ।ਅਤੇ ਫਿਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ । ਪਹਿਲਾਂ ਇਹ ਯਾਤਰਾ 5 ਜੂਨ ਤੋਂ ਸ਼ੁਰੂ ਹੁੰਦੀ ਸੀ ਫਿਰ ਪਿਛਲੇ ਸਮੇਂ ਵਿਚ 25 ਮਈ ਤੋਂ ਯਾਤਰਾ ਸ਼ੁਰੂ ਹੋਣ ਲਗੀ ਇਸ ਵਾਰ ਬਰਫ਼ ਵਧੇਰੇ ਪੈਣ ਕਾਰਨ ਇਹ ਯਾਤਰਾ 1 ਜੂਨ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ ।ਯਾਤਰਾ ਜੂਨ ਤੋਂ ਅਕਤੂਬਰ ਮਹੀਨੇ ਤਕ ਚਲਦੀ ਹੈ ਜਿਸ ਵਿਚ ਲਖਾਂ ਦੀ ਗਿਣਤੀ ਵਿਚ ਸੰਗਤ ਦਰਸ਼ਨ ਦੀਦਾਰੇ ਕਰਦੀ ਹੈ।
ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਪਣਾ ਆਧਾਰ ਕਾਰਡ ਨਾਲ ਲਿਜਾਣਾ ਜ਼ਰੂਰੀ ਹੈ। ਜਿਸ ਦੀ ਰਜਿਸਟਰੇਸ਼ਨ ਗੁਰਦੁਆਰਾ ਰਿਸ਼ੀਕੇਸ਼ ਵਿਖੇ ਕਰਵਾਈ ਜਾਂਦੀ ਹੈ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਕੁਦਰਤੀ ਵਾਤਾਵਰਨ ਨੂੰ ਸਾਫ ਸੁਥਰਾ ਰਖਿਆ ਜਾਵੇ ।ਪਲਾਸਟਿਕ ਦੇ ਲਿਫਾਫੇ ਵਗੈਰਾ ਦੀ ਵਰਤੋਂ ਨਾ ਕੀਤੀ ਜਾਵੇ। ਯਾਤਰਾ ਸਬੰਧੀ ਟਰਸਟ ਤੇ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਇਸ ਯਾਤਰਾ ਨੂੰ ਯਾਤਰਾ ਹੀ ਸਮਝਿਆ ਜਾਵੇ ਨਾ ਕਿ ਹਿਲ ਸਟੇਸ਼ਨ।
ਯਾਤਰਾ ਤੇ ਜਾਣ ਤੋਂ ਪਹਿਲਾਂ ਯਾਤਰਾ ਸਬੰਧੀ ਜ਼ਰੂਰੀ ਸਾਵਧਾਨੀਆਂ ਸਬੰਧੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ । ਅਤੇ ਸਾਮਾਨ ਘਟ ਤੋਂ ਘਟ ਕੋਲ ਲੈ ਕੇ ਜਾਣਾ ਚਾਹੀਦਾ ਹੈ। ਵਾਹਿਗੁਰੂ ਸਭ ਜਾਣ ਵਾਲੀਆਂ ਸੰਗਤਾਂ ਦੇ ਸਿਰ ਉਤੇ ਮੇਹਰ ਭਰਿਆ ਹਥ ਰਖੇ , ਅਤੇ ਯਾਤਰਾ ਸਫਲੀ ਕਰੇ ।

Send this to a friend