ਸਰਸਾ ਦੇ ਖੂਨੀ ਪਾਣੀਆਂ, ਖੂਨੀ ਪਾਣੀਆਂ ਕਿਆਮਤਾਂ ਦੇ ਹਾਣੀਆਂ…

ਸਿੱਖ ਇਤਿਹਾਸ ਦੇ ਲਹੂ ਨਾਲ ਲੱਥਪੱਥ ਪੰਨਿਆਂ ਨੂੰ ਫਰੋਲੀਏ ਤਾਂ ਗੁਰੂ ਜੀ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਦਾ ਸਰਸਾ ਨਦੀ ਦੇ ਕਿਨਾਰੇ ਦੇ ਪਿਆ ਪਰਿਵਾਰ ਵਿਛੋੜਾ ਤੇ ਦੁਸ਼ਮਣ ਦਲਾਂ ਵੱਲੋਂ ਕੀਤਾ ਕਪਟ ਭਰਪੂਰ ਹਮਲਾ ਮੁੱਖ ਸਥਾਨ ਰੱਖਦੇ ਹਨ। 06 ਤੇ 07 ਪੋਹ ਦੀ ਦਰਮਿਆਨੀ ਰਾਤ ਨੂੰ ਕਿਲਾ ਅਨੰਦਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਨੂੰ ਛੱਡ ਕੇ ਗੁਰੂ ਜੀ ਜਦੋਂ ਸਰਸਾ ਕਿਨਾਰੇ ਪਹੁੰਚੇ ਤਾਂ ਮੁਗਲ ਹਕੂਮਤ ਦੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਤਮਾਮ ਵਾਅਦੇ ਤੇ ਕਸਮਾਂ ਭੁੱਲ ਕੇ ਗੁਰੂ ਜੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ।ਕੁਦਰਤ ਦਾ ਅਨੌਖਾ ਚਮਤਕਾਰ ਇਹ ਵਰਤਿਆਂ ਕਿ ਪੋਹ ਦੀ ਠੰਡੀ ਜ਼ਖ ਇਸ ਰਾਤ ’ਚ ਭਾਰੀ ਬਰਸਾਤ ਪੈ ਰਹੀ ਸੀ ਤੇ ਸਰਸਾ ’ਚ ਕਹਿਰਾਂ ਦਾ ਹੜ੍ਹ ਆਇਆ ਹੋਇਆ ਸੀ।ਇਤਿਹਾਸਕਾਰ ਦੱਸਦੇ ਹਨ ਕਿ ਅਜਿਹਾ ਹੜ੍ਹ ਨਾ ਉਸ ਰਾਤ ਤੋਂ ਪਹਿਲਾ ਕਦੇ ਸਰਸਾ ’ਚ ਆਇਆ ਸੀ ਅਤੇ ਨਾ ਹੀ ਇਸ ਤੋਂ ਬਾਅਦ ਕਦੇ ਮੁੜ ਆਇਆ। ਇਸ ਦੌਰਾਨ ਗੁਰੂ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਵਿੱਚ ਤਕਸੀਮ ਹੋਣਾ ਅਨੇਕਾਂ ਸਿੰਘਾਂ ਦੀ ਸ਼ਹੀਦੀ ਤੇ ਸਰਸਾ ਦੇ ਵਹਿਣ ਵਿੱਚ ਜਿਊਂਦੇ ਜੀਅ ਰੁੜ੍ਹ ਜਾਣਾ ਜਿੱਥੇ ਇਤਿਹਾਸ ਦਾ ਦਿਲ-ਕੰਬਾਊ ਘਟਨਾਕ੍ਰਮ ਹੋ ਨਿਬੜਿਆਂ, ਉਥੇ ਗੁਰੂ ਜੀ ਦੀਆਂ ਰਚਿਤ ਬਹੁ-ਕੀਮਤੀ ਰਚਨਾਵਾਂ ਤੇ ਪੁਰਾਤਨ ਗ੍ਰੰਥਾਂ ਦਾ ਸਰਮਾਇਆ ਵੀ ਸਰਸਾ ਦੇ ਭੇਂਟ ਹੋ ਗਿਆ। ਇਸ ਦੇ ਬਾਵਜੂਦ ਅਤਿ ਦਰਜੇ ਦੇ ਸੰਗੀਨ ਹਾਲਾਤ ’ਚ ਗੁਰੂ ਜੀ ਨੇ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲ੍ਹੇ ਆਸਾ ਦੀ ਵਾਰ ਦਾ ਦੀਵਾਨ ਸਜਾਇਆ ਤੇ ਫਿਰ ਸਰਸਾ ਨੂੰ ਪਾਰ ਕੀਤਾ। ਉਹ ਸਰਸਾ ਨਦੀਂ ਅੱਜ ਇਤਿਹਾਸ ਦਾ ਅਤੁੱਟ ਅੰਗ ਬਣੀ ਹੋਈ ਹੈ। ਇਸ ਤੋਂ ਇਲਾਵਾ ਕਈ ਹੋਰ ਪਹਿਲੂ ਇਸ ਨਾਲ ਜੁੜੇ ਹੋਏ ਹਨ ਜਿਨ੍ਹਾਂ ਪ੍ਰਤੀ ਇਸ ਕਾਲਮ ’ਚ ਚਰਚਾ ਕੀਤੀ ਜਾ ਰਹੀ ਹੈ।
ਸਰਸਾ ਨਦੀ ਦੇ ਗੁ: ਪਰਿਵਾਰ ਵਿਛੋੜਾ ਸਾਹਿਬ ਦੀ ਸਥਾਪਨਾ ਦੋਰਾਨ ਜ਼ੋ ਰੋਚਿਕ ਤੇ ਸਨਸਨੀਖੇਜ਼ ਤੱਤ ਸਾਹਮਣੇ ਆਏ ਹਨ ਉਹ ਹਰ ਵਿਅਕਤੀ ਨੂੰ ਹੈਰਾਨ ਕਰ ਦੇਣ ਵਾਲੇ ਹਨ,ਇਸ ਅਸਥਾਨ ਦੀ ਕਾਰ ਸੇਵਾ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਸਾਹਿਬ ਵੱਲੋਂ ਕਰਵਾਈ ਗਈ ਹੈ।ਪਰ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਇਸ ਕਾਰਜ ’ਚ ਮੁੱਖ ਸੇਵਾਦਾਰ ਸਨ। ਬਾਬਾ ਅਵਤਾਰ ਸਿੰਘ ਅਨੁਸਾਰ ਉਸ ਉਸ ਵੇਲ੍ਹੇ ਸਰਸਾ ਨਦੀ ਗੁ: ਪ੍ਰੀਵਾਰ ਵਿਛੋੜਾ ਨਾਲ ਐਨ ਖਹਿ ਕੇ ਲੰਘਦੀ ਸੀ। ਇਸ ਦਾ ਪਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਘਨੋਲੀ ਤੀਕ ਸੀ। ਸੰਨ 1949 ਵਿੱਚ ਜਦੋਂ ਭਾਖੜਾ ਨਹਿਰ ਦਾ ਸਰਵੇ ਹੋਇਆ ਤਾਂ ਗੁ:ਸਾਹਿਬ ਵਾਲਾ ਉਚਾ ਅਸਥਾਨ ਜਿੱਥੇ ਕਿ ਗੁਰੂ ਜੀ ਨੇ ਸਰਸਾ ਪਾਰ ਕਰਨ ਤੋਂ ਪਹਿਲਾ ਆਸਾ ਦੀ ਵਾਰ ਦਾ ਦੀਵਾਨ ਲਗਾਇਆ ਸੀ, ਭਾਖੜਾ ਨਹਿਰ ਦੇ ਸਰਵੇਂ ਵਿੱਚ ਆਉਦਾਂ ਸੀ ਪਰ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਰਵੇ ਸਿਰੇ ਨਾ ਲੱਗ ਸਕਿਆ। ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਇਸ ਦਾ ਕਾਰਨ ਲੱਭਿਆ ਤਾਂ ਕਿਸੇ ਨੇ ਦੱਸਿਆਂ ਕਿ ਇਹ ਅਸਥਾਨ ਦੀ ਸਿਖਰਲੀ ਚੋਟੀ ਤੇ ਇੱਕ ਮੁਸਲਮਾਨ ਪਠਾਣ ਦੀ ਕਬਰ ਸਥਿਤ ਹੈ,ਜਿੱਥੇ ਕਿ ਹਰ ਵਰ੍ਹੇਂ ਮੁਸਲਮਾਨ ਆਉਦੇ ਸਨ ਤੇ ਕਵਾਲੀਆਂ ਗਾ ਕੇ ਮੁਜਰਾ ਕਰਦੇ ਸਨ।ਇਸ ਬਾਰੇ ਉਕਿਤ ਮੁਸਲਮਾਨਾਂ ਦਾ ਦਾਅਵਾ ਸੀ ਕਿ ਉਹਨਾਂ ਦਾ ਮੁਰਸ਼ਦ ਸਰਸਾ ਕਿਨਾਰੇ ਹੋਈ ਜੰਗ ’ਚ ਸ਼ਹੀਦ ਹੋਇਆ ਸੀ ਇਹ ਅਸਥਾਨ ਉਸ ਦਾ ਹੈ।ਅਸਲ ਮੁਗਲ ਸ਼ਾਸਨ ਦਾ ਲਾਭ ਉਠਾ ਕੇ ਮੁਸਲਮਾਨਾਂ ਨੇ ਇਸ ਇਤਿਹਾਸਕ ਚੋਟੀ ਤੇ ਕਬਜਾ ਕੀਤਾ ਸੀ ਤੇ ਉਹ ਸਰਸਾ ਲਾਗੇ ਜੰਗ ਵਿੱਚ ਮਰੇ ਮੁਗਲ ਸੈਨਿਕਾਂ ਨੂੰ ਵੀ ਇਸ ਯਾਦਗਾਰ ਨਾਲ ਜ਼ੋੜਦੇ ਸਨ। ਆਖਿਰ ਨਹਿਰੀ ਵਿਭਾਗ ਦਾ ਸਰਵੇ ਜਦੋਂ ਇਸਸ ਪਹਾੜੀ ਨੂੰ ਚੀਰ ਕੇ ਸਿੱਧੀ ਨਹਿਰ ਕੱਢਣ ਦੇ ਸਿਰੇ ਨਾ ਚੜਿਆ ਤਾਂ ਉਨ੍ਹਾਂ ਪਹਾੜੀ ਨੂੰ ਬਚਾ ਕੇ ਤੇ ਨਹਿਰ ਨੂੰ ਕੱਟ ਦੇ ਕੇ ਸਰਵੇ ਮੁਕੰਮਲ ਕਰ ਲਿਆ।ਪਹਾੜੀ ਦੇ ਬਚਾਅ ਨੂੰ ਲੈ ਕੇ ਨਹਿਰ ਨੂੰ ਮਾਰਿਆ ਕੱਟ ਅੱਜ ਵੀ ਪਿੰਡ ਆਲੋਵਾਲ ਕੋਲ ਖੜ੍ਹ ਕੇ ਸਪੱਸ਼ਟ ਦੇਖਿਆ ਜਾ ਸਕਦਾ ਹੈ। ਫਿਰ ਜਿੱਥੋਂ ਨਹਿਰ ਕੱਢਣ ਦੀ ਪ੍ਰਪੋਜ਼ਲ ਸੀ ਉਹ ਥਾਂ ਕਾਫੀ ਡੂੰਘੀ ਸੀ,ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਭਰਪਾਈ ਕਰਨ ਲਈ ਮੁੜ ਉਸ ਇਤਿਹਾਸਕ ਪਹਾੜੀ ਨੂੰ ਖੋਦਣ ਦਾ ਨਿਸ਼ਾਨਾ ਬਣਾਇਆ ਪਰ ਹਰ ਗੇੜੇ ਉਸ ਦੀ ਮਸ਼ੀਨਰੀ ਨਕਾਰਾ ਹੁੰਦੀ ਰਹੀ ਤੇ ਜਦੋਂ ਇਹ ਕਾਰਜ ਨੇਪਰੇ ਨਾ ਚੜ੍ਹ ਸਕਿਆ ਤਾਂ ਇਕ ਮੁਸਲਮ ਖਾਨ ਨੇ ਹੀ ਆਪਣੀਆਂ ਖੱਚਰਾਂ ਰਾਹੀਂ ਇਸ ਪਹਾੜੀ ਤੋਂ ਮਿੱਟੀ ਚੁੱਕਣ ਦਾ ਜਬਰੀ ਕੰਮ ਲੈ ਲਿਆ ਪਰ ਉਹ ਵੀ ਸਫਲ ਨਹੀਂ ਹੋ ਸਕਿਆ। ਫਿਰ ਕਿਸੇ ਨੇ ਨਹਿਰੀ ਕੰਪਨੀ ਨੂੰ ਨਸੀਹਤ ਦਿੱਤੀ ਕਿ ਇਹ ਪਹਾੜੀ ਸ਼ਹੀਦ ਸਿੰਘਾਂ ਦੀ ਯਾਦ ਦਾ ਸਰਮਾਇਆ ਹੈ, ਜਿਸ ਕਾਰਨ ਇਸ ਨੂੰ ਢਾਉਣਾ ਤੁਹਾਡੇ ਵੱਸ ਵਿੱਚ ਨਹੀ ਹੈ। ਇਸ ਦੌਰਾਨ ਕਿਸੇ ਨੇ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਏਨੇ ਪ੍ਰਤੱਖ ਹਨ ਤਾਂ ਉਹ ਆਪਣੇ ਸ਼ਹੀਦਾਂ ਦੀ ਯਾਦਗਾਰ ਇਸ ਥਾਂ ਤੇ ਕਿਉਂ ਨਹੀਂ ਬਣਵਾ ਲੈਂਦੇ?ਕਿਹਾ ਜਾਂਦਾ ਹੈ ਕਿ ਉਸ ਰਾਤ ਹੀ ਗੁਰੂ ਜੀ ਨੇ ਇਲਾਹੀ ਕੌਤਕ ਵਰਤਾਉਦਿਆਂ ਇਸ ਅਸਥਾਨ ਦੀ ਉਸਾਰੀ ਕਰਨ ਦੀ ਡਿਊਟੀ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਦੀ ਲਗਾਈ ਜਿਨ੍ਹਾਂ ਨੇ ਇਸ ਅਸਥਾਨ ਨੂੰ ਆਬਾਦ ਕਰਨ ਮੌਕੇ ਮੁਸਲਮਾਨਾਂ ਦੀ ਬਣਾਈ ਯਾਦਗਾਰ ਨੂੰ ਢਾਹ ਦਿੱਤਾ ਤੇ ਸਿਖਰਲੀ ਚੋਟੀ ਤੋਂ ਅਸਥਾਨ ਦੀ ਸੇਵਾ ਆਰੰਭ ਕਰਵਾ ਦਿੱਤੀ। ਤਿੰਨ ਸਾਲਾਂ ਬਾਅਦ ਇਹ ਸੇਵਾ ਸੰਤ ਅਜੀਤ ਸਿੰਘ ਜੀ ਪ੍ਰੀਵਾਰ ਵਿਛੋੜਾ ਸਾਹਿਬ ਵਾਲਿਆਂ ਕੋਲ ਆ ਗਈ ਜਿਹਨਾਂ ਨੇ ਲੰਬਾ ਅਰਸ਼ਾ ਇਸ ਸੇਵਾ ਨੂੰ ਨਿਭਾ ਕੇ 1998 ’ਚ ਇਹ ਅਸਥਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਂਪ ਦਿੱਤਾ ਗਿਆ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਵਿਛੋੜੇ ਦੀਆਂ ਯਾਦਾਂ ਨੂੰ ਸਮਰਪਿਤ ਅਤੇ ਉਸ ਸਮੇਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਗੁ: ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ,ਦੀਦਾਰੇ ਕਰਦੀਆਂ ਹਨ ਅਤੇ ਸਰੋਵਰ ਵਿੱਚ ਇਸਨਾਨ ਕਰਦੀਆਂ ਹਨ। ਇਸ ਅਸਥਾਨ ਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਮਿਲ ਕੇ ਗੁਰੂ ਕਾ ਲੰਗਰ ਲਗਾਉਦੀਆਂ ਹਨ।
– ਮਨਪ੍ਰੀਤ ਕੌਰ ਭੈਣੀ
ਐਮ ਏ ਪੱਤਰਕਾਰੀ

Send this to a friend