ਲਹਿਰਾਗਾਗਾ- ਲੋਕ ਸਭਾ ਚੋਣਾਂ ਲਈ ਪੂਰੇ ਦੇਸ਼ ਵਿਚ ਸਰਗਰਮੀਆਂ ਸੁਰੂ ਹੋ ਗਈਆਂ ਹਨ ,ਪਰ ਪੰਜਾਬ ਵਿਚ ਇਹ ਚੋਣਾਂ ਸਭ ਤੋਂ ਆਖਰੀ ਪੜਾਅ ਵਿਚ ਹੋਣ ਕਾਰਨ ਅਜੇ ਚੋਣ ਸਰਗਰਮੀਆਂ ਠੰਢੀਆਂ ਚਲ ਰਹੀਆਂ ਹਨ । ਇਥੋਂ ਤਕ ਕਿ ਪੰਜਾਬ ਦੀਆਂ ਪ੍ਰਮੁਖ ਪਾਰਟੀਆਂ ਵਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ । ਪੰਜਾਬ ਅੰਦਰ ਰਾਜ ਕਰ ਰਹੀ ਕਾਂਗਰਸ ਪਾਰਟੀ ਵਲੋਂ ਅਜੇ ਤਕ ਪੰਜਾਬ ਅੰਦਰ ਇਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਇਸ ਦਾ ਸਭ ਤੋਂ ਵਡਾ ਕਾਰਨ ਹਰ ਇਕ ਸੀਟ ਤੇ ਟਿਕਟ ਲੈਣ ਲਈ ਹਾਈਕਮਾਂਡ ਕੋਲ ਅਣਗਿਣਤ ਅਰਜ਼ੀਆਂ ਦਾ ਪਹੁੰਚਣਾ ਹੈ । ਇਸ ਤੋਂ ਇਲਾਵਾ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਤੀਜੇ ਸਥਾਨ ਤੇ ਰਹਿਣ ਵਾਲਾ ਅਕਾਲੀ ਭਾਜਪਾ ਗਠਜੋੜ ਜੋ ਲੋਕ ਸਭਾ ਚੋਣਾਂ ਲਈ ਮੁਕਾਬਲੇ ਵਿਚ ਮੁਖ ਵਿਰੋਧੀ ਧਿਰ ਵਜੋਂ ਸਾਹਮਣੇ ਆ ਰਿਹਾ ਹੈ , ਨੇ ਵੀ ਅਜੇ ਤਕ ਕਾਫੀ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ । ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਸ਼ਣ ਨੂੰ ਵੇਖਦਿਆਂ ਅਕਾਲੀ ਦਲ ਇਨਾਂ ਚੋਣਾਂ ਰਾਹੀਂ ਮੁਖ ਵਿਰੋਧੀ ਧਿਰ ਵਜੋਂ ਉਭਰ ਕੇ ਸਾਹਮਣੇ ਆਉਣ ਲਈ ਪੂਰੀ ਵਾਹ ਲਾ ਰਿਹਾ ਹੈ । ਇਸ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਵਰਕਰ ਮਿਲਣੀ ਪ੍ਰੋਗ੍ਰਾਮ ਕਰਕੇ ਵਰਕਰਾਂ ਵਿਚ ਜੋਸ਼ ਭਰਨ ਵਿਚ ਕਾਮਯਾਬ ਹੁੰਦੇ ਨਜਰ ਆ ਰਹੇ ਹਨ । ਜੇਕਰ ਇਸ ਸਮੇਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਆਮ ਆਦਮੀ ਪਾਰਟੀ ਦੀ ਗਲ ਕੀਤੀ ਜਾਵੇ , ਤਾਂ ਇਸ ਦੀ ਸਥਿਤੀ ਪੰਜਾਬ ਅੰਦਰ ਬਹੁਤੀ ਚੰਗੀ ਨਹੀਂ ਜਾਪ ਰਹੀ , ਜਿਸ ਦਾ ਮੁਖ ਕਾਰਨ ਪਾਰਟੀ ਦੀ ਦਿਲੀ ਟੀਮ ਵਲੋਂ ਪੰਜਾਬ ਦੇ ਸਿਰਕਢ ਲੀਡਰਾਂ ਨੂੰ ਸਮੇ ਸਮੇਂ ਤੇ ਬਾਹਰ ਦਾ ਰਸਤਾ ਦਿਖਾਉਣਾ ਹੈ । ਪਾਰਟੀ ਤੋਂ ਵਖ ਹੋਏ ਸੁਖਪਾਲ ਸਿੰਘ ਖਹਿਰਾ , ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਬਸਪਾ ਆਦਿ ਦੇ ਗਠਜੋੜ ਨਾਲ ਬਣਿਆ ਡੈਮੋਕ੍ਰੇਟਿਕ ਅਲਾਇੰਸ ਵੀ ਆਮ ਆਦਮੀ ਪਾਰਟੀ ਦੀ ਡੁਬਦੀ ਬੇੜੀ ਵਿਚ ਵਟੇ ਪਾਉਣ ਵਿਚ ਅਹਿਮ ਰੋਲ ਅਦਾ ਕਰੇਗਾ ।
ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸੀ ਸਥਿਤੀ- ਜੇਕਰ ਲੋਕ ਸਭਾ ਚੋਣਾਂ ਸੰਬੰਧੀ ਲੋਕ ਸਭਾ ਹਲਕਾ ਸੰਗਰੂਰ ਦੀ ਗਲ ਕੀਤੀ ਜਾਵੇ ਤਾਂ
ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹਿ ਚੁਕੇ ਸੁਖਦੇਵ ਸਿੰਘ ਢੀਂਡਸਾ ਦੇ ਸਪੁਤਰ ਸ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿਤ ਮੰਤਰੀ ਅਤੇ ਹਲਕਾ ਵਿਧਾਇਕ ਲਹਿਰਾਗਾਗਾ ਦੀ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਦੀ ਅਧਿਕਾਰਿਤ ਤੌਰ ‘ਤੇ ਭਾਵੇਂ ਕੋਈ ਪੁਸ਼ਟੀ ਨਹੀਂ ਹੋਈ , ਪਰ ਉਨਾਂ ਦਾ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨਾ ਲਗਭਗ ਤੈਅ ਹੋ ਚੁਕਾ ਹੈ ਅਤੇ ਸਿਰਫ ਐਲਾਨ ਹੋਣਾ ਬਾਕੀ ਹੈ । ਭਾਵੇਂ ਸੁਖਦੇਵ ਸਿੰਘ ਢੀਂਡਸਾ ਨੇ ਕਈ ਵਾਰ ਮੀਡੀਆ ਰਾਹੀਂ ਇਹ ਬਿਆਨ ਦਿਤੇ ਹਨ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਪਰ ਭਰੋਸੇਯੋਗ ਸੂਤਰਾਂ ਅਨੁਸਾਰ ਢੀਂਡਸਾ ਪਰਿਵਾਰ ਇਹ ਵੀ ਨਹੀਂ ਚਾਹੁੰਦਾ ਕਿ ਪਾਰਟੀ ਦੁਆਰਾ ਕਿਸੇ ਹੋਰ ਸੀਨੀਅਰ ਲੀਡਰ ਨੂੰ ਇਸ ਸੀਟ ਤੋਂ ਚੋਣ ਲੜਾਉਣ ਨਾਲ ਢੀਂਡਸਾ ਪਰਿਵਾਰ ਦਾ ਲੰਮੇਂ ਸਮੇ ਤੋਂ ਹਲਕੇ ਅਧੀਨ ਆਉਂਦੇ ਸੰਗਰੂਰ ਅਤੇ ਬਰਨਾਲਾ ਜਿਲੇ ਵਿਚ ਕਾਇਮ ਸਿਆਸੀ ਦਬਦਬਾ ਖਤਮ ਹੋਵੇ । ਜੇਕਰ ਕਾਂਗਰਸ ਪਾਰਟੀ ਦੀ ਗਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰਾਂ ਦੀ ਲਾਇਨ ਕਾਫੀ ਲੰਮੀ ਹੈ । ਕਾਂਗਰਸ ਪਾਰਟੀ ਦੀ ਟਿਕਟ ਲਈ ਪੰਜਾਬ ਦੀ ਸਾਬਕਾ ਮੁਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭਠਲ , ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਫਰਜੰਦ ਅਤੇ ਯੂਥ ਆਗੂ ਸ ਜਸਵਿੰਦਰ ਸਿੰਘ ਧੀਮਾਨ , ਸਾਬਕਾ ਮੰਤਰੀ ਅਤੇ ਉਘੇ ਕਾਰੋਬਾਰੀ ਸ ਕੇਵਲ ਸਿੰਘ ਢਿਲੋਂ , ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦੀ ਧਰਮ ਪਤਨੀ , ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਤੋਂ ਇਲਾਵਾ ਅਨੇਕਾਂ ਦੁਆਰਾ ਟਿਕਟ ਲੈਣ ਲਈ ਹਾਈਕਮਾਂਡ ਕੋਲ ਅਰਜ਼ੀਆਂ ਦਿਤੀਆਂ ਹੋਈਆਂ ਹਨ , ਪਰ ਹਾਈਕਮਾਂਡ ਜਲਦੀ ਉਮੀਦਵਾਰ ਦਾ ਐਲਾਨ ਕਰਦੀ ਨਜਰ ਨਹੀਂ ਆ ਰਹੀ ।
ਆਮ ਆਦਮੀ ਪਾਰਟੀ ਵਲੋਂ ਕਾਫੀ ਸਮਾਂ ਪਹਿਲਾਂ ਹੀ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਲੋਕ ਸਭਾ ਮੈਂਬਰ ਭਗਵੰਤ ਸਿੰਘ ਮਾਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆਂ ਹੈ ਅਤੇ ਭਗਵੰਤ ਮਾਨ ਦੁਆਰਾ ਲੰਮੇ ਸਮੇਂ ਤੋਂ ਸ਼ੁਰੂ ਕੀਤੇ ਆਪਣੇ ਚੋਣ ਪ੍ਰਚਾਰ ਨਾਲ ਪ੍ਰਚਾਰ ਪਖੋਂ ਉਹ ਦੂਸਰੇ ਉਮੀਦਵਾਰਾਂ ਨਾਲੋਂ ਕਾਫੀ ਅਗੇ ਲੰਘਦਾ ਨਜਰ ਆ ਰਿਹਾ ਹੈ । ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵਲੋਂ ਪਾਰਟੀ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹਨ ਅਤੇ ਉਨਾਂ ਨੂੰ ਬਰਗਾੜੀ ਮੋਰਚੇ ਦੀ ਹਮਾਇਤ ਵੀ ਹਾਸਿਲ ਹੈ । ਆਮ ਆਦਮੀ ਪਾਰਟੀ ਤੋਂ ਵਖ ਹੋਏ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਬਸਪਾ ਆਦਿ ਪਾਰਟੀਆਂ ਬਣਾਏ ਡੈਮੋਕ੍ਰੇਟਿਕ ਅਲਾਇੰਸ ਦੁਆਰਾ 2014 ਵਿਚ ਆਮ ਆਦਮੀ ਦੀ ਟਿਕਟ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜੇ ਅਤੇ ਪੰਜਾਬੀ ਗਾਇਕ ਜਸੀ ਜਸਰਾਜ ( ਪਾਵੇ ਵਾਲਾ ) ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ । ਅਜ ਦੇ ਦਿਨ ਕਿਸੇ ਵੀ ਉਮੀਦਵਾਰ ਦੀ ਲੋਕ ਸਭਾ ਹਲਕੇ ਅੰਦਰ ਸਿਆਸੀ ਸਥਿਤੀ ਸ਼ਪਸਟ ਕਰਨੀ ਸੰਭਵ ਨਹੀਂ , ਇਹ ਤਾਂ ਸਾਰੀਆਂ ਪਾਰਟੀਆਂ ਦੁਆਰਾ ਆਪੋ ਆਪਣੇ ਉਮੀਦਵਾਰ ਐਲਾਨਣ ਤੋਂ ਬਾਅਦ ਹੀ ਪਤਾ ਲਗੇਗਾ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਕਿਸ ਦੇ ਸਿਰ ਤਾਜ ਸਜਾਉਣਾ ਚਾਹੁੰਦੇ ਹਨ।
-ਜਤਿੰਦਰ ਸਿੰਘ ਜਲੂਰ
09781277897