ਨਿਆਂਪਾਲਿਕਾ ਦੀ ਸਥਿਤੀ ਚਿੰਤਾਜਨਕ

ਦੇਸ਼ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸਰਵਉਚ ਅਦਾਲਤ ਸੁਪਰੀਮ ਕੋਰਟ ਇਕ ਵੱਡੇ ਸੰਕਟ ਵਿੱਚ ਫਸ ਗਈ ਪ੍ਰਤੀਤ ਹੋ ਰਹੀ ਹੈ। ਇਹ ਮਾਮਲਾ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਸ਼੍ਰੀ ਰੰਜਨ ਗੋਗੋਈ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੋਸ਼ਾਂ ਵਿੱਚ ਘਿਰ ਗਏ ਹਨ। ਸਰਵਉਚ ਅਦਾਲਤ ਦੀ ਇਕ ਸਾਬਕਾ ਮੁਲਾਜ਼ਮ ਨੇ ਜੱਜਾਂ ਨੂੰ ਹਲਫਨਾਮੇ ਭੇਜ ਕੇ ਜਸਟਿਸ ਗੋਗੋਈ ਉਪਰ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਮੁੱਖ ਜੱਜ ਨੇ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਇਕ ਬੈਂਚ ਦਾ ਗਠਨ ਕੀਤਾ ਹੈ। ਇਸ ਬੈਂਚ ਵਿੱਚ ਜਸਟਿਸ ਗੋਗੋਈ ਸਮੇਤ 3 ਜੱਜ ਸ਼ਾਮਿਲ ਹਨ। ਇਸ ਮੌਕੇ ’ਤੇ ਸਫਾਈ ਦਿੰਦੇ ਹੋਏ ਮੁੱਖ ਜੱਜ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਬਕਾ ਮਹਿਲਾ ਮੁਲਾਜ਼ਮ ਵੱਲੋਂ ਲਗਾਏ ਗਏ ਦੋਸ਼ ‘ਭਰੋਸੇ ਲਾਇਕ ਨਹੀਂ’ ਹਨ।ਉਨ੍ਹਾਂ ਇਹ ਵੀ ਆਖਿਆ ਹੈ ਕਿ ਕਿਸੇ ‘ਵੱਡੀ ਤਾਕਤ’ ਵੱਲੋਂ ਚੀਫ਼ ਜਸਟਿਸ ਨੂੰ ਕੰਮ ਕਰਨ ਤੋਂ ਰੋਕਣ ਦੀ ਇਹ ਸਾਜ਼ਿਸ਼ ਰਚੀ ਗਈ ਹੈ ਕਿਉਂਕਿ ਉਹ ਕਈ ਅਹਿਮ ਕੇਸਾਂ ਦੀ ਅਗਲੇ ਦਿਨ ਸੁਣਵਾਈ ਕਰਨ ਵਾਲੇ ਹਨ। ਦੋਸ਼ ਲਗਾਉਣ ਵਾਲੀ ਮਹਿਲਾ ਚੀਫ਼ ਜਸਟਿਸ ਸ਼੍ਰੀ ਗੋਗੋਈ ਦੇ ਦਿੱਲੀ ਸਥਿਤ ਘਰ ’ਚ ਬਣੇ ਦਫ਼ਤਰ ’ਚ ਪਿਛਲੇ ਸਾਲ ਅਕਤੂਬਰ ’ਚ ਕੰਮ ਕਰਦੀ ਰਹੀ ਹੈ। ਮਹਿਲਾ ਵੱਲੋਂ ਦਾਖ਼ਲ ਹਲਫ਼ਨਾਮੇ ਦੇ ਆਧਾਰ ’ਤੇ ਕੁਝ ਨਿਊਜ਼ ਪੋਰਟਲਾਂ ਨੇ ਦੋਸ਼ਾਂ ਨੂੰ ਨਸ਼ਰ ਕਰਨ ਤੋਂ ਬਾਅਦ ਉਚ ਅਦਾਲਤ ਵੱਲੋਂ ਸੁਣਵਾਈ ਕੀਤੀ ਗਈ। ਸਰਵਉਚ ਅਦਾਲਤ ਵੱਲੋਂ ਇਸ ਮਾਮਲੇ ਦੀ ਤੁਰੰਤ ਸੁਣਵਾਈ ਕੀਤੀ ਗਈ, ਪ੍ਰੰਤੂ ਇਸ ਮੌਕੇ ’ਤੇ ਕੋਈ ਹੁਕਮ ਪਾਸ ਨਹੀਂ ਕੀਤੇ ਗਏ। ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਹੋਰ ਗੁੰਝਲਦਾਰ ਹੋ ਸਕਦਾ ਹੈ। ਇਸ ਤਰ੍ਹਾਂ ਦੀ ਘਟਨਾ ਵਾਪਰਨਾ ਸਚਮੁੱਚ ਚਿੰਤਾ ਵਾਲੀ ਗੱਲ ਹੈ। ਜੇਕਰ ਸਾਬਕਾ ਮਹਿਲਾ ਮੁਲਾਜ਼ਮ ਵੱਲੋਂ ਲਗਾਏ ਗਏ ਦੋਸ਼ ਸਹੀ ਹਨ ਤਦ ਮੁਖ ਜੱਜ ਸਾਹਿਬਾਨ ਨੂੰ ਬਿਨਾ ਕਿਸੇ ਦੇਰੀ ਆਪਣਾ ਅਹੁਦਾ ਤਿਆਗ ਦੇਣਾ ਚਾਹੀਦਾ ਹੈ। ਜੇਕਰ ਅਜਿਹੇ ਦੋਸ਼ ਕਿਸੇ ਸਾਜਿਸ਼ ਦਾ ਹਿੱਸਾ ਹਨ ਤਦ ਅਜਿਹੇ ਲੋਕਾਂ ਨੂੰ ਨੰਗੇ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਸਰਵਉਚ ਅਦਾਲਤ ਨੂੰ ਆਪਣੇ ਨਾਪਾਕ ਹਿੱਤਾਂ ਲਈ ਬਲੈਕਮੇਲ ਕਰ ਰਹੇ ਹਨ। ਜੇਕਰ ਮੁੱਖ ਜੱਜ ਵੱਲੋਂ ਆਖੀਆਂ ਗਈਆਂ ਗੱਲਾਂ ਸਹੀ ਹਨ ਤਦ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ। ਦੇਸ਼ ਵਿੱਚ ਪਹਿਲਾਂ ਵੀ ਕਈ ਸੰਵਿਧਾਨਕ ਸੰਸਥਾਵਾਂ ਦੀ ਖੁਦਮੁਖਤਿਆਰੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਕ ਨਿਆਂਪਾਲਿਕਾ ਹੀ ਹੁਣ ਆਸ ਦੀ ਕਿਰਨ ਬਚੀ ਸੀ ਜੇਕਰ ਨਿਆਂਪਾਲਿਕਾ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਦ ਇਸ ਦੇਸ਼ ਵਿੱਚੋਂ ਲੋਕਤੰਤਰ ਸਦਾ ਲਈ ਜਲਾਵਤਨ ਹੋ ਜਾਵੇਗਾ। ਇਸ ਮਾਮਲੇ ਵਿੱਚ ਦੋਹਰੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਸਬੰਧਤ ਮਹਿਲਾ ਮੁਲਾਜ਼ਮ ਦੇ ਹਲਫੀਆ ਬਿਆਨ ਦੇ ਆਧਾਰ ਉਪਰ ਤੁਰੰਤ ਕੇਸ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਮੁੱਖ ਜੱਜ ਸਾਹਿਬਾਨ ਵੱਲੋਂ ਪ੍ਰਗਟਾਏ ਗਏ ਖਦਸ਼ਿਆਂ ਪ੍ਰਤੀ ਵੀ ਇਕ ਐਫਆਈਆਰ ਦਰਜ ਕੀਤੀ ਜਾਵੇ। ਦੋਹਾਂ ਮਾਮਲਿਆਂ ਦੀ ਜਾਂਚ ਸਾਂਝੇ ਤੌਰ ’ਤੇ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਮਾਮਲੇ ’ਚ ਇਨਸਾਫ ਹੋ ਸਕੇ। ਇਸ ਮਾਮਲੇ ਦਾ ਸੱਚ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ ਤਦ ਹੀ ‘ਨਿਆਂਪਾਲਿਕਾ’ ਅਤੇ ਦੇਸ਼ ਨੂੰ ਪੈਦਾ ਹੋਏ ਖਤਰੇ ਨੂੰ ਟਾਲਿਆ ਜਾ ਸਕਦਾ ਹੈ।
– ਬਲਜੀਤ ਸਿੰਘ ਬਰਾੜ

Send this to a friend