ਜੋੜ ਮੇਲਾ ਗੁਰਦੁਆਰਾ ਖੂਹ ਭਾਈ ਮੰਝ ਸਾਹਿਬ ਜੀ ਸੁਲਤਾਨਵਿੰਡ

ਭਾਈ ਮੰਝ ਦਾ ਪਹਿਲਾ ਨਾਂਅ ‘ਤੀਰਥਾ’ ਸੀ। ਇਹ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ। ਉਹਨਾਂ ਦੇ ਘਰ ‘ਸਖੀ ਸਰਵਰ’ ਦਾ ‘ਪੀਰਖਾਨਾ’ ਵੀ ਸੀ। ਗੁ. ਇਤਹਾਸਿਕ ਖੂਹ ਭਾਈ ਮੰਝ ਸੁਲਤਾਨਵਿੰਡ ਪਿੰਡ ਅੰਮ੍ਰਿਤਸਰ ਵਿਖੇ ਹੈ। ਇਹ ਉੇਹ ਇਤਹਾਸਿਕ ਖੂਹ ਹੈ, ਜਿੱਥੇ ਭਾਈ ਮੰਝ ਜੀ ਗੁਰੂ ਘਰ ਵਾਸਤੇ ਲੱਕੜਾਂ ਲੈਣ ਗਏ,ਖੂਹ ਵਿੱਚ ਡਿੱਗ ਪਏ ਸਨ ਤੇ ਗੁਰੂ ਅਰਜਨ ਦੇਵ ਜੀ ਨੇ ਆਪ ਜਾ ਕੇ ਉਹਨਾਂ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਸੀ। ਭਾਈ ਮੰਝ ਪਿੰਡ ਕੰਗ ਮਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਘਰ ਵਿੱਚ ਸਖੀ ਸਰਵਰ ਦੀ ਜਗ੍ਹਾ ਬਣਾਈ ਹੋਈ ਸੀ। ਪਿੰਡ ਦੀ ਸੰਗਤ ਇੱਕਠੀ ਕਰਕੇ ਹਰ ਸਾਲ ਬਾਅਦ ਆਪ ਉਸ ਪੀਰ ਦੇ ਦਰਸ਼ਨਾਂ ਲਈ ਨਿਗਾਹੇ ਜਾਂਦੇ ਸਨ। ਹਰ ਵੀਰਵਾਰ ਰੋਟ ਚੜ੍ਹਾਉਂਦੇ ਸਨ। ਆਪ ਪਿੰਡ ਦੇ ਚੌਧਰੀ ਸਨ। ਮਾਇਆ ਦੀ ਕੋਈ ਕਮੀ ਨਹੀ ਸੀ।ਇੱਕ ਦਿਨ ਨਿਗਾਹੇ ਤੋਂ ਵਾਪਸ ਆਉਂਦਿਆਂ ਆਪ ਦਾ ਮੇਲ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਨਾਲ ਹੋਇਆ। ਵਿਚਾਰ ਵਟਾਂਦਰੇ ਉਪਰੰਤ ਗੁਰੂ ਦਰਸ਼ਨਾਂ ਦੀ ਚਾਹ ਪੈਦਾ ਹੋਈ। ਆਪ ਸਿੱਖਾਂ ਨਾਲ ਗੁਰੂ ਅਰਜਨ ਦੇਵ ਜੀ ਪਾਸ ਆਏ ਤੇ ਸਿੱਖੀ ਦੀ ਦਾਤ ਮੰਗੀ ਤਾਂ ਗੁਰੂ ਜੀ ਨੇ ਕਿਹਾ ਕਿ ‘ਜੇ ਪਾਰ ਲੰਘਣਾ ਹੈ ਤਾਂ, ਇੱਕ ਪਾਸੇ ਹੋ ਜਾਉ’। ਆਪ ਨੇ ਗੁਰੂ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ। ਘਰ ਆ ਕੇ ਸਖੀ ਸਰਵਰ ਦੀ ਬਣਾਈ ਹੋਈ ਜਗ੍ਹਾ ਢਾਹ ਦਿੱਤੀ। ਪਰਖ ਸ਼ੁਰੂ ਹੋ ਗਈ। ਘਰ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਗਈ। ਲੋਕਾਂ ਦੇ ਤਾਅਨੇ ਮਿਹਣੇ ਵੀ ਸੁਣਨੇ ਪਏ। ਘਰ ਦਾ ਗੁਜ਼ਾਰਾ ਕਰਨ ਲਈ ਘਾਹ ਖੋਦ ਕੇ ਵੇਚਣਾ ਪਿਆ, ਪਰ ਗੁਰੂ ਘਰ ਵਿੱਚ ਵਿਸਵਾਸ਼ ਹੋਰ ਪਕੇਰਾ ਹੁੰਦਾ ਗਿਆ। ਆਪ ਗੁਰਬਾਣੀ ਦਾ ਨਿਰੰਤਰ ਜਾਪ ਕਰਦੇ ਰਹਿੰਦੇ। ਗੁਰੂ ਘਰ ਦੇ ਘੋੜਿਆਂ ਲਈ ਘਾਹ ਖੋਦ ਕੇ ਲਿਆਉਂਦੇ। ਬਾਅਦ ਵਿੱਚ ਸਾਰਾ ਦਿਨ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦੇ ਰਹਿੰਦੇ।ਗੁਰੂ ਘਰ ਦੇ ਲੰਗਰਾਂ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਂਦੇ ਤੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਲੈਂਦੇ।ਇੱਕ ਦਿਨ ਗੁਰੂ ਜੀ ਲੰਗਰ ਵਾਲੇ ਪਾਸੇ ਆਏ ਤੇ ਭਾਈ ਮੰਝ ਨਾਲ ਮੇਲ ਹੋ ਗਿਆ। ਪੁੱਛਣ ਤੇ ਦੱਸਿਆ ਕਿ ‘ਸੇਵਾ ਕਰਕੇ, ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕ ਲੈਂਦਾ ਹਾਂ।’ ਗੁਰੂ ਜੀ ਕਹਿਣ ਲੱਗੇ ਕਿ ‘ਇਹ ਸੇਵਾ ਕਾਹਦੀ ਹੋਈ, ਇਹ ਤਾਂ ਮਜ਼ਦੂਰੀ ਹੋ ਗਈ।’ ਅਗਲੇ ਦਿਨ ਤੋਂ ਜੋ ਸੰਗਤਾਂ ਨੇ ਪੱਤਲਾਂ ਵਿੱਚ ਜੂਠ ਛੱਡ ਦੇਣੀ। ਉਹ ਛੱਕ ਲੈਣੀ। ਇੱਕ ਦਿਨ ਫਿਰ ਗੁਰੂ ਅਰਜਨ ਦੇਵ ਜੀ ਲੰਗਰ ਵਾਲੇ ਪਾਸੇ ਆਏ ਤੇ ਪੁੱਛਣ ਲੱਗੇ ਕਿ ‘ਭਾਈ ਮੰਝ ਜੀ, ਹੁਣ ਪ੍ਰਸ਼ਾਦਾ ਕਿੱਥੋਂ ਛੱਕਦੇ ਹੋ’ ਤਾਂ ਆਪ ਕਹਿਣ ਲੱਗੇ ਕਿ ‘ਮੈਂ ਸੰਗਤਾਂ ਦੀ ਜੂਠ ਛੱਕ ਕੇ ਗੁਜਾਰਾ ਕਰ ਲੈਂਦਾ ਹਾਂ।’ ਤਾਂ ਗੁਰੂ ਜੀ ਕਹਿਣ ਲੱਗੇ ਕਿ ‘ਤੁਸੀ ਕਾਵਾਂ, ਚਿੜ੍ਹੀਆਂ ਤੇ ਹੋਰ ਪੰਛੀਆਂ ਦਾ ਹਿੱਸਾ ਖਾ ਰਹੇ ਹੋ।’ ਉਸ ਤੋਂ ਅਗਲੇ ਦਿਨ ਤੋਂ ਭਾਈ ਮੰਝ ਜੀ ਪਹਿਲਾਂ ਲੰਗਰਾਂ ਵਾਸਤੇ ਲੱਕੜਾਂ ਕੱਟ ਕੇ ਲਿਆਉਂਦੇ ਤੇ ਫਿਰ ਆਪਣੇ ਗੁਜਾਰੇ ਵਾਸਤੇ ਲੱਕੜਾਂ ਕੱਟ ਕੇ ਵੇਚਦੇ। ਇਸ ਤਰ੍ਹਾਂ ਸੱਚੀ ਕਿਰਤ ਕਮਾਈ ਕਰਕੇ ਆਪਣਾ ਜੀਵਨ ਨਿਰਬਾਹ ਕਰਦੇ। ਇੱਕ ਦਿਨ ਅਚਾਨਕ ਜੰਗਲਾਂ ਵਿੱਚ ਲੱਕੜਾਂ ਲੈਣ ਗਏ ਤਾਂ ਬੜਾ ਭਾਰੀ ਜ਼ੋਰਦਾਰ ਮ੍ਹੀਂਹ, ਝੱਖੜ ਤੇ ਹਨੇਰੀ ਤੂਫਾਨ ਨੇ ਆਪ ਨੂੰ ਖੂਹ ਵਿੱਚ ਸੁੱਟ ਦਿੱਤਾ। ਆਪ ਖੂਹ ਵਿੱਚ ਤਾਂ ਡਿੱਗ ਪਏ, ਪਰ ਆਪ ਨੇ ਆਪਣੇ ਸਿਰ ਤੋਂ ਲੱਕੜਾਂ ਨਹੀ ਸੁੱਟੀਆਂ, ਸਗੋਂ ਖੂਹ ਵਿੱਚ ਡਿੱਗਣ ਕਰਕੇ ਵੀ ਲੱਕੜਾਂ ਸਿਰ ਤੇ ਟਕਾਈ ਰੱਖੀਆਂ। ਕਾਫੀ ਦੇਰ ਹੋਣ ਤੇ ਜਦ ਆਪ ਲੱਕੜਾਂ ਲੈ ਕੇ ਗੁਰੂ ਕੇ ਲੰਗਰਾਂ ਵਿੱਚ ਨਹੀ ਪਹੁੰਚੇ ਤਾਂ ਜਾਣੀ ਜਾਣ ਸਤਿਗੁਰੂ ਜੀ ਨੇ ਕੁੱਝ ਸਿੱਖਾਂ ਨੂੰ ਪਤਾ ਕਰਨ ਲਈ ਭੇਜਿਆ। ਉਹ ਜੰਗਲ ਵਿੱਚ ਜਾ ਕੇ ਵੇਖਦੇ ਹਨ ਕਿ ਭਾਈ ਮੰਝ ਖੂਹ ਵਿੱਚ ਡਿੱਗੇ ਹੋਏ, ਸਿਰ ਤੇ ਲੱਕੜਾਂ ਟਿਕਾਈ ਗੁਰਬਾਣੀ ਪੜ੍ਹ ਰਹੇ ਹਨ। ਉਹਨਾਂ ਗੁਰੂ ਜੀ ਨੂੰ ਦੱਸਿਆਂ। ਗੁਰੂ ਅਰਜਨ ਦੇਵ ਜੀ ਨੰਗੇ ਪੈਰੀਂ ਸੰਗਤਾਂ ਨੂੰ ਨਾਲ ਲੈ ਕੇ ਭਾਈ ਮੰਝ ਜੀ ਲਈ ਉਸ ਖੂਹ ਵੱਲ ਨੱਠ ਤੁਰੇ। ਖੂਹ ਕੋਲ ਜਾ ਕੇ ਰੱਸਾ ਥੱਲੇ ਸੁੱਟਿਆ ਤੇ ਕਿਹਾ ਕਿ ‘ਭਾਈ ਮੰਝ ਰੱਸਾ ਫੜ ਕੇ ਬਾਹਰ ਆ ਜਾਉ’। ਤਾਂ ਭਾਈ ਮੰਝ ਨੇ ਪਹਿਲਾਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਕੱਢਣ ਲਈ ਬੇਨਤੀ ਕੀਤੀ। ਪਹਿਲਾਂ ਲੱਕੜਾਂ ਕੱਢੀਆਂ ਗਈਆਂ। ਫਿਰ ਭਾਈ ਮੰਝ ਰੱਸਾ ਫੜ ਕੇ ਬਾਹਰ ਆਏ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਜੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਕਿਹਾ ਕਿ ‘ਭਾਈ ਮੰਝ ਜੀ, ਤੁਹਾਡੀ ਸੇਵਾ ਗੁਰੂ ਘਰ ਪ੍ਰਵਾਨ ਹੋ ਗਈ ਹੈ। ਮੰਗੋ ਕੀ ਮੰਗਣਾ ਹੈ।’ ਤਾਂ ਭਾਈ ਮੰਝ ਜੀ ਹੱਥ ਜੋੜ ਕੇ ਖਲੋ ਗਏ ‘ਹੇ ਪਾਤਸ਼ਾਹ ਜੀ, ਕਿਸੇ ਚੀਜ਼ ਦੀ ਲੋੜ ਨਹੀ ਹੈ।’ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ‘ਹੇ ਦਾਤਾ ਜੀ, ਕਲਯੁੱਗ ਦਾ ਸਮਾਂ ਹੈ। ਸਿੱਖਾਂ ਦਾ ਇੰਨ੍ਹਾਂ ਇਮਤਿਹਾਨ ਨਾ ਲਿਆ ਕਰੋ। ਸਿੱਖਾਂ ਕੋਲੋਂ ਇੰਨ੍ਹੀ ਕਰੜੀ ਪ੍ਰੀਖਿਆਂ ਦਿੱਤੀ ਨਹੀ ਜਾਣੀ। ਲੰਗਰ ਦਾ ਪ੍ਰਸ਼ਾਦਾ ਨਾ ਖੋਹਣਾ।’ ਤਾਂ ਗੁਰੂ ਜੀ ਬੋਲੇ ‘ਤੁਸੀ ਸਾਡਾ ਰੂਪ ਹੋ ਗਏ ਹੋ। ਜੋ ਮੁੱਖ ਤੋਂ ਬੋਲੋਗੇ, ਸਭ ਪੂਰਾ ਹੋਵੇਗਾ।’ ਤੇ ਭਾਈ ਮੰਝ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ‘ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ’ , ਮੰਝ ਗੁਰੂ ਕਾ ਬੋਹਿਥਾ, ਜੱਗ ਲੰਘਣਹਾਰਾ’ ਇਸ ਤਰ੍ਹਾਂ ਭਾਈ ਮੰਝ ਜੀ ਗੁਰੂ ਘਰ ਪ੍ਰਵਾਨ ਚੜੇ। ਗੁ. ਖੂਹ ਭਾਈ ਮੰਝ ਸੁਲਤਾਨਵਿੰਡ ਪਿੰਡ ਅੰਮ੍ਰਿਤਸਰ ਵਿਖੇ 1 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਬ ਰਖਵਾਏ ਜਾਣਗੇ ਤੇ 3 ਅਪ੍ਰੈਲ ਨੂੰ ਭੋਗ ਪਵੇਗਾ। ਜਥੇਦਾਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਰਹਿਨਮਈ ਹੇਠ ਸਲਾਨਾ ਜੋੜ੍ਹ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਗੁਰੂ ਘਰ ਦਾ ਜਸ ਗਾਉਣਗੇ। ਕਬੱਡੀ ਅਤੇ ਕੁਸ਼ਤੀਆਂ ਦੇ ਮੈਚ ਪੰਜਾਬ ਦੀਆਂ ਮਸ਼ਹੂਰ ਟੀਮਾਂ ਵਿਚਕਾਰ ਕਰਵਾਏ ਜਾਣਗੇ। ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ ਤੇ ਰਾਤ ਨੂੰ ਦੀਪਮਾਲਾ ਵੀ ਹੋਵੇਗੀ।

Send this to a friend