ਜਉ ਤਉ ਪ੍ਰੇਮ ਖੇਲਨ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
(ਗੁਰੂ ਨਾਨਕ ਦੇਵ ਜੀ)
ਸਿਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਸਿਖ ਰਾਜ ਦੀ ਸਥਾਪਤੀ ਲਈ ਅਹਿਮ ਯੋਗਦਾਨ ਪਾਇਆ। ਅਕਾਲੀ ਜੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸਿਖਾਂ ਦੀ ਰਾਜਨੀਤਿਕ ਅਗਵਾਈ ਕੀਤੀ ਤੇ ਸਿਖੀ ਦੇ ਮੂਲ ਸਿਧਾਤਾਂ ਤੇ ਪਹਿਰਾ ਦੇ ਕੇ ਮੀਰੀ-ਪੀਰੀ ਦੇ ਸਿਧਾਂਤ ਨੂੰ ਜਾਰੀ ਰਖਿਆ।
ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦਾ ਜਨਮ 14 ਜਨਵਰੀ 1761 ਈ. ਅਜੋਕੇ ਪਿੰਡ ਦੇਹਲਾ(ਸ਼ੀਹਾਂ) ਵਿਖੇ ਪਿਤਾ ਈਸ਼ਰ ਸਿੰਘ ਦੇ ਗ੍ਰਹਿ ਮਾਤਾ ਹਰਿ ਕੌਰ ਦੀ ਪਵਿਤਰ ਕੁਖੋਂ ਹੋਇਆ। ਭਾਵੇਂ ਇਹ ਇਲਾਕਾ ਪਛੜਿਆ ਗਿਣਿਆ ਜਾਂਦਾ ਸੀ ਪਰ ਅਕਾਲੀ ਜੀ ਨੇ ਮਹਾਨ ਘਾਲਣਾ ਘਾਲ ਕੇ ਇਸ ਇਲਾਕੇ ਨੂੰ ਸਿਖ ਇਤਿਹਾਸ ਵਿਚ ਧਰੂ ਤਾਰੇ ਵਾਂਗੂ ਚਮਕਾ ਦਿਤਾ।
ਅਕਾਲੀ ਜੀ ਦੀ ਯਾਦਗਾਰ ਨੂੰ ਉਜਾਗਰ ਕਰਨ ਵਿਚ ਸਿਖ ਕੌਮ ਦੇ ਮਹਾਨ ਤਪਸਵੀ ਸੰਤ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ (ਪਟਿਆਲਾ) ਵਾਲਿਆਂ ਦਾ ਅਹਿਮ ਯੋਗਦਾਨ ਹੈ। ਇਸ ਸਥਾਨ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ ,ਸਚਖੰਡ ਵਾਸੀ ਬਾਬਾ ਹਰਬੰਸ ਸਿੰਘ ਬੀਰ ਸ਼ਾਹਬਾਦ ਅਤੇ ਬਾਬਾ ਕ੍ਰਿਪਾਲ ਸਿੰਘ ਭਵਾਨੀਗੜ੍ਹ ਵਾਲਿਆ ਨੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਆਲੀਸ਼ਾਨ ਬਣਾਈ ਗਈ ਹੈ। ਅਕਾਲੀ ਜੀ ਦਾ ਪੁਰਾਤਨ ਘਰ(ਬਾਰਾਂਦਰੀ), ਪੁਰਾਤਨ ਖੂਹ, ਪੁਰਾਤਨ ਬੋਹੜ ਪਿਛਲੀ ਕਾਂਗਰਸ ਸਰਕਾਰ ਦੇ ਸਹਿਯੋਗ ਨਾਲ ਪੁਰਾਤਤਵ ਵਿਭਾਗ ਨੇ ਆਪਣੇ ਅਧੀਨ ਲੈ ਲਿਆ ਹੈ।
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਅਕਾਲੀ ਜੀ ਦਾ ਜਨਮ ਦਿਹਾੜਾ ਹਰ ਸਾਲ 14 ਜਨਵਰੀ ਤੇ ਸ਼ਹੀਦੀ ਦਿਹਾੜਾ 10 ਮਾਰਚ ਤੋਂ 14 ਮਾਰਚ ਤਕ ਬੜੇ ਉਤਸਾਹ ਤੇ ਸੇਵਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਨੂੰ ਸਰਕਾਰਾਂ ਵਲੋਂ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿਤੀ ਗਈ। ਭਾਵੇਂ ਕਿ ਇਕ ਵਾਰ ਕੈਪਟਨ ਸਰਕਾਰ ਸਮੇਂ ਸ਼ਹੀਦਾਂ ਦੇ ਨਾਂਅ ਤੇ ਵਿਸ਼ੇਸ਼ 1 ਕਰੋੜ ਰੁਪਏ ਦੀ ਗਰਾਂਟ ਦਿਤੀ ਗਈ ਸੀ । ਅਕਾਲੀ ਸਰਕਾਰ ਸਮੇਂ ਪਿੰਡ ਦੇ ਵਿਕਾਸ ਲਈ ਗਰਾਂਟਾਂ ਦਿਤੀਆਂ ਗਈਆਂ ਪਰ ਅਜੇ ਵੀ ਵਿਕਾਸ ਕਾਰਜ ਅਧੂਰੇ ਪਏ ਹਨ। ਸਰਕਾਰ ਵਲੋਂ ਅਕਾਲੀ ਦੀ ਯਾਦ ਵਿਚ ਸਿਰਫ ਇਕੋ ਅਕਾਲੀ ਬਾਬਾ ਫੂਲਾ ਸਿੰਘ ਨੇਬਰਹੁਡ ਕੈਂਪਸ ਬਣਾਇਆ ਗਿਆ ਸੀ ਪਰ ਉਸ ਦੀ ਬਿਲਡਿੰਗ ਹੁਣ ਤਕ ਨਹੀਂ ਬਣੀ ਹੈ ਜਿਸ ਕਾਰਨ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਵਿਚ ਬਹੁਤ ਰੋਸ ਹੈ। ਸੋ ਬੇਨਤੀ ਅਕਾਲੀ ਕੁਰਬਾਨੀ ਨੂੰ ਧਿਆਨ ਵਿਚ ਰਖਦੇ ਇਸ ਕੈਂਪਸ ਨੂੰ ਜਲਦੀ ਤੋਂ ਜਲਦੀ ਤਿਆਰ ਕਰਵਾਇਆ ਜਾਵੇ।
ਪੇਸ਼ਕਸ: ਕੁਲਵੰਤ ਸਿੰਘ ਦੇਹਲਾ (ਸ਼ੀਹਾਂ)
ਪੱਤਰਕਾਰ ‘ਪੰਜਾਬ ਟਾਇਟਮਜ਼’ ਮੂਨਕ ਸੰਪਰਕ : 98767-21808