ਸਕੂਲ ਸਟਾਫ਼ ਤੇ ਸਮਾਜ ਸੇਵੀਆਂ ਦੀ ਮਿਹਨਤ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਭਾਦੜਾ ਸਮਾਰਟ ਸਕੂਲ ਵਜੋਂ ਹੋਇਆ ਵਿਕਸਤ

ਭੀਖੀ- ਸਮਾਜ ਵੱਲੋਂ ਸਰਕਾਰੀ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਬੱਚਿਆ ਦੇ ਭਵਿੱਖ ਲਈ ਬਹੁਤ ਹੀ ਵਧੀਆ ਸੁਨੇਹਾ ਹੈ ਕਿਉਂਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਹਰ ਵਰ੍ਹੇ ਬੱਚਿਆਂ ਦਾ ਦਾਖਲਾ ਘੱਟਦਾ ਜਾ ਰਿਹਾ ਹੈ ਪ੍ਰੰਤੂ ਕਈ ਸਕੂਲ ਅਜਿਹੇ ਵੀ ਹਨ ਜਿੱਥੇ ਦਾ ਮਿਹਨਤੀ ਸਟਾਫ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਨੂੰ ਚਮਕਾਉਣ ਦਾ ਦਮ ਰੱਖਦਾ ਹੈ।ਜ਼ਿਲ੍ਹਾ ਮਾਨਸਾ ਦੀ ਹੱਦ ’ਤੇ ਵਸੇ ਪਿੰਡ ਭਾਦੜਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਵੀ ਨਵੀਂ ਤਕਨੀਕ ਨਾਲ ਵਿਕਸਤ ਹੋ ਗਿਆ ਹੈ ਤੇ ਸਮਾਰਟ ਸਕੂਲਾਂ ਦੀ ਕਤਾਰ ਵਿੱਚ ਖੜੋ ਗਿਆ ਹੈ। ਸਕੂਲ ਮੁਖੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਸਮਾਰਟ ਕਲਾਸ ਨੂੰ ਵਿੱਚ ਐਲ.ਈ.ਡੀ. ’ਤੇ ਪੜ੍ਹਾਈ ਹੁੰਦੀ ਹੈ। ਬੱਚਿਆਂ ਨੂੰ ਮਾਤ ਭਾਸ਼ਾ ਦੇ ਨਾਲ- ਨਾਲ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਫ਼ੈਕਟ ਬਣਾਉਣ ਲਈ ਬਹੁਤ ਸਾਰਾ ਮਟੀਰੀਅਲ ਕੰਪਿਊਟਰ ਵਿੱਚ ਕਲਾਸ ਵਾਈਜ਼  ਫੀਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਵੱਲੋਂ ਬੜੀ ਹੀ ਰੀਝ ਨਾਲ ਹਰੇਕ ਕਲਾਸ ਨੂੰ ਸਪੈਸ਼ਲ ਪੀਰੀਅਡ ਰਾਹੀਂ ਸਮਾਰਟ ਕਲਾਸ ਰੂਮ ਵਿੱਚ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਦਿੱਖ ਸਵਾਰਨ ਵਿੱਚ ਸਕੂਲ ਸਟਾਫ਼, ਗ੍ਰਾਮ ਪੰਚਾਇਤ ਭਾਦੜਾ,ਸਰਪੰਚ ਸੁਖਜੀਤ ਕੌਰ,ਸ੍ਰੀ ਗੁਰੂ ਤੇਗ਼ ਬਹਾਦਰ ਕਲੱਬ ਭਾਦੜਾ ਦੇ ਪ੍ਰਧਾਨ ਬਲਵੰਤ ਸਿੰਘ ਤੇ ਸਲਾਹਕਾਰ ਕਰਮਜੀਤ ਸਿੰਘ ਅਤੇ ਹੋਰ ਸਮਾਜ ਸੇਵੀਆਂ ਦਾ ਵੱਡਾ ਯੋਗਦਾਨ ਹੈ। ਸਕੂਲ ਦੇ ਕਮਰਿਆਂ ਦੀਆਂ ਕੰਧਾਂ ਅਤੇ ਵਰਾਂਡੇ ਵਿੱਚ ਅਤੇ ਥਮਲਿਆਂ ’ਤੇ ਇੰਗਲਿਸ਼ ਦੀ ਸ਼ਬਦਾਵਲੀ ਲਿਖੀ ਗਈ ਹੈ ਜੋ ਕਿ ਬੱਚਿਆਂ ਨੂੰ ਆਉਂਦੇ, ਜਾਂਦੇ ਅਤੇ ਵਿਹਲੇ ਸਮੇਂ ਕਾਫੀ ਕੁੱਝ ਸਿਖਾਉਣ ਵਿੱਚ ਮੱਦਦ ਕਰੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੁਰਾਣੇ ਸਮੇਂ ਤੋਂ ਹੀ ਬੱਚਿਆਂ ਦੇ ਬੈਠਣ ਫਰਨੀਚਰ ਅਤੇ ਦੁਪਹਿਰ ਦਾ ਖਾਣਾ ਖਾਣ ਵਾਸਤੇ ਬਹੁਤ ਵੱਡਾ ਸ਼ੈਡ ਵੀ ਬਣਿਆ ਹੋਇਆ ਹੈ। ਸਕੂਲ ਮੁਖੀ ਅਤੇ ਸਟਾਫ਼ ਨੇ ਦੱਸਿਆ ਕਿ ਬੱਚਿਆਂ ਦੀ ਸਵੇਰ ਦੀ ਸਭਾ ਸਾਊਂਡ ਸਿਸਟਮ ਰਾਹੀਂ ਕਰਵਾਈ ਜਾਂਦੀ ਹੈ,ਜਿਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ,ਪੰਜਾਬੀ ਅਤੇ ਗਣਿਤ ਨਾਲ ਸਬੰਧਤ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲ 113 ਬੱਚੇ ਸਨ ਜਦਕਿ ਇਸ ਵਾਰ 20 ਬੱਚੇ ਵੱਖ-ਵੱਖ ਨਿੱਜੀ ਸਕੂਲਾਂ ਵਿੱਚੋਂ ਹਟ ਕੇ ਉਨ੍ਹਾਂ ਕੋਲ ਆਏ ਹਨ ਜੋ ਕਿ ਉਨ੍ਹਾਂ ਦੇ ਸਟਾਫ ਦੀ ਬਹੁਤ ਵੱਡੀ ਪ੍ਰਾਪਤੀ ਹੈ। ਹੁਣ ਉਹਨਾਂ ਕੋਲ 133 ਬੱਚੇ ਵਿੱਦਿਆ ਗ੍ਰਹਿਣ ਕਰ ਰਹੇ ਹਨ। ਸਕੂਲ ਨੂੰ ਹਰਿਆ ਭਰਿਆ ਰੱਖਣ ਲਈ ਸਕੂਲ ਵਿਚ ਦੋ ਪਾਰਕ ਪੁਰਾਣੇ ਸਮੇਂ ਤੋਂ ਹੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸੈਸ਼ਨ ਵਿੱਚ ਉਨ੍ਹਾਂ ਵੱਲੋਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਯਤਨ ਹੋਰ ਤੇਜ਼ ਕੀਤੇ ਜਾਣਗੇ। ਸਕੂਲ ਦੀ ਦਿੱਖ, ਸੁਹਾਵਣੇ ਵਾਤਾਵਰਨ ਅਤੇ ਹੋਣ ਵਾਲੇ ਨਵੇਂ ਦਾਖ਼ਲਿਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਰਾਜਿੰਦਰ ਵਾਲੇ ਕੌਰ ਹੀਰ ਨੇ ਸਮੁੱਚੇ ਸਕੂਲ ਸਟਾਫ਼ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਹੋਰਨਾਂ ਸਕੂਲਾਂ ਨੂੰ ਭਾਦੜਾ ਸਕੂਲ ਦੇ ਸਟਾਫ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖ਼ਲੇ ਵਧਾ ਸਕੀਏ। ਉਨ੍ਹਾਂ ਸਕੂਲ ਦੇ ਸਟਾਫ ਅਤੇ ਪਿੰਡ ਵਾਸੀਆਂ ਨੂੰ ਸਕੂਲ ਦੀ ਦਿੱਖ ਸੰਵਾਰਨ ’ਤੇ ਵਧਾਈ ਵੀ ਦਿੱਤੀ।

Send this to a friend