ਭਾਰਤ-ਪਾਕਿ ’ਚ ਘੱਟ ਗਿਣਤੀਆਂ ਨਿਸ਼ਾਨੇ ’ਤੇ

ਭਾਰਤ ਅਤੇ ਪਾਕਿਸਤਾਨ ’ਚ ਘੱਟ ਗਿਣਤੀਆਂ ਨਾਲ ਬਹੁਤ ਬੁਰਾ ਵਰਤਾਓ ਹੋ ਰਿਹਾ ਹੈ। ਇਕ ਪਾਸੇ ਪਾਕਿਸਤਾਨ ਵਿੱਚ 2 ਹਿੰਦੂ ਨਾਬਾਲਿਕ ਕੁੜੀਆਂ ਨੂੰ ਅਗਵਾ ਕਰਨ ਮਗਰੋਂ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਕੇ ਨਿਕਾਹ ਪੜ੍ਹ ਦਿੱਤੇ ਗਏ। ਗੁੜਗਾਓਂ ਵਿੱਚ ਇਕ ਘੱਟ ਗਿਣਤੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਤਰ੍ਹਾਂ ਕੈਂਥਲ ਨੇੜੇ ਮੰਦਰ ਅਤੇ ਗੁਰਦੁਆਰੇ ਦੇ ਝਗੜੇ ’ਚ ਇਕ ਬੇਕਸੂਰ ਸਿੱਖ ਨੂੰ ਮਾਰ ਦਿੱਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਦੇਸ਼ਾਂ ਅੰਦਰ ਹਾਲੇ ਵੀ ਘੱਟ ਗਿਣਤੀਆਂ ਵੱਡੇ ਖਤਰੇ ਵਿੱਚ ਹਨ। ਭਾਰਤੀ ਨੇਤਾ ਲੋਕਤੰਤਰ ਦੇ ਸੋਹਲੇ ਗਾ ਰਹੇ ਹਨ, ਪਰੰਤੂ ਘੱਟ ਗਿਣਤੀਆਂ ਲਈ ਦੇਸ਼ ਦੇ ਹਾਲਾਤ ਬਦੱਤਰ ਬਣ ਚੁੱਕੇ ਹਨ। ਦੂਸਰੇ ਪਾਸੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਨਵੇਂ ਪਾਕਿਸਤਾਨ ਦਾ ਢੰਡੋਰਾ ਪਿੱਟ ਰਹੇ ਹਨ ਪ੍ਰੰਤੂ ਹਾਲੇ ਵੀ ਉਥੇ ਦੇ ਬੁਨਿਆਦੀ ਹਾਲਾਤਾਂ ਵਿੱਚ ਕੋਈ ਤਬਦੀਲੀ ਸਾਹਮਣੇ ਨਹੀਂ ਆ ਰਹੀ। ਪਾਕਿਸਤਾਨ ਵਿੱਚ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਲਈ ਹਾਲਾਤ ਬਹੁਤ ਮਾੜੇ ਹਨ। ਘੱਟ ਗਿਣਤੀਆਂ ਦੀ ਆਬਾਦੀ ਬਹੁਤ ਥੋੜ੍ਹੀ ਹੋਣ ਕਾਰਨ ਉਨ੍ਹਾਂ ਦੀ ਕਿਧਰੇ ਸੁਣਵਾਈ ਵੀ ਨਹੀਂ ਹੋ ਰਹੀ। ਦੋਵਾਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਮਾਨਸਿਕਤਾ ਅਤੇ ਪ੍ਰਵਰਤੀ ਬਹੁਤ ਹੀ ਖਤਰਨਾਕ ਹੈ। ਸਭ ਤੋਂ ਦੁਖਦਾਇਕ ਗੱਲ ਇਹ ਹੈ ਕਿ ਘੱਟ ਗਿਣਤੀਆਂ ਨਾਲ ਸਲੂਕ ਦੇ ਮੁੱਦੇ ’ਤੇ ਦੋਵੇਂ ਦੇਸ਼ ਇਕ ਦੂਜੇ ਨੂੰ ਭੰਡਦੇ ਰਹਿੰਦੇ ਹਨ, ਪ੍ਰੰਤੂ ਘੱਟ ਗਿਣਤੀਆਂ ਲਈ ਹਾਲਾਤ ਸਾਜ਼ਗਾਰ ਬਣਾਉਣ ਲਈ ਕੋਈ ਯਤਨ ਨਹੀਂ ਕਰਦੇ। ਪਾਕਿਸਤਾਨ ਵਿੱਚ ਜਿਨ੍ਹਾਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਗਿਆ ਉਹ ਨਾਬਾਲਿਗ ਸਨ। ਹੁਣ ਇਕ ਹੋਰ ਕੁੜੀ ਨੂੰ ਵੀ ਅਗਵਾ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਫੌਰੀ ਦਖਲ ਦਿੱਤਾ ਗਿਆ ਹੈ। ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਇਸ ਸਬੰਧ ਵਿੱਚ ਭਾਰਤੀ ਰਾਜਦੂਤ ਤੋਂ ਰਿਪੋਰਟ ਮੰਗੀ ਗਈ। ਇਸ ਮਾਮਲੇ ਵਿੱਚ ਭਾਰਤ ਦੇ ਦਖਲ ਨੂੰ ਪਾਕਿਸਤਾਨ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਕਰਾਰ ਦੇ ਰਿਹਾ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖ਼ਾਨ ਨੇ ਸਿੰਧ ਸੂਬੇ ਵਿੱਚ ਅੱਲੜ੍ਹ ਉਮਰ ਦੀਆਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਤੇ ਨਿਕਾਹ ਕਰਵਾਏ ਜਾਣ ਦੇ ਸਾਰੇ ਮਾਮਲੇ ਵਿੱਚ ਫੌਰੀ ਕਾਰਵਾਈ ਕੀਤੀ ਹੈ, ਪ੍ਰੰਤੂ ਭਾਰਤ ਸਰਕਾਰ ਨੇ ਹਰਿਆਣਾ ਵਿੱਚ ਵਾਪਰੀਆਂ ਦੋਵੇਂ ਘਟਨਾਵਾਂ ਦੇ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਦੋਵੇਂ ਦੇਸ਼ਾਂ ਨੂੰ ਘੱਟ ਗਿਣਤੀਆਂ ਦੀ ਹਾਲਤ ਸੁਧਾਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਦੋਵੇਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੀ ਰਖਵਾਲੀ ਅਤੇ ਧਰਮ ਪਰਿਵਰਤਨ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ। ਘੱਟ ਗਿਣਤੀਆਂ ਦੀ ਰਖਵਾਲੀ ਅਤੇ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਜੇਕਰ ਭਾਰਤ ਅਤੇ ਪਾਕਿਸਤਾਨ ਦਾ ਨਵਾਂ ਚਿਹਰਾ ਉਭਾਰਨਾ ਹੈ ਤਾਂ ਸਰਕਾਰਾਂ ਨੂੰ ਇਸ ਦਿਸ਼ਾ ਵਿੱਚ ਵੱਡੇ ਕਦਮ ਚੁੱਕਣੇ ਹੋਣਗੇ।
– ਬਲਜੀਤ ਸਿੰਘ ਬਰਾੜ

Send this to a friend