ਗਤਕਾ ਅਤੇ ਸਿੱਖ ਸ਼ਸਤਰ ਕਲਾ ਕੌਮੀ ਮਲਕੀਅਤ

ਮਾਰਸ਼ਲ ਖੇਡ ਗਤਕਾ ਅਤੇ ਮਹਾਨ ਸਿੱਖ ਸ਼ਸਤਰ ਕਲਾ ਅਣਮੁੱਲੀ ਕੌਮੀ ਮਲਕੀਅਤ ਹਨ। ਇਹ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹਨ। ਸਿੱਖ ਵਿਰਾਸਤ ਦਾ ਹਿੱਸਾ ਹੋਣ ਕਾਰਨ ਇਸ ਨੂੰ ਕੋਈ ਵੀ ਵਿਅਕਤੀ ਜਾਂ ਸੰਸਥਾ ਨਿੱਜੀ ਵਪਾਰਕ ਹਿੱਤਾਂ ਲਈ ਨਹੀਂ ਵਰਤ ਸਕਦੀ। ਸਿੱਖ ਗੁਰੂ ਸਾਹਿਬਾਨਾਂ ਵੱਲੋਂ ਬਖਿਸ਼ਸ਼ ਗਤਕਾ ਅਤੇ ਸ਼ਸਤਰ ਵਿਦਿਆ ਅਮੁਲੀਆਂ ਦਾਤਾਂ ਹਨ। ਗਤਕਾ ਸਿੱਖ ਕੌਮ ਦੀ ਮਾਣਮੱਤੀ ਪੁਰਾਤਨ ਖੇਡ ਹੈ। ਸਿੱਖ ਸ਼ਸਤਰ ਕਲਾ ਦਾ ਗੁਰੂ ਇਤਿਹਾਸ, ਗੁਰਬਾਣੀ ਅਤੇ ਸਿੱਖ ਸਭਿਆਚਾਰ ਨਾਲ ਡੂੰਘਾ ਸਬੰਧ ਹੈ। ਇਹ ਦੁੱਖ ਦੀ ਗੱਲ ਹੈ ਕਿ ਦਿੱਲੀ ਦੀ ਇਕ ਨਿੱਜੀ ਕੰਪਨੀ ਵੱਲੋਂ ਗਤਕਾ ਅਤੇ ਸਿੱਖ ਸ਼ਸਤਰ ਕਲਾ ਨੂੰ ਆਪਣੇ ਨਾਮ ਰਜਿਸਟਰਡ ਅਤੇ ਪੇਟੈਂਟ ਕਰਵਾ ਲਿਆ ਗਿਆ ਹੈ। ਬਦਕਿਸਮਤੀ ਨਾਲ ਇਸ ਕੰਪਨੀ ਦਾ ਮਾਲਕ ਵੀ ਇਕ ਸਿੱਖ ਹੈ। ਉਸ ਵੱਲੋਂ ਦੋਵੇਂ ਟਰੇਡ ਮਾਰਕਾਂ ਦੀ ਮਲਕੀਅਤ ਵਪਾਰਕ ਹਿੱਤਾਂ ਲਈ ਹਾਸਿਲ ਕੀਤੀ ਗਈ ਹੈ। ਇਸ ਨਿੱਜੀ ਫਰਮ ਵੱਲੋਂ ਇਸ ਮਹੀਨੇ ਵਰਲਡ ਗਤਕਾ ਲੀਗ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਮੁੱਦੇ ਉਪਰ ਸਿੱਖ ਭਾਈਚਾਰੇ ਵਿੱਚ ਰੋਸ ਉਪਜਣਾ ਸੁਭਾਵਿਕ ਹੈ। ਵਿਸ਼ਵ ਗਤਕਾ ਫੈਡਰੇਸ਼ਨ ਵੱਲੋਂ ਇਸ ਦਾ ਵਿਆਪਕ ਵਿਰੋਧ ਹੋ ਰਿਹਾ ਹੈ। ਗਤਕੇ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿਵਾਉਣ ਵਾਲੀ ਇਸ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿੱਚ ਗਤਕੇ ਦੇ ਵਿਸਥਾਰ ਅਤੇ ਮਕਬੂਲੀਅਤ ਲਈ ਵੱਡੇ ਉਦਮ ਕੀਤੇ ਗਏ ਹਨ। ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗਤਕੇ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ। ਗਤਕੇ ਨੂੰ ਡਿਗਰੀ ਕੋਰਸ ਵਿੱਚ ਵੀ ਇਕ ਵਿਸ਼ੇ ਵਜੋਂ ਸ਼ਾਮਿਲ ਕੀਤਾ ਗਿਆ ਹੈ। ਗਤਕਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਗਤਕੇ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਸਿਰ ਤੋੜ ਮੁਸ਼ੱਕਤ ਕਰ ਰਹੇ ਹਨ। ਇਕ ਨਿੱਜੀ ਕੰਪਨੀ ਵੱਲੋਂ ਗਤਕੇ ਅਤੇ ਸਿੱਖ ਸ਼ਸਤਰ ਕਲਾ ਨੂੰ ਟਰੇਡ ਮਾਰਕ ਵਜੋਂ ਰਜਿਸਟਰਡ ਕਰਵਾਉਣ ਨਾਲ ਅਜਿਹੇ ਯਤਨਾਂ ਨੂੰ ਸੁਭਾਵਿਕ ਤੌਰ ’ਤੇ ਵੱਡਾ ਧੱਕਾ ਲੱਗਾ ਹੈ। ਕਿਉਂਕਿ ਇਹ ਇਕ ਧਾਰਮਿਕ ਅਤੇ ਸਿੱਖ ਭਾਈਚਾਰਕ ਮਾਮਲਾ ਵੀ ਹੈ, ਇਸ ਲਈ ਗਤਕਾ ਫੈਡਰੇਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਖਲ ਦੀ ਮੰਗ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਇਸ ਅਹਿਮ ਮਸਲੇ ਵਿੱਚ ਤੁਰੰਤ ਦਖਲ ਦੇਣ ਤਾਂ ਜੋ ਗਤਕੇ ਅਤੇ ਸਿੱਖ ਸ਼ਸਤਰ ਕਲਾ ਦੀ ਜਾਅਲੀ ਅਤੇ ਗੈਰ ਕਾਨੂੰਨੀ ਰਜਿਸਟਰੇਸ਼ਨ ਨੂੰ ਰੱਦ ਕਰਵਾਇਆ ਜਾ ਸਕੇ। ਸਿੱਖ ਭਾਈਚਾਰੇ ਦੀਆਂ ਕੌਮੀ ਭਾਵਨਾਵਾਂ ਮੁਤਾਬਿਕ ਗਤਕਾ ਅਤੇ ਸਿੱਖ ਸ਼ਸਤਰ ਕਲਾ ਕੌਮ ਦੀ ਸਾਂਝੀ ਮਲਕੀਅਤ ਰਹਿਣੀਆਂ ਚਾਹੀਦੀਆਂ ਹਨ। ਸਮੁੱਚੀ ਸਿੱਖ ਕੌਮ ਅਤੇ ਗਤਕਾ ਪ੍ਰੇਮੀਆਂ ਨੂੰ ਇਸ ਦਿਸ਼ਾ ਵਿੱਚ ਜ਼ੋਰਦਾਰ ਮੁਹਿੰਮ ਚਲਾਉਣੀ ਹੋਵੇਗੀ।
– ਬਲਜੀਤ ਸਿੰਘ ਬਰਾੜ

Send this to a friend