ਪੰਜਾਬ ’ਚ ਅਤੇ ਪੰਜਾਬ ਤੋਂ ਦੂਰ ਰਹਿੰਦੇ ਸਿੱਖ ਭਾਈਚਾਰੇ ਨੂੰ ਵੱਡੀਆਂ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਨਾਲ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਕ ਤਰ੍ਹਾਂ ਨਾਲ ਨਸਲੀ ਵਿਤਕਰਾ ਹੋ ਰਿਹਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਥਿਤ ਧਰਮ ਨਿਰਪੱਖ ਅਤੇ ਲੋਕਤੰਤਰੀ ਦੇਸ਼ ਵਿੱਚ ਸਿੱਖ ਭਾਈਚਾਰੇ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਸਿੱਖ ਭਾਈਚਾਰੇ ਦਾ ਇਕ ਮਾਣਯੋਗ ਹਿੱਸਾ ਸਿਕਲੀਗਰ ਸਿੱਖ ਤਾਂ ਬਹੁਤ ਹੀ ਸੰਕਟ ਅਤੇ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਮੱਧ ਪ੍ਰਦੇਸ਼ ਦੇ ਸਿਖ ਸਿਕਲੀਗਰ ਜ਼ਿਲ੍ਹਾ ਚਾਰ ਜ਼ਿਲ੍ਹਿਆਂ ਧਾਰ, ਬੜਵਾਨੀ, ਖਰਗੋਨ ਤੇ ਜ਼ਿਲ੍ਹਾ ਬਰਹਾਨਪੁਰ ਦੇ 36 ਪਿੰਡਾਂ ’ਚ ਬਹੁਤ ਹੀ ਬਦਹਾਲੀ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ। ਉਨ੍ਹਾਂ ਕੋਲ ਆਪਣੇ ਪੱਕੇ ਘਰ ਤੱਕ ਨਹੀਂ ਹਨ ਅਤੇ ਉਹ ਝੁੱਗੀਆਂ ਝੋਂਪੀਆਂ ਵਿੱਚ ਰਹਿ ਰਹੇ ਹਨ। ਗਰੀਬੀ ਭੋਗ ਰਹੇ ਇਨ੍ਹਾਂ ਸਿੱਖਾਂ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਲਗਾਤਾਰ ਅਣਮਨੁਖੀ ਤਸ਼ਦਦ ਦਾ ਸ਼ਿਕਾਰ ਬਣਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਉਨ੍ਹਾਂ ਦੀ ਕਿਧਰੇ ਸੁਣਵਾਈ ਨਹੀਂ ਹੁੰਦੀ। ਤਾਜ਼ਾ ਅਖ਼ਬਾਰੀ ਰਿਪੋਰਟਾਂ ਮੁਤਾਬਿਕ ਪਿੰਡ ਸੰਗਨੂੰਰ ਜ਼ਿਲ੍ਹਾ ਖਰਗੋਨ ਦੇ 21 ਨੌਜਵਾਨਾਂ ਨੂੰ ਪਿਛਲੇ ਦਿਨੀਂ 300 ਪੁਲਿਸ ਕਰਮੀਂ ਇਹ ਕਹਿ ਕੇ ਚੁਕ ਕੇ ਲੈ ਗਏ ਕਿ ਉਹ ਨਾਜਾਇਜ਼ ਹਥਿਆਰ ਬਣਾਉਂਦੇ ਹਨ। ਪੁਲਿਸ ਨੂੰ ਇਨ੍ਹਾਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਸਮੇਂ ਜਾਂ ਬਾਅਦ ਵਿੱਚ ਕੋਈ ਵੀ ਗੈਰ ਕਾਨੂੰਨੀ ਹਥਿਆਰ ਨਹੀਂ ਮਿਲਿਆ। ਪੁਲਿਸ ਇਨ੍ਹਾਂ ਨੌਜਵਾਨਾਂ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ। ਸਿੱਖ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਵੱਲੋਂ ਪਾਏ ਗਏ ਦਬਾਅ ਕਾਰਨ ਪੁਲਿਸ ਨੂੰ ਇਹ ਸਾਰੇ 21 ਸਿੱਖ ਨੌਜਵਾਨ ਬਿਨਾਂ ਕਿਸੇ ਕੇਸ ਦਰਜ ਕੀਤੇ ਛੱਡਣੇ ਪਏ ਹਨ। ਪੁਲਿਸ ਦਾ ਇਹ ਕੋਈ ਪਹਿਲਾ ਕਾਰਨਾਮਾ ਨਹੀਂ ਹੈ। ਜੇਕਰ ਸਿੱਖ ਭਾਈਚਾਰੇ ਦਾ ਦਬਾਅ ਨਾ ਪੈਂਦਾ ਤਾਂ ਇਨ੍ਹਾਂ 21 ਨੌਜਵਾਨਾਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੜਨਾ ਪੈਣਾ ਸੀ। ਇਸ ਖੇਤਰ ਵਿੱਚ ਸਿੱਖ ਸਿਕਲੀਗਰਾਂ ਦੇ 36 ਪਿੰਡਾਂ ਦੇ 1100 ਪਰਿਵਾਰਾਂ ’ਤੇ ਪੁਲਿਸ ਨੇ ਅਜਿਹੇ ਹੀ ਝੂਠੇ ਕੇਸ ਦਰਜ ਕੀਤੇ ਹੋਏ ਹਨ। ਤਾਜ਼ਾ ਘਟਨਾ ਅਨੁਸਾਰ ਪਿੰਡ ਪਲਸੂਤ ਜ਼ਿਲ੍ਹਾ ਬੜਵਾਨੀ ਮੱਧ ਪ੍ਰਦੇਸ਼ ਦਾ ਇਕ ਸਿੱਖ ਸਿਕਲੀਗਰ, ਜੋ ਰਾਤ ਦੇ ਸਮੇਂ ਆਪਣੀ ਗਰਭਵਤੀ ਪਤਨੀ ਨੂੰ ਆਪਣੀ 5 ਸਾਲ ਦੀ ਬੇਟੀ ਨਾਲ ਹਸਪਤਾਲ ’ਚ ਐਮਰਜੈਂਸੀ ਵਾਰਡ ’ਚ ਲੈ ਕੇ ਗਿਆ ਸੀ। ਜਦੋਂ ਇਹ ਨੌਜਵਾਨ ਆਪਣੀ ਬੇਟੀ ਨਾਲ ਨੇੜਿਉਂ ਹੀ ਦਵਾਈਆਂ ਅਤੇ ਹੋਰ ਸਾਮਾਨ ਲੈਣ ਗਿਆ ਤਾਂ ਪੁਲਿਸ ਉਸ ਨੂੰ ਉਸ ਦੀ ਬੱਚੀ ਸਮੇਤ ਚੁੱਕ ਕੇ ਲੈ ਗਈ ਜਦਕਿ ਪਤਨੀ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ। ਪਿਛਲੇ ਕੁਝ ਸਮੇਂ ਤੋਂ ਮੱਧ ਪ੍ਰਦੇਸ਼ ਦੀ ਪੁਲਿਸ ਨੇ ਸਿਕਲੀਗਰ ਸਿੱਖ ਭਾਈਚਾਰੇ ਦੇ ਖ਼ਿਲਾਫ਼ ਤਸ਼ੱਦਦ ਅਤੇ ਜ਼ੁਲਮ ਇਕ ਮਾਰੂ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪੁਲਿਸ ਜਿਸ ਵੀ ਸਿੱਖ ਨੂੰ ਚੁੱਕਦੀ ਹੈ, ਉਸ ’ਤੇ ਭਾਰੀ ਜ਼ੁਲਮ ਢਾਹਿਆ ਜਾਂਦਾ ਹੈ। ਬਾਅਦ ਵਿੱਚ ਉਨ੍ਹਾਂ ’ਚੋਂ ਕੁੱਝ ਨੂੰ ਬੱਕਰੀਆਂ ਅਤੇ ਹੋਰ ਘਰੇਲੂ ਸਾਮਾਨ ਰਿਸ਼ਵਤ ਦੇ ਰੂਪ ’ਚ ਲੈ ਕੇ ਛੱਡ ਦਿੱਤਾ ਜਾਂਦਾ ਹੈ। ਪੁਲਿਸ ਨੇ ਸਿਕਲੀਗਰ ਸਿੱਖ ਭਾਈਚਾਰੇ ਲਈ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਹਨ ਕਿ ਉਹ ਤਸ਼ੱਦਦ ਅਤੇ ਝੂਠੇ ਕੇਸਾਂ ਦੇ ਡਰ ਕਾਰਨ ਘਰ ਛੱਡ ਕੇ ਜੰਗਲਾਂ ਵਿੱਚ ਲੁਕਣ ਲਈ ਮਜ਼ਬੂਰ ਹਨ। ਇਹ ਬਹੁਤ ਹੀ ਮਾੜੀ ਗੱਲ ਹੈ। ਸੂਬਾ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਭਾਈਚਾਰੇ ਖਿਲਾਫ ਇਸ ਤਰ੍ਹਾਂ ਦੀ ਤਸ਼ੱਦਦ ਅਤੇ ਨਸਲੀ ਵਿਤਕਰੇ ਵਾਲੀ ਮੁਹਿੰਮ ਨੂੰ ਤੁਰੰਤ ਬੰਦ ਕਰਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਇਸ ਸਿਲਸਿਲੇ ਵਿੱਚ ਪੀੜਤਾਂ ਦੀ ਮੱਦਦ ਲਈ ਤੁਰੰਤ ਅੱਗੇ ਆਉਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ