ਕੇਬਲ ਟੀਵੀ ਸੇਵਾਵਾਂ ਸਸਤੀਆਂ ਹੋਣ

ਦੇਸ਼ ਵਿੱਚ ਡੀ. ਟੀ. ਐਚ, ਕੇਬਲ ਟੀ.ਵੀ ਅਤੇ ਆਈ.ਪੀ. ਟੀ.ਵੀ. ਸੇਵਾਵਾਂ ਮੁਕਾਬਲਤਨ ਬਹੁਤ ਮਹਿੰਗੀਆਂ ਹਨ। ਆਮ ਲੋਕਾਂ ਨੂੰ ਟੀਵੀ ਦੇਖਣ ਲਈ ਭਾਰੀ ਕੀਮਤ ਤਾਰਨੀ ਪੈ ਰਹੀ ਹੈ। ਭਾਰਤ ਸਰਕਾਰ ਦੀ ਟੈਲੀਫ਼ੋਨ ਰੈਗੂਲੇਟਰੀ ਅਥਾਰਿਟੀ (ਟਰਾਈ) ਵੱਲੋਂ ਡੀ. ਟੀ. ਐਚ, ਕੇਬਲ ਟੀ.ਵੀ, ਆਈ.ਪੀ. ਟੀ.ਵੀ. ਸੇਵਾਵਾਂ ਲਈ ਨਿਰਧਾਰਿਤ ਦਰਾਂ ਕਾਰਨ ਦੇਸ਼ ਭਰ ਵਿੱਚ ਟੀਵੀ. ਦੇਖਣਾ ਹੋਰ ਵੀ ਮਹਿੰਗਾ ਹੋ ਗਿਆ ਹੈ। ਬੇਸ਼ਕ ਰੈਗੂਲੇਟਰੀ ਅਥਾਰਿਟੀ ਨੇ ਨਵੇਂ ਨਿਯਮ ਆਮ ਲੋਕਾਂ ਨੂੰ ਰਾਹਤ ਦੇਣ ਲਈ ਬਣਾਏ ਹਨ ਪਰੰਤੂ ਇਸ ਦਾ ਲਾਭ ਟੀਵੀ ਚੈਨਲਾਂ ਅਤੇ ਵੱਡੇ ਕੇਬਲ ਆਪ੍ਰੇਟਰਾਂ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਇਸ ਫ਼ੈਸਲੇ ਨਾਲ ਦੇਸ਼ ਦੇ ਵੱਡੇ ਬਰਾਡਕਾਸਟਰਾ ਨੂੰ ਭਾਰੀ ਲਾਭ ਮਿਲ ਰਿਹਾ ਹੈ। ਦੇਸ਼ ਭਰ ’ਚ ਟੀਵੀ ਦਰਸ਼ਕਾਂ ਨੂੰ ਪਹਿਲਾਂ ਡੀ.ਟੀ.ਐਚ ਅਤੇ ਕੇਬਲ ਟੀ.ਵੀ ਰਾਹੀ ਤਿੰਨ ਤੋਂ 350 ਚੈਨਲ ਪ੍ਰਾਪਤ ਕਰਨ ਤਕਰੀਬਨ 200 ਤੋਂ 300 ਰੁਪਏ ਪ੍ਰਤੀ ਮਹੀਨਾ ਅਦਾ ਕਰਨਾ ਪੈਂਦੇ ਸਨ। ਪਰ ਟਰਾਈ ਦੇ ਫ਼ੈਸਲੇ ਉਪਰੰਤ ਦਰਸ਼ਕਾਂ ਨੂੰ ਇੰਨੇ ਹੀ ਚੈਨਲ ਦੇਖਣ ਲਈ ਹੁਣ 400 ਤੋਂ 500 ਰੁਪਏ ਅਦਾ ਕਰਨੇ ਪੈਣਗੇ। ਦਰਸ਼ਕਾਂ ਨੂੰ ਹੁਣ ਬਰਾਡਕਾਸਟਰਾ ਵਲੋਂ ਚੈਨਲਾਂ ਦੀਆਂ ਤੈਅ ਕੀਤੀਆਂ ਦਰਾਂ ਤੋਂ ਇਲਾਵਾ 18 ਪ੍ਰਤੀਸ਼ਤ ਜੀ.ਐਸ.ਟੀ. ਤੋਂ ਇਲਾਵਾ ਨੈਟਵਰਕ ਕਪੈਸਿਟੀ ਫ਼ੀਸ ਵੀ ਅਦਾ ਕਰਨੀ ਪੈ ਰਹੀ ਹੈ।ਇਕ ਤੋਂ ਜ਼ਿਆਦਾ ਟੈਲੀਵਿਜ਼ਨਾਂ ਸੈਟ ਵਾਲੇ ਘਰਾਂ ਨੂੰ ਵੀ ਹੁਣ ਕੋਈ ਛੋਟ ਨਹੀਂ ਮਿਲੇਗੀ। ਦੂਜੇ ਅਤੇ ਤੀਜੇ ਕੁਨੈਕਸ਼ਨ ਵਾਲੇ ਪਰਿਵਾਰ ਨੂੰ ਟੈਲੀਵਿਜ਼ਨ ਦੇਖਣ ਲਈ ਪੂਰੀ ਰਕਮ ਅਦਾ ਕਰਨੀ ਹੋਵੇਗੀ। ਟਰਾਈ ਦੇ ਨਵੇਂ ਪ੍ਰਬੰਧ ਨੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੰਮ ਕਰਦੇ ਕੇਬਲ ਓਪਰੇਟਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਇਸ ਨਾਲ ਉਨ੍ਹਾਂ ਦੀ ਕਮਾਈ ਵੀ ਘੱਟੇਗੀ ਅਤੇ ਖਪਤਕਾਰਾਂ ਤੋਂ ਇਕੱਤਰ ਕੀਤੇ ਗਏ ਵਧੇਰੇ ਪੈਸੇ ਬਰਾਡਕਾਸਟਾਂ ਦੇ ਖਾਤੇ ਵਿੱਚ ਹੀ ਜਾਣਗੇ। ਹੋਰ ਤਾਂ ਹੋਰ ਮੁਫਤ ਵਿੱਚ ਦੇਖੇ ਜਾਣ ਵਾਲੇ ਚੈਨਲ ਵੀ ਹੁਣ ਪੇਡ ਸ਼੍ਰੇਣੀ ਵਿੱਚ ਪਾ ਦਿੱਤੇ ਗਏ ਹਨ। ਡੀ.ਡੀ. ਡਿਸ਼ ਰਾਹੀਂ ਮੁਫਤ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਹੁਣ ਪੇਡ ਡਿਸ਼ ਜਾਂ ਕੇਬਲ ਕੁਨੈਕਸ਼ਨ ਲੈਣਾ ਹੋਵੇਗਾ। ਇਸ ਨਾਲ ਆਮ ਲੋਕਾਂ ਉਪਰ ਭਾਰੀ ਆਰਥਿਕ ਬੋਝ ਪਵੇਗਾ। ਟਰਾਈ ਦੇ ਨਵੇਂ ਨਿਯਮ ਬਰਾਡਕਾਸਟਰਾਂ ਅਤੇ ਡਿਸ਼ ਟੀ.ਵੀ. ਓਪਰੇਟਰਾਂ ਲਈ ਸੋਨੇ ਦੀ ਖਾਨ ਬਣ ਗਏ ਹਨ। ਉਨ੍ਹਾਂ ਨੂੰ ਘਰ ਬੈਠਿਆਂ ਅਰਬਾਂ ਰੁਪਏ ਦਾ ਬਿਜ਼ਨਸ ਮਿਲੇਗਾ। ਆਮ ਲੋਕਾਂ ਵਿੱਚ ਨਵੇਂ ਨਿਯਮਾਂ ਖਿਲਾਫ ਭਾਰੀ ਗੁੱਸਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੀਵੀ ਦਰਸ਼ਕਾਂ ਦੀ ਇਸ ਲੁੱਟ ਨੂੰ ਤੁਰੰਤ ਰੋਕੇ ਅਤੇ ਟਰਾਈ ਦੇ ਨਿਯਮਾਂ ਵਿੱਚ ਤੁਰੰਤ ਤਬਦੀਲੀ ਕਰਕੇ ਇਸ ਨੂੰ ਲੋਕ ਪੱਖੀ ਬਣਾਇਆ ਜਾਵੇ।
– ਬਲਜੀਤ ਸਿੰਘ ਬਰਾੜ

Send this to a friend