ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸਿਆਸੀ ਲੜਾਈ ਹੌਲੀ-ਹੌਲੀ ਸਿਖਰ ’ਤੇ ਪਹੁੰਚਦੀ ਜਾ ਰਹੀ ਹੈ। ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ ’ਤੇ ਹੁਕਮਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਨਵੀਂ ਉਭਰੀ ਪੰਜਾਬੀ ਏਕਤਾ ਪਾਰਟੀ ਦਾ ਵਕਾਰ ਦਾਅ ਉਪਰ ਲੱਗਿਆ ਹੋਇਆ ਹੈ। ਚੋਣ ਮੈਦਾਨ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਮੁਖੀ ਵੀ ਉਮੀਦਵਾਰ ਵਜੋਂ ਨਿੱਤਰੇ ਹੋਏ ਹਨ। ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਨੂੰ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਦੀ ਰਿਹਰਸਲ ਵਜੋਂ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ। ਕਾਂਗਰਸ ਦੀ ਜੇਤੂ ਮੁਹਿੰਮ ਪਿਛਲੇ ਦੋ ਸਾਲਾਂ ਤੋਂ ਜਾਰੀ ਹੈ। ਲੋਕ ਸਭਾ ਦੀਆਂ ਤਾਜ਼ਾ ਚੋਣਾਂ ਵਿੱਚ ਵੀ ਕਾਂਗਰਸ ਨੂੰ ਸਭ ਤੋਂ ਵੱਡਾ ਹਿੱਸਾ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਪੰਜਾਬ ’ਚੋਂ ਸਿਰਫ ਤਿੰਨ ਸੀਟਾਂ ਮਿਲੀਆਂ ਸਨ। ਹੁਣ ਇਹ ਅੰਕੜਾ ਤਿੰਨ ਗੁਣਾਂ ਤੋਂ ਵੱਧ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਵਧੇਰੇ ਸੀਟਾਂ ਜਿੱਤਣ ਨਾਲ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਸਿਆਸੀ ਤੌਰ ’ਤੇ ਮਜ਼ਬੂਤ ਹੋ ਜਾਣਗੇ। ਉਨ੍ਹਾਂ ਦੀ ਸਿਆਸੀ ਘੇਰਾਬੰਦੀ ਵਿੱਚ ਆਮ ਆਦਮੀ ਪਾਰਟੀ, ਅਕਾਲੀ-ਭਾਜਪਾ ਗਠਜੋੜ ਰਖਿਆਤਮਕ ਸਿਆਸੀ ਪੁਜੀਸ਼ਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਸਰਗਰਮੀ ਨਾਲ ਪੰਜਾਬ ਦੇ ਸਾਰੇ 13 ਹਲਕਿਆਂ ਵਿੱਚ ਤਿੰਨ ਜਾਂ ਚਾਰ ਕੋਨੇ ਦੀ ਥਾਂ ਸਿੱਧੇ ਦੋ ਕੋਨੇ ਮੁਕਾਬਲੇ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਆਮ ਆਦਮੀ ਪਾਰਟੀ, ਪੰਜਾਬੀ ਏਕਤਾ ਪਾਰਟੀ ਅਤੇ ਕੁਝ ਹੋਰ ਸਿਆਸੀ ਧਿਰਾਂ ਦਾ ਵੋਟਰ ਤੇਜ਼ੀ ਨਾਲ ਕਾਂਗਰਸ ਵੱਲ ਪਲਟਦਾ ਨਜ਼ਰ ਆ ਰਿਹਾ ਹੈ। ਕੈਪਟਨ ਨੇ ਜੱਫੀ ਨਾਲ ਕਾਂਗਰਸ ਅੰਦਰਲੇ ਵਿਰੋਧਾਂ ਨੂੰ ਬਹੁਤ ਕਾਰਗਰ ਢੰਗ ਨਾਲ ਨਿਪਟਾਅ ਲਿਆ ਹੈ। ਵੱਖ-ਵੱਖ ਹਲਕਿਆਂ ਦਾ ਉਨ੍ਹਾਂ ਦਾ ਸਿਆਸੀ ਗੇੜਾ ਵਿਰੋਧੀਆਂ ’ਤੇ ਭਾਰੂ ਪੈਂਦਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਬਠਿੰਡਾ ਅਤੇ ਫਿਰੋਜ਼ਪੁਰ ਹਲਕੇ ’ਤੇ ਕੇਂਦਰਤ ਕਰਨ ਦਾ ਐਲਾਨ ਕੀਤਾ ਹੈ। ਜੇਕਰ ਉਹ ਇਨ੍ਹਾਂ ਦੋਨਾਂ ਹਲਕਿਆਂ ਵੱਲ ਵਧੇਰੇ ਤਵੱਜੋਂ ਦਿੰਦੇ ਹਨ ਤਦ ਸ਼੍ਰੋਮਣੀ ਅਕਾਲੀ ਦਲ ਲਈ ਇਨ੍ਹਾਂ ਦੋਨਾਂ ਸੀਟਾਂ ’ਤੇ ਜਿੱਤ ਹਾਸਿਲ ਕਰਨਾ ਮੁਸ਼ਕਿਲ ਹੋ ਜਾਵੇਗਾ। ਮਾਨਸਾ ਤੋਂ ‘ਆਪ’ ਦੇ ਵਿਧਾਇਕ ਨੂੰ ਅਸਤੀਫਾ ਦਿਵਾ ਕੇ ਕਾਂਗਰਸ ਵਿੱਚ ਸ਼ਾਮਿਲ ਕਰਨਾ ਕੈਪਟਨ ਦਾ ਇਕ ਵੱਡਾ ਸਿਆਸੀ ਫੈਸਲਾ ਆਖਿਆ ਜਾ ਸਕਦਾ ਹੈ। ਇਸ ਨਾਲ ਬਠਿੰਡਾ ਵਿੱਚ ਕਾਂਗਰਸ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ‘ਆਪ’ ਦੇ ਕੁਝ ਹੋਰ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਹਰਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਦ ਬਾਦਲ ਦਲ ਅਤੇ ਬਾਦਲ ਪਰਿਵਾਰ ਦੇ ਸਿਆਸੀ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ ਵੀ ਕਾਂਗਰਸ ਦੀ ਕਿਲ੍ਹਾਬੰਦੀ ਅੱਗੇ ਖੜ੍ਹਦੀ ਪ੍ਰਤੀਤ ਨਹੀਂ ਹੋ ਰਹੀ। ਕਾਂਗਰਸ ਜੇਕਰ 2 ਤਿਹਾਈ ਹਲਕਿਆਂ ਵਿੱਚ ਵੀ ਜੇਤੂ ਰਹਿੰਦੀ ਹੈ ਤਦ ਉਸ ਦੀ ਸਿਆਸੀ ਸਥਿਤੀ ਹੋਰ ਵੱਧ ਮਜ਼ਬੂਤ ਅਤੇ ਅਜੇਤੂ ਹੋ ਜਾਵੇਗੀ। ਕਾਂਗਰਸ ਦੀ ਜਿੱਤ ਵਿੱਚ ਬਿਨਾ ਸ਼ੱਕ ਮੁੱਖ ਮੰਤਰੀ ਦੀ ਵੱਡੀ ਭੂਮਿਕਾ ਹੋਵੇਗੀ। ਇਸ ਜਿੱਤ ’ਤੇ ਸਵਾਰ ਹੋ ਕੇ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲਗਭਗ ਨਿਰਵਿਰੋਧ ਜਿੱਤਣ ਦੀ ਸਥਿਤੀ ਵਿੱਚ ਆ ਜਾਣਗੇ।
– ਬਲਜੀਤ ਸਿੰਘ ਬਰਾੜ