ਕ੍ਰਿਕਟ ਅਤੇ ਟੀਵੀ ਸਟਾਰ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਹੀ ਉਨ੍ਹਾਂ ਦੀ ਧਰਮ ਪਤਨੀ ਅਤੇ ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕਾ, ਸਾਬਕਾ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਬਹੁਤ ਹੀ ਚੰਗੀ ਸੋਚ ਦੇ ਮਾਲਕ ਹਨ। ਉਹ ਦੂਸਰੇ ਸਿਆਸੀ ਨੇਤਾਵਾਂ ਵਰਗੇ ਨਹੀਂ ਹਨ। ਉਹ ਇਮਾਨਦਾਰੀ ਅਤੇ ਸਪੱਸ਼ਟ ਸੋਚ ਲਈ ਜਾਣੇ ਜਾਂਦੇ ਹਨ। ਸਿਆਸੀ ਖੇਤਰ ਵਿੱਚ ਸ. ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਹੀ ਉਹ ਵੀ ਇਕ ਮਿਸਾਲ ਬਣ ਗਏ ਹਨ। ਉਹ ਕਦੇ ਵੀ ਅਹੁਦਿਆਂ ਪਿੱਛੇ ਨਹੀਂ ਦੌੜੇ ਸਗੋਂ ਅਹੁਦੇ ਉਨ੍ਹਾਂ ਦੇ ਪਿੱਛੇ ਦੌੜਦੇ ਹਨ। ਉਹ ਹਮੇਸ਼ਾ ਨਿੱਜੀ ਰਾਜਸੀ ਸਵਾਰਥਾਂ ਦੀ ਥਾਂ ਲੋਕ ਹਿੱਤਾਂ ਨੂੰ ਪਹਿਲ ਦਿੰਦੇ ਹਨ। ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। 2014 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਸ. ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਏ ਗਏ। ਇਸੇ ਤਰ੍ਹਾਂ ਮੁੱਖ ਮੰਤਰੀ ਵੱਲੋਂ ਡਾ. ਨਵਜੋਤ ਕੌਰ ਸਿੱਧੂ ਨੂੰ ਇਕ ਅਹਿਮ ਨਿਗਮ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ। ਪ੍ਰੰਤੂ ਉਨ੍ਹਾਂ ਨੇ ਇਕ ਪਰਿਵਾਰ ਵਿੱਚ ਦੂਸਰਾ ਅਹੁਦਾ ਲੈਣ ਤੋਂ ਨਿਮਰਤਾ ਨਾਲ ਇਨਕਾਰ ਕਰ ਦਿੱਤਾ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ। ਇਸ ਨਾਲ ਸਿੱਧੂ ਪਰਿਵਾਰ ਦਾ ਲੋਕਾਂ ਵਿੱਚ ਮਾਣ-ਸਤਿਕਾਰ ਹੋਰ ਵਧਿਆ ਹੈ। ਪਿਛਲੇ ਦੋ ਸਾਲਾਂ ਵਿੱਚ ਸਿੱਧੂ ਜੋੜੀ ਵੱਲੋਂ ਸਿਆਸੀ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਬਹੁਤ ਹੀ ਸ਼ਾਨਦਾਰ ਕਾਰਜ ਕੀਤਾ ਗਿਆ ਹੈ। ਸ. ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸਭ ਤੋਂ ਸਰਗਰਮ, ਇਮਾਨਦਾਰ ਅਤੇ ਕਾਰਜਸ਼ੀਲ ਮੰਤਰੀ ਬਣੇ ਹੋਏ ਹਨ। ਉਨ੍ਹਾਂ ਦੇ ਸਾਰੇ ਸਿਆਸੀ ਕਾਰਜਾਂ ਵਿੱਚ ਡਾ. ਨਵਜੋਤ ਕੌਰ ਸਿੱਧੂ ਲਗਾਤਾਰ ਸਹਿਯੋਗ ਕਰ ਰਹੇ ਹਨ। ਸੁਭਾਵਿਕ ਤੌਰ ’ਤੇ ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਵਿੱਚ ਵਧੇਰੇ ਸਮਾਂ ਬਤਾਉਂਦੇ ਹਨ ਇਸ ਲਈ ਉਨ੍ਹਾਂ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ। ਪਾਰਟੀ ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਦਿੱਤੀ ਗਈ। ਇਹ ਟਿਕਟ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਪਹਿਲਾਂ ਹੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਨੂੰ ਦੇ ਦਿੱਤੀ ਗਈ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਪਾਰਟੀ ਦੇ ਇਸ ਫੈਸਲੇ ਨੂੰ ਵੀ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਬਗਾਵਤੀ ਤੇਵਰ ਨਹੀਂ ਦਿਖਾਏ। ਉਚੀ ਸੋਚ ਦਾ ਵਿਖਾਵਾ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੀ ਬਾਂਸਲ ਉਨ੍ਹਾਂ ਨੂੰ ਸੱਦਾ ਦੇਣਗੇ ਤਾਂ ਉਹ ਚੰਡੀਗੜ੍ਹ ਵਿਖੇ ਚੋਣ ਮੁਹਿੰਮ ਵਿੱਚ ਹਿੱਸਾ ਲੈਣਗੇ। ਡਾ. ਨਵਜੋਤ ਕੌਰ ਸਿੱਧੂ ਦੀ ਇਸ ਸੋਚ ਨੂੰ ਸਲਾਮ ਕਹਿਣਾ ਬਣਦਾ ਹੈ। ਮੌਜੂਦਾ ਸਮੇਂ ਜਦੋਂ ਸਿਆਸੀ ਨੇਤਾ ਟਿਕਟ ਜਾਂ ਅਹੁੱਦਾ ਨਾ ਮਿਲਣ ’ਤੇ ਬੇਲੋੜੇ ਰੋਸ ਪ੍ਰਗਟਾਵੇ ਕਰਦੇ ਰਹਿੰਦੇ ਹਨ ਤਦ ਅਜਿਹੇ ਸਮੇਂ ਡਾ. ਸਿੱਧੂ ਨੇ ਬੇਹੱਦ ਸੰਤੁਲਿਤ ਅਤੇ ਦਰੁਸਤ ਪਹੁੰਚ ਦਾ ਪ੍ਰਗਟਾਵਾ ਕਰਕੇ ਸਿਆਸੀ ਨੇਤਾਵਾਂ ਨੂੰ ਇਕ ਰਾਹ ਦਿਖਾਇਆ ਹੈ। ਇਸ ਤਰ੍ਹਾਂ ਦੇ ਸਿਆਸੀ ਨੇਤਾਵਾਂ ਦੀ ਹੀ ਅੱਜ ਦੇ ਸਮੇਂ ਵਿੱਚ ਭਾਰੀ ਲੋੜ ਹੈ। ਚੰਗਾ ਹੋਵੇ ਜੇਕਰ ਕਾਂਗਰਸ ਪਾਰਟੀ ਡਾ. ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਜਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕਰੇ। ਇਨ੍ਹਾਂ ਦੋਨਾਂ ਹਲਕਿਆਂ ਵਿੱਚ ਹੀ ਉਹ ਬੇਹਤਰ ਪ੍ਰਦਰਸ਼ਨ ਕਰ ਸਕਦੇ ਹਨ। ਲੋਕਾਂ ਵਿੱਚ ਬੇਹਦ ਹਰਮਨ ਪਿਆਰਤਾ ਕਾਰਨ ਉਂਝ ਉਹ ਪੰਜਾਬ ਦੇ ਕਿਸੇ ਵੀ ਲੋਕ ਸਭਾ ਜਾਂ ਵਿਧਾਨ ਸਭਾ ਹਲਕੇ ਤੋਂ ਆਸਾਨੀ ਨਾਲ ਜਿੱਤ ਹਾਸਿਲ ਕਰ ਸਕਦੇ ਹਨ। ਉਨ੍ਹਾਂ ਦੇ ਸਮੁੱਚੇ ਸਿਆਸੀ ਕੈਰੀਅਰ ਨੂੰ ਦੇਖ ਕੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਜੇਕਰ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਹੁੰਦੇ ਹਨ ਤਾਂ ਉਹ ਉਸ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਸੰਸਦ ਵਿੱਚ ਪੰਜਾਬ ਦੀ ਆਵਾਜ਼ ਨੂੰ ਬਹੁਤ ਬੇਹਤਰ ਤਰੀਕੇ ਨਾਲ ਉਠਾ ਸਕਦੇ ਹਨ। ਪੰਜਾਬ ਦੀ ਇਸ ਧੀ ’ਤੇ ਹਰ ਪੰਜਾਬੀ ਨੂੰ ਮਾਣ ਹੈ।
– ਬਲਜੀਤ ਸਿੰਘ ਬਰਾੜ