ਕਿਹਾ, ਦੇਸ਼ ਦੇ ਸਭ ਤੋਂ ਗ਼ਰੀਬ 20 ਫ਼ੀਸਦੀ ਪਰਿਵਾਰਾਂ ਨੂੰ ਮਿਲੇਗਾ ਸਿੱਧਾ ਲਾਭ
ਨਵੀਂ ਦਿਲੀ, 25 ਮਾਰਚ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜ ਵਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਸੱਤ੍ਹਾ ’ਚ ਆਉਂਦੀ ਹੈ ਤਾਂ ਦੇਸ਼ ਦੇ ਸਭ ਤੋਂ ਗ਼ਰੀਬ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਮਿਲਣਗੇ। ਰਾਹੁਲ ਨੇ ਇਹ ਐਲਾਨ ਦਿਲੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਰਾਹੁਲ ਨੇ ਕਿਹਾ ਕਿ ਦੇਸ਼ ਦੇ 5 ਕਰੋੜ ਪਰਿਵਾਰਾਂ ਅਤੇ ਕਰੀਬ 25 ਕਰੋੜ ਲੋਕਾਂ ਨੂੰ ਇਸ ਫ਼ੈਸਲੇ ਦਾ ਸਿਧਾ ਲਾਭ ਮਿਲੇਗਾ। ਸਾਰਾ ਲੇਖਾ-ਜੋਖਾ ਕਰ ਲਿਆ ਗਿਆ ਹੈ ਅਤੇ ਅਸੀਂ ਗ਼ਰੀਬੀ ਦੀ ਜੜ੍ਹ ਨੂੰ ਹੀ ਮਿਟਾ ਦਿਆਂਗੇ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਅਜਿਹੀ ਕੋਈ ਯੋਜਨਾ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ 20 ਫ਼ੀਸਦੀ ਸਭ ਤੋਂ ਗ਼ਰੀਬ ਪਰਿਵਾਰਾਂ ਦੇ ਖਾਤੇ ਵਿਚ 72 ਹਜ਼ਾਰ ਰੁਪਏ ਪ੍ਰਤੀ ਸਾਲ ਭੇਜੇ ਜਾਣਗੇ ਤਾਂ ਜੋ ਦੇਸ਼ ਵਿਚ ਗ਼ਰੀਬੀ-ਅਮੀਰੀ ਦੇ ਪਾੜੇ ਨੂੰ ਪੂਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੀ.ਐਮ. ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦਾ ਕਰਜ਼ ਮੁਆਫ਼ ਕਰ ਸਕਦੇ ਹਨ ਤਾਂ ਕਾਂਗਰਸ ਵੀ ਗ਼ਰੀਬ ਲੋਕਾਂ ਦੇ ਖਾਤੇ ਵਿਚ ਪੈਸੇ ਪੁਆ ਸਕਦੀ ਹੈ। ਰਾਹੁਲ ਨੇ ਕਿਹਾ, ‘ਕਾਂਗਰਸ ਗ਼ਰੀਬਾਂ ਨੂੰ ਨਿਆਂ ਦੇਣ ਦਾ ਕੰਮ ਕਰਨ ਜਾ ਰਹੀ ਹੈ। ਮੈਂ ਜਿਥੇ ਵੀ ਜਾਂਦਾ ਹਾਂ, ਲੋਕ ਮੈਨੂੰ ਪੁਛਦੇ ਹਨ ਕਿ ਘਟੋ-ਘਟ ਆਮਦਨ ਦਾ ਦਾਇਰਾ ਕੀ ਹੋਵੇਗਾ ਅਤੇ ਕਿੰਨੇ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ। ਮੈਂ ਦਸਣਾ ਚਾਹੁੰਦਾ ਹਾਂ ਕਿ 12 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲੇ ਇਸ ਯੋਜਨਾ ਦੇ ਘੇਰੇ ਵਿਚ ਆਉਣਗੇ। ਇਨ੍ਹਾਂ ਗ਼ਰੀਬ ਲੋਕਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਸਿਧੇ ਖਾਤੇ ਵਿਚ ਭੇਜੇ ਜਾਣਗੇ। ਦੇਸ਼ ਦੇ ਸਭ ਤੋਂ ਗ਼ਰੀਬ 20 ਫ਼ੀਸਦੀ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਰਾਹੁਲ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਹਰ ਪਰਿਵਾਰ ਦੀ ਆਮਦਨੀ ਘਟੋ-ਘਟ 12 ਹਜ਼ਾਰ ਰੁਪਏ ਮਹੀਨਾ ਹੋਵੇ, ਜਿਸ ਦੀ ਨਹੀਂ ਉਸ ਨੂੰ 12 ਹਜ਼ਾਰ ਰੁਪਏ ਮਿਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਪਰਿਵਾਰ ਦੀ ਆਮਦਨ 6 ਹਜ਼ਾਰ ਹੈ ਤਾਂ ਕਾਂਗਰਸ ਦੀ ਸਰਕਾਰ ਬਣਨ ’ਤੇ ਉਸ ਨੂੰ 6 ਹਜ਼ਾਰ ਰੁਪਏ ਹੋਰ ਮਿਲਣਗੇ। ਰਾਹੁਲ ਨੇ ਇਹ ਵੀ ਸਪਸ਼ਟ ਕੀਤਾ ਕਿ ਪਹਿਲਾਂ ਇਹ ਯੋਜਨਾ ਪਾਇਲਟ ਪ੍ਰੋਜੈਕਟ ਵਜੋਂ ਚਲਾਈ ਜਾਵੇਗੀ, ਉਸ ਤੋਂ ਬਾਅਦ ਪੂਰੇ ਦੇਸ਼ ਵਿਚ ਲਾਗੂ ਕੀਤੀ ਜਾਵੇਗੀ। ਰਾਹੁਲ ਨੇ ਕਿਹਾ, ਕਾਂਗਰਸ ਇਸ ਮਾਮਲੇ ਨੂੰ ਪਿਛਲੇ 4-5 ਮਹੀਨਿਆਂ ਤੋਂ ਸਟਡੀ ਕਰ ਰਹੀ ਹੈ। ਦੁਨੀਆ ਦੇ ਬਿਹਤਰ ਅਰਥਸ਼ਾਸਤਰੀਆਂ ਜ਼ਰੀਏ ਪੂਰੇ ਵਿਸਤਾਰ ਨਾਲ ਇਸ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਫ਼ਿਸਕਲ ਪਰੂਡੰਟ ਸਕੀਮ ਹੋਵੇਗੀ। ਇਸ ਨੂੰ ਅਸੀਂ ਲੜੀਬਧ ਤਰੀਕੇ ਨਾਲ ਲਾਗੂ ਕਰਾਂਗੇ। ਸਾਬਕਾ ਵਿਤ ਮੰਤਰੀ ਪੀ. ਚਿਦੰਬਰਮ ਇਸ ਮਾਮਲੇ ’ਤੇ ਕੰਮ ਕਰ ਰਹੇ ਹਨ।