ਖੌਫਨਾਕ ਨਸਲਵਾਦੀ ਨਫ਼ਰਤੀ ਹਿੰਸਾ

ਦੁਨੀਆਂ ਵਿੱਚ ਖੌਫਨਾਕ ਨਸਲਵਾਦੀ ਨਫ਼ਰਤੀ ਹਿੰਸਾ ਦਾ ਵਰਤਾਰਾ ਬਹੁਤ ਚਿੰਤਾਜਨਕ ਹੈ। ਨਿਊਜ਼ੀਲੈਂਡ ਵਿੱਚ ਹੋਏ ਡਰਾਉਣੇ ਨਸਲਵਾਦੀ ਹਮਲੇ ਨੇ ਇਸ ਦੀ ਭਿਆਨਕਤਾ ਦਾ ਇਕ ਨਵਾਂ ਰੂਪ ਦੁਨੀਆਂ ਨੂੰ ਦਿਖਾ ਦਿੱਤਾ ਹੈ। ਸਿੱਖ ਭਾਈਚਾਰਾ ਇਸ ਵਰਤਾਰੇ ਤੋਂ ਪਹਿਲਾਂ ਹੀ ਪੀੜਤ ਹੈ। ਅਮਰੀਕਾ ਦੇ ਇਕ ਗੁਰਦੁਆਰੇ ਵਿੱਚ ਇਸੇ ਤਰ੍ਹਾਂ ਇਕ ਨਸਲਵਾਦੀ ਨੇ ਗੋਲੀਆਂ ਚਲਾ ਕੇ ਨਿਰਦੋਸ਼ ਸ਼ਰਧਾਲੂਆਂ ਨੂੰ ਕਤਲ ਕਰ ਦਿੱਤਾ ਸੀ। ਨਿਊਜ਼ੀਲੈਂਡ ਵਿੱਚ ਵਾਪਰੀ ਘਟਨਾ ਹੋਰ ਵੀ ਵਧੇਰੇ ਖੌਫਨਾਕ ਹੈ। ਇਸ ਘਟਨਾ ਦੌਰਾਨ ਹਮਲਾਵਰ ਨੇ ਪੂਰੇ ਹੱਤਿਆ ਕਾਂਡ ਨੂੰ ਫੇਸਬੁੱਕ ’ਤੇ ਲਾਇਵ ਦਿਖਾ ਕੇ ਪੂਰੀ ਦੁਨੀਆਂ ’ਚ ਦਹਿਸ਼ਤ ਫੈਲਾਅ ਦਿੱਤੀ ਹੈ। ਲਾਜ਼ਮੀ ਤੌਰ ’ਤੇ ਨਸਲਵਾਦ ਦਾ ਇਹ ਨਵਾਂ ਰੂਪ ਅੱਤਵਾਦ ਤੋਂ ਵੀ ਭੈੜਾ ਅਤੇ ਖੌਫਨਾਕ ਹੈ। ਇਹ ਦੁੱਖ ਦੀ ਗੱਲ ਹੈ ਕਿ ਦੁਨੀਆਂ ਦੀਆਂ ਕੁਝ ਤਾਕਤਾਂ ਅਜਿਹੀਆਂ ਘਟਨਾਵਾਂ ਨੂੰ ਹਲਕੇ ਨਾਲ ਲੈ ਰਹੀਆਂ ਹਨ। ਸਿਰਫ ਅੱਤਵਾਦ ਨੂੰ ਹੀ ਵੱਡੇ ਖਤਰੇ ਵੱਜੋਂ ਦਰਸਾਇਆ ਜਾ ਰਿਹਾ ਹੈ ਜਦੋਂ ਕਿ ਨਸਲਵਾਦ ਇਸ ਦੇ ਮੁਕਾਬਲੇ ਕਿਤੇ ਵਧੇਰੇ ਮਾਰੂ ਹੈ। ਨਸਲਵਾਦ ਦਾ ਇਹ ਵਰਤਾਰਾ ਵੀ ਪੱਛਮੀ ਦੇਸ਼ਾਂ ਵਿੱਚ ਵਧੇਰੇ ਹੈ। ਏਸ਼ੀਆਈ ਦੇਸ਼ਾਂ ਵਿੱਚ ਮੁਕਾਤਬਾਲਤਨ ਨਸਲਵਾਦ ਦੀ ਮੌਜੂਦਗੀ ਨਹੀਂ ਹੈ। ਅੱਤਵਾਦ ਦੇ ਮੁੱਦੇ ਦਾ ਵੀ ਕੌਮਾਂਤਰੀ ਤਾਕਤਾਂ ਵੱਲੋਂ ਬੇਲੋੜਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਅੱਤਵਾਦ ਦੇ ਨਾਮ ਉਪਰ ਇਕ ਖਾਸ ਫਿਰਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਰੀ ਦੁਨੀਆਂ ਵਿੱਚ ਅੱਤਵਾਦ ਦੇ ਨਾਮ ਉਪਰ ਇਕ ਵੱਡੀ ਰਾਜਨੀਤੀ ਹੋ ਰਹੀ ਹੈ। ਨਿਰਦੋਸ਼ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ। ਇਸ ਲੜੀ ਵਿੱਚ ਨਸਲਵਾਦ ਦੇ ਖੌਫਨਾਕ ਵਰਤਾਰੇ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਲਾਜ਼ਮੀ ਤੌਰ ’ਤੇ ਅਮਨ-ਪਸੰਦ ਆਮ ਲੋਕਾਂ ਲਈ ਇਹ ਬਹੁਤ ਹੀ ਚਿੰਤਾ ਦੀ ਘੜੀ ਹੈ। ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨਸਲਵਾਦ ਦੇ ਵਰਤਾਰੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਆਮ ਤੌਰ ’ਤੇ ਅਜਿਹੀਆਂ ਘਟਨਾਵਾਂ ਨੂੰ ਮਾਨਸਿਕ ਰੋਗ ਨਾਲ ਜੋੜ ਕੇ ਖਾਰਜ ਕਰ ਦਿੱਤਾ ਜਾਂਦਾ ਹੈ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਪੀੜਤ ਸੀ। ਪ੍ਰੰਤੂ ਇਸ ਵਰਤਾਰੇ ਪਿੱਛੇ ਲੁੱਕੀ ਦੁਰਭਾਵਨਾ ਅਤੇ ਮਨਸ਼ਾ ਨੂੰ ਉਜਾਗਰ ਨਹੀਂ ਹੋਣ ਦਿੱਤਾ ਜਾ ਰਿਹਾ। ਦੁਨੀਆਂ ਭਰ ਦੀਆਂ ਅਮਨ ਪਸੰਦ ਅਤੇ ਮਨੁੱਖੀ ਹਿੱਤਾਂ ਦੀ ਗੱਲ ਕਰਨ ਵਾਲੀਆਂ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਨੂੰ ਯੋਗ ਤਰੀਕੇ ਨਾਲ ਉਭਾਰਨ ਤਾਂ ਜੋ ਅੱਤਵਾਦ ਤੋਂ ਵੀ ਵੱਧ ਖਤਰਨਾਕ ਨਸਲਵਾਦ ਦੇ ਵਰਤਾਰੇ ਨੂੰ ਕੁਚਲਿਆ ਜਾ ਸਕੇ। ਨਸਲਵਾਦ ਦੇ ਨਾਮ ਉਪਰ ਕਿਸੇ ਵੀ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਫੈਲਾਉਣਾ ਮਨੁੱਖਤਾ ਵਿਰੁੱਧ ਇਕ ਵੱਡਾ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਨਸਲਵਾਦੀ ਅਪਰਾਧ ਬਕਾਇਦਾ ਯੋਜਨਾਬੰਦੀ ਤਹਿਤ ਹੋ ਰਹੇ ਹਨ। ਅਜਿਹੀਆਂ ਘਟਨਾਵਾਂ ਨੂੰ ਇਕ ਦੂਜੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਨਸਲਵਾਦ ਦਾ ਵਰਤਾਰਾ ਹੁਣ ਇਕ ਦੇਸ਼ ਤੱਕ ਸੀਮਿਤ ਨਹੀਂ ਰਿਹਾ। ਜੇਕਰ ਨਸਲਵਾਦ ਦਾ ਹਿੰਸਕ ਵਰਤਾਰਾ ਹੋਰ ਫੈਲਦਾ ਹੈ ਤਦ ਇਸ ਨਾਲ ਲਾਜ਼ਮੀ ਤੌਰ ’ਤੇ ਪੂਰੀ ਦੁਨੀਆਂ ਵਿੱਚ ਧਰਮ ਅਤੇ ਵਰਗ ਦੇ ਆਧਾਰ ਉਪਰ ਟਕਰਾਅ ਹੋਰ ਤੇਜ਼ ਹੋਣਗੇ ਅਤੇ ਦੁਨੀਆਂ ਨਰਕ ਬਣ ਜਾਵੇਗੀ। ਇਸ ਧਰਤੀ ਅਤੇ ਮਾਨਵਤਾ ਦੀ ਭਲਾਈ ਲਈ ਇਹ ਜ਼ਰੂਰੀ ਹੈ ਕਿ ਨਸਲਵਾਦ ਦੀਆਂ ਜੜ੍ਹਾਂ ਨੂੰ ਪੁਟਿਆ ਜਾਵੇ ਅਤੇ ਅਜਿਹੇ ਲੋਕਾਂ ਉਪਰ ਖਾਸ ਨਜ਼ਰ ਰੱਖੀ ਜਾਵੇ ਜਿਹੜੇ ਇਸ ਦਾਨਵ ਸੋਚ ਨਾਲ ਜੁੜੇ ਹੋਏ ਹਨ।
– ਬਲਜੀਤ ਸਿੰਘ ਬਰਾੜ

Send this to a friend