ਪਾਕਿਸਤਾਨੀ ਵਿਹਾਂਦੜ ਤਾਹਿਰਾ ਪਹਿਲੀ ਵਾਰ ਬਤੌਰ ਭਾਰਤੀ ਨਾਗਰਿਕ ਲੋਕ ਸਭਾ ਲਈ ਆਪਣੇ ਵੋਟ ਅਧਿਕਾਰ ਦਾ ਕਰੇਗੀ ਇਸਤੇਮਾਲ

ਕਾਦੀਆਂ- ਭਾਰਤੀ ਸੰਸਦ ’ਚ ਹਮਲੇ ਤੋਂ ਬਾਅਦ ਭਾਰਤ-ਪਾਕ ਸਬੰਧਾਂ ਦੀ ਬਹਾਲੀ ਮਗਰੋਂ ਪਹਿਲੀ ਪਾਕਿਸਤਾਨੀ ਵਿਹਾਂਦੜ ਤਾਹਿਰਾ ਮਕਬੂਲ ਜਿਸਨੂੰ ਅਪ੍ਰੈਲ 2016 ’ਚ ਭਾਰਤੀ ਨਾਗਰਿਕਤਾ ਪ੍ਰਾਪਤ ਹੋਈ ਅਤੇ 27 ਫ਼ਰਵਰੀ 2017 ਨੂੰ ਭਾਰਤੀ ਪਾਸਪੋਰਟ ਮਿਲਿਆ ਹੈ ਉਹ ਪਹਿਲੀ ਵਾਰੀ ਲੋਕ ਸਭਾ ਚੋਣਾਂ ਚ ਆਪਣੇ ਵੋਟ ਦੇ ਹਕ ਦਾ ਇਸਤੇਮਾਲ ਕਰੇਗੀ।ਫ਼ੈਸਲਾਬਾਦ ਦੀ ਤਾਹਿਰਾ ਜ਼ਹੂਰ ਤੋਂ ਤਾਹਿਰਾ ਮਕਬੂਲ ਬਣੀ ਪਾਕਿਸਤਾਨੀ ਵਿਹਾਂਦੜ ਜਿਸਦਾ ਵਿਆਹ ਕਾਦੀਆਂ ਦੇ ਜਰਨਾਲਿਸਟ ਮਕਬੂਲ ਅਹਿਮਦ ਨਾਲ 7 ਦਸੰਬਰ 2003 ’ਚ ਹੋਇਆ ਸੀ। ਉਸਨੂੰ ਭਾਰਤ ਦਾ ਵੀਜ਼ਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਸਰਕਾਰ ਵਲੋਂ ਜਾਰੀ ਕੀਤਾ ਗਿਆ ਸੀ।ਇਸ ਵੀਜ਼ੇ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਕੁਮਾਰ ਗੁਜਰਾਲ, ਨਾਮਵਰ ਜਰਨਾਲਿਸਟ ਕੁਲਦੀਪ ਨਈਅਰ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ  ਅਤੇ ਉਘੇ ਲੇਖਕ ਸਤਨਾਮ ਸਿੰਘ ਮਾਨਕ ਦੇ ਸਹਿਯੋਗ ਨਾਲ ਮਿਲ ਸਕਿਆ ਸੀ। ਭਾਰਤੀ ਨਾਗਰਿਕਤਾ ਹਾਸਿਲ ਕਰਨ ਲਈ ਤਾਹਿਰਾ ਮਕਬੂਲ ਨੂੰ ਕਾਫ਼ੀ ਜਦੋ-ਜਹਿਦ ਕਰਨੀ ਪਈ ਸੀ। ਤਾਹਿਰਾ ਮਕਬੂਲ ਨੇ ਦਸਿਆ ਕਿ ਉਸਨੇ ਕੁਝ ਰਾਜਨੀਤਿਕ ਮੁਸ਼ਕਿਲਾਂ ਦੇ ਜ਼ਿੰਦਗੀ ਚ ਕਦੇ ਵੀ ਪਾਕਿਸਤਾਨ ’ਚ ਵੋਟ ਨਹੀਂ ਪਾਈ ਸੀ। ਉਸਨੂੰ 2016 ’ਚ ਜਦੋਂ ਭਾਰਤੀ ਨਾਗਰਿਕਤਾ ਪ੍ਰਾਪਤ ਹੋਈ ਤਾਂ ਉਸਨੂੰ ਭਾਰਤ ’ਚ ਵੋਟ ਪਾਉਣ ਦਾ ਹਕ ਹਾਸਿਲ ਹੋ ਗਿਆ ਸੀ। ਜਿਸਤੋਂ ਬਾਅਦ ਉਸਨੇ ਪੰਜਾਬ ਵਿਧਾਨ ਸਭਾ ਚੋਣਾਂ ਚ ਆਪਣੇ ਵੋਟ ਦੇ ਹਕ ਨੂੰ ਇਸਤੇਮਾਲ ਕੀਤਾ ਸੀ।ਉਸਨੇ ਦਸਿਆ ਕਿ ਮੇਰਾ ਸੁਪਨਾ ਸੀ ਕਿ ਮੈਂ ਵੀ ਕਦੇ ਲੋਕ ਸਭਾ ਚੋਣਾਂ ਚ ਆਪਣੇ ਵੋਟ ਦੇ ਹਕ ਨੂੰ ਇਸਤੇਮਾਲ ਕਰਾਂਗੀ। ਹੁਣ ਜਦੋਂਕਿ 19 ਮਈ 2019 ਨੂੰ ਪੰਜਾਬ ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਉਹ ਆਪਣੀ ਵੋਟ ਪਾਉਣ ਲਈ ਹੁਣੇ ਤੋਂ ਕਾਫ਼ੀ ਉਤਸੁਕ ਹੈ। ਉਨ੍ਹਾਂ ਅਗੇ ਦਸਿਆ ਕਿ ਮੇਰੇ ਪਤਿ ਚੋਧਰੀ ਮਕਬੂਲ ਅਹਿਮਦ ਜਦੋਂ ਵੋਟ ਪਾਉਣ ਜਾਂਦੇ ਸਨ ਤਾਂ ਮੇਰਾ ਵੀ ਬੜਾ ਦਿਲ ਕਰਦਾ ਸੀ ਕਿ ਮੈਂ ਵੀ ਉਨ੍ਹਾਂ ਨਾਲ ਵੋਟ ਪਾਉਣ ਜਾਂਵਾ। ਪਰ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਇਹ ਸੰਭਵ ਨਹੀਂ ਸੀ। ਮੇਰੇ ਬਚੇ ਵੀ ਵੇਖਦੇ ਸਨ ਕਿ ਮੰਮੀ ਦੇ ਬਿਨਾਂ ਉਨ੍ਹਾਂ ਦੇ ਪਿਤਾ ਵੋਟ ਪਾਉਣ ਜਾਂਦੇ ਹਨ ਤਾਂ ਉਹ ਬੜਾ ਅਜੀਬ ਲਗਦਾ ਸੀ। ਤਾਹਿਰਾ ਨੇ ਦਸਿਆ ਕਿ ਹੁਣ ਮੇਰਾ ਸੁਪਨਾ 19 ਮਈ ਨੂੰ ਸਾਕਾਰ ਹੋਵੇਗਾ ਜਦੋਂ ਮੈਂ ਆਪਣੇ ਪਤੀ ਦੇ ਨਾਲ ਵੋਟ ਪਾਉਣ ਜਾਂਵਾਂਗੀ।ਉਹ ਦਿਨ ਮੇਰੇ ਲਈ ਈਦ ਵਰਗਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹਕ ਨੂੰ ਜ਼ਰੂਰ ਇਸਤੇਮਾਲ ਕਰਨ ਅਤੇ ਆਪਣੀ ਵੋਟ ਵਿਅਰਥ ਨਾ ਜਾਣ ਦੇਣ। ਉਨ੍ਹਾਂ ਕਿਹਾ ਕਿ ਵੋਟਾਂ ਰਾਹੀਂ ਸਾਨੂੰ ਇਕ ਚੰਗੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਜਮਹੂਰੀਅਤ ਦੀ ਜੜ੍ਹਾਂ ਬਹੁਤ ਮਜ਼ਬੂਤ ਹਨ ਅਤੇ ਉਹ ਇਸ ਗਲ ਤੋਂ ਕਾਫ਼ੀ ਪ੍ਰਭਾਵਿਤ ਹਨ।
– ਮੁਨੀਰਾ ਸਲਾਮ ਤਾਰੀ
ਪੱਤਰਕਾਰ ‘ਪੰਜਾਬ ਟਾਇਮਜ਼’ ਕਾਦੀਆਂ
ਸੰਪਰਕ : 98725-38610

Send this to a friend