ਲੋਕ ਮਸਲਿਆਂ ਨੂੰ ਲੈਕੇ ਬੀ.ਡੀ.ਪੀ.ਓ ਦਫ਼ਤਰ ’ਚ ਲੋਕ ਮੰਚ ਪੰਜਾਬ ਦੀ ਭਰਵੀਂ ਮੀਟਿੰਗ

ਸੂਬੇ ਦੀ ਅਫ਼ਸਰਸ਼ਾਹੀ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ : ਕਾਮਰੇਡ ਬੜੀ

ਸ਼ੇਰਪੁਰ- ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਬੜੀ ਦੀ ਅਗਵਾਈ ਹੇਠ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ੇਰਪੁਰ ਵਿਖੇ ਇਕ ਵਿਸ਼ੇਸ ਮੀਟਿੰਗ ਵਖ-ਵਖ ਲੋਕ ਮਸਲਿਆਂ ਨੂੰ ਲੈਕੇ ਕੀਤੀ ਗਈ। ਇਸ ਮੀਟਿੰਗ ਦਾ ਮੁਖ ਮੁਦਾ ਸਬ-ਤਹਿਸੀਲ ਸ਼ੇਰਪੁਰ ਵਿਖੇ ਫੈਲਿਆ ਭ੍ਰਿਸ਼ਾਟਚਾਰ ਅਤੇ ਬਲਾਕ ਵਿਕਾਸ ਅਫਸਰ ਦਫਤਰ ਸ਼ੇਰਪੁਰ ਵਲੋਂ ਕੁਝ ਪਿੰਡਾਂ ਦੀਆਂ ਪੰਚਾਇਤਾਂ ਨਾਲ ਗ੍ਰਾਂਟਾ ਦੇਣ ਵਿਚ ਕੀਤੀ ਜਾ ਰਹੀ ਵਿਤਕਰੇਬਾਜ਼ੀ ਸੀ। ਇਸ ਮੌਕੇ ਬੀ.ਡੀ.ਪੀ.ਓੰ ਦਫਤਰ ਦੇ ਪਾਰਕ ਵਿਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਖਦੇਵ ਸਿੰਘ ਬੜੀ ਨੇ ਕਿਹਾ ਕਿ ਬਲਾਕ ਸ਼ੇਰਪੁਰ ਦੇ ਅਧੀ ਦਰਜ਼ਨ ਦੇ ਕਰੀਬ ਪਿੰਡਾਂ ਵਿਚ ਵਿਕਾਸ ਕਾਰਜ਼ਾ ਲਈ ਗ੍ਰਾਂਟ ਦਾ ਕੋਈ ਪੈਸਾ ਕਿਉਂ ਨਹੀਂ ਪਾਇਆ ਗਿਆ ਅਤੇ ਇਹ ਪੈਸਾ ਕਿਸ ਲੀਡਰ ਦੀ ਸਹਿ ਤੇ ਨਾ ਪਾਉਣ ਦਾ ਯਤਨ ਕੀਤਾ ਗਿਆ। ਕਾਮਰੇਡ ਬੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੀਆਂ ਗਲਾਂ ਕਰਦਾ ਹੈ ਪਰ ਸੂਬੇ ਦੀ ਅਫਸਰਸ਼ਾਹੀ ਖੁਲ੍ਹੇਆਮ ਸਰਕਾਰ ਦੇ ਹੁਕਮਾਂ ਦੀਆਂ ਧਜੀਆਂ ਉਡਾ ਰਹੀ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਸ ਦੀ ਤਾਜ਼ਾ ਉਦਾਰਹਣ ਬਲਾਕ ਸ਼ੇਰਪੁਰ ਦੇ ਪਿੰਡਾਂ ਵਿਚ ਦੇਖਣ ਨੂੰ ਮਿਲੀ ਹੈ। ਕੁਝ ਪਿੰਡਾਂ ਵਿਚ ਸ਼ਾਮਲਾਟ ਜ਼ਮੀਨ ਵਿਚ ਕੀਤੇ ਨਜ਼ਾਇਜ ਕਬਜਿਆ ਦਾ ਮਾਮਲਾ ਵੀ ਵਡੀ ਪਧਰ ਤੇ ਉਠਾਇਆ ਗਿਆ। ਇਸ ਸਮੇਂ ਸੇਵਾ ਮੁਕਤ ਅਧਿਆਪਕ ਆਗੂ ਮਾ. ਜੋਗਿੰਦਰ ਸਿੰਘ ਨਾਗ ਨੇ ਕਿਹਾ ਕਿ ਬੀ.ਡੀ.ਪੀ.ਓੰ ਦਫਤਰ ਵਿਚ ਕੰਮ ਕਰਵਾਉਣ ਲਈ ਆਉਦੇ ਲੋਕਾਂ ਨੂੰ ਇਥੇ ਕੰਮ ਕਰਦੇ ਮੁਲਾਜ਼ਮ ਉਹਨਾਂ ਦੀ ਸੁਣਵਾਈ ਨਹੀਂ ਕਰਦੇ ਅਤੇ ਉਹਨਾਂ ਨੂੰ ਸਬੰਧਤ ਅਧਿਕਾਰੀ ਤਕ ਜਾਣ ਨਹੀਂ ਦਿਤਾ ਜਾ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਬਕਾ ਸਰਪੰਚ ਗੁਰਜੀਤ ਸਿੰਘ ਚਾਂਗਲੀ ਨੇ ਕਿਹਾ ਕਿ ਬਲਾਕ ਸ਼ੇਰਪੁਰ ਨਾਲ ਸਬੰਧਤ ਕੁਝ ਪਿੰਡਾਂ ਦੇ ਸਰਪੰਚਾਂ ਦਾ ਇਸ ਮੀਟਿੰਗ ਵਿਚ ਨਾ ਆਉਣਾ ਚੰਗੀ ਗਲ ਨਹੀਂ ਕਿਉਂਕਿ ਜੋ ਅਫਸਰਸ਼ਾਹੀ ਲੋਕਾਂ ਦੀ ਸੁਣਵਾਈ ਨਹੀਂ ਕਰਦੀ ਉਹ ਕਲ੍ਹ ਨੂੰ ਪੰਚਾਇਤਾ ਲਈ ਵੀ ਸਮਸਿਆ ਪੈਂਦਾ ਕਰੇਗੀ। ਇਸ ਕਰਕੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਅਜਿਹੇ ਸੰਘਰਸ਼ਾ ਦਾ ਹਿਸਾ ਬਣਨਾ ਚਾਹੀਦਾ ਹੈ। ਪਿੰਡ ਪੰਜਗਰਾਈਆਂ ਦੇ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪਿੰਡ ਹਲਕੇ ਦੇ ਬਹੁਗਿਣਤੀ ਪਿੰਡਾਂ ਵਿਚੋਂ ਵਡਾ ਪਿੰਡ ਹੋਣ ਦੇ ਬਾਵਜੂਦ ਉਹਨਾਂ ਦੇ ਪਿੰਡ ਨੂੰ 2 ਲਖ ਦੀ ਗ੍ਰਾਂਟ ਹੀ ਦਿਤੀ ਗਈ ਹੈ। ਜਿਸ ਕਰਕੇ ਯੂਨੀਅਨਾਂ ਨੂੰ ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਲੋਕ ਹਿਤਾ ਲਈ ਇਕਮੁਠ ਹੋਕੇ ਲੋਕ ਘੋਲਾ ਦਾ ਹਿਸਾ ਬਣਨਾ ਚਾਹੀਦਾ ਹੈ। ਬੀ.ਡੀ.ਪੀ.ਓੰ ਦਫਤਰ ਤੋਂ ਬਾਅਦ ਇਕਠੀ ਹੋਈ ਲੋਕ ਮੰਚ ਪੰਜਾਬ ਦੀ ਟੀਮ ਸਬ-ਤਹਿਸੀਲ ਦਫਤਰ ਸ਼ੇਰਪੁਰ ਵਿਖੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈਕੇ ਪੁਜੀ ਜਿਥੇ ਉਹਨਾਂ ਭ੍ਰਿਸ਼ਟਾਚਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਚਾਰੇ ਪੈਸੇ ਫੈਲੀ ਲੁਟ-ਖਸ਼ੁਟ ਨੂੰ ਰੋਕਿਆ ਜਾਵੇ। ਪਰ ਕੋਈ ਮੌਕੇ ਤੇ ਅਧਿਕਾਰੀ ਨਾ ਮਿਲਣ ਕਰਕੇ ਮੰਚ ਦੇ ਆਗੂਆਂ ਨੇ ਨਾਇਬ ਤਹਿਸੀਲਦਾਰ ਸ਼ੇਰਪੁਰ ਨਾਲ ਗਲਬਾਤ ਕੀਤੀ ਉਹਨਾਂ ਨੇ ਵੀਰਵਾਰ ਨੂੰ ਮਿਲਣ ਦਾ ਭਰੋਸਾ ਦਿਤਾ। ਕਾਮਰੇਡ ਸੁਖਦੇਵ ਸਿੰਘ ਬੜੀ ਨੇ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਲਿਖਤੀ ਦਰਖਾਸਤ ਵੀ ਦਿਤੀ ਜਾਵੇਗੀ ਕਿ ਮੁਲਾਜ਼ਮਾ ਸਮੇਤ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਕੰਮਕਾਰ ਵਾਲੇ ਦਿਨ ਯਕੀਨੀ ਬਣਾਈ ਜਾਵੇ। ਕਾਮਰੇਡ ਹਰਜੀਤ ਸਿੰਘ ਬਧੇਸ਼ਾ ਨੇ ਇਸ ਮੌਕੇ ਕਿਹਾ ਕਿ ਤਹਿਸੀਲ ਵਿਚ ਹੁੰਦੇ ਕੰਮਾਂ ਦੀ ਰੇਟ ਲਿਸਟ ਲਗਾਉਣਾ ਯਕੀਨੀ ਬਣਾਇਆ ਜਾਵੇ। ਇਸ ਸਮੇਂ ਮੌਜੂਦਾ ਸਰਪੰਚ ਗੁਰਜੀਤ ਸਿੰਘ ਬੜੀ, ਕੇਸਰ ਸਿੰਘ ਸਰਪੰਚ ਅਲਾਲ, ਮਲਕੀਤ ਸਿੰਘ ਫੌਜੀ ਸਰਪੰਚ ਖੇੜੀ ਕਲਾਂ, ਗੁਰਪ੍ਰੀਤ ਸਿੰਘ ਧਾਲੀਵਾਲ ਸਰਪੰਚ ਫਤਿਹਗੜ੍ਹ ਪੰਜਗਰਾਈਆਂ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਗੁਰਜੀਤ ਸਿੰਘ ਚਾਂਗਲੀ, ਗੁਰਚਰਨ ਸਿੰਘ ਗੋਬਿੰਦਪੁਰਾ, ਸ਼ਿਵਦੇਵ ਸਿੰਘ ਛੰਨਾ, ਮਾ. ਗੁਰਦੇਵ ਸਿੰਘ ਕਾਤਰੋਂ, ਸਾਬਕਾ ਸੰਮਤੀ ਮੈਂਬਰ ਭੋਲਾ ਸਿੰਘ, ਇੰਦਰਜੀਤ ਸਿੰਘ ਬੜੀ, ਭੀਮ ਸਿੰਘ ਗੁਰਬਖਸ਼ਪੁਰਾ, ਹਰਜਿੰਦਰ ਸਿੰਘ ਬੜੀ, ਸਾਹ ਮਹੁੰਮਦ ਛੰਨਾ, ਬਹਾਦਰ ਸਿੰਘ ਢੰਡਾ ਸ਼ੇਰਪੁਰ, ਮਾ. ਦਿਆਲ ਸਿੰਘ, ਪ੍ਰਮਤ੍ਰਿਪਤ ਸਿੰਘ ਕਾਲਾਬੂਲਾ, ਮਾ. ਦੀਵਾਨ ਸਿੰਘ ਮਾਹਮਦਪੁਰ, ਪਰਮਜੀਤ ਸਿੰਘ ਭਗਵਾਨਪੁਰਾ, ਦਲਜੀਤ ਸਿੰਘ ਟਿਬਾ, ਹਰਬੰਸ ਸਿੰਘ ਟਿਬਾ, ਅਵਤਾਰ ਸਿੰਘ ਭਗਵਾਨਪੁਰਾ, ਦਰਸ਼ਨ ਸਿੰਘ ਸ਼ੇਰਪੁਰ, ਡਾ. ਰਣਜੀਤ ਸਿੰਘ ਕਾਲਾਬੂਲਾ, ਸਤਿੰਦਰਪਾਲ ਸੋਨੀ, ਜਗਵੀਰ ਸਿੰਘ ਜਗੀ ਖੇੜੀ ਕਲਾਂ, ਸਰਬਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ ਆਦਿ ਆਗੂ ਹਾਜ਼ਰ ਸਨ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend