26 ਫਰਵਰੀ ਨੂੰ ਜਦੋਂ ਤੋਂ ਭਾਰਤੀ ਹਵਾਈ ਸੈਨਾ ਨੇ ਸਰਹੱਦੋਂ ਪਾਰ ਕੀਤੀ ਕਰਵਾਈ ਦੌਰਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਦੇ 350 ਅਤਵਾਦੀ ਮਾਰੇ ਜਾਣ ਅਤੇ ਇਸ ਵਡੀ ਪ੍ਰਾਪਤੀ ਦੇ ਮਨਾਏ ਜਾ ਰਹੇ ਜਸ਼ਨਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਜਿਨ੍ਹਾਂ ਵਿਚ ਫੌਜ ਤੋਂ ਵਧ ਮੋਦੀ ਨੂੰ ਲਾਮਿਸਾਲ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸੇ ਸਮੇਂ ਤੋਂ ਮੇਰੇ ਮਨ ’ਚ ਸ਼ੰਕੇ ਉਪਜ ਰਹੇ ਸਨ। ਪੰਜਾਬ ਵਿਚ ਕਾਲੇ ਦੌਰ ਸਮੇਂ ਪਟੀ ਇਲਾਕੇ ਦੇ ਇਕ ਦਲਿਤ ਨੌਜਵਾਨ ਦਾ ਮੈਨੂੰ ਚੇਤਾ ਆ ਰਿਹਾ ਸੀ ਜਿਸ ਨੂੰ ਕਥਿਤ ਮੁਕਾਬਲੇ ’ਚ ਮਰਿਆ ਦਸ ਕੇ ਹਸਪਤਾਲ ਵਿਚ ਪੋਸਟ ਮਾਰਟਮ ਲਈ ਲਿਆਂਦਾ ਗਿਆ। ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਲਿਆਂਦੀ ਗਈ ਲਾਸ਼ ‘ਚ ਹਿਲਜੁਲ ਵੇਖੀ ਤੇ ਪੁਲਿਸ ਨੂੰ ਦਸਿਆ ਕਿ ਇਸ ਦਾ ਪੋਸਟ ਮਾਰਟਮ ਨਹੀਂ ਬਲਕਿ ਇਲਾਜ਼ ਕਰਨ ਦੀ ਲੋੜ ਹੈ। ਪੁਲਿਸ ਵਾਲੇ ਉਸ ਬਦਨਸੀਬ ਨੂੰ ਜ਼ਬਰਦਸਤੀ ਉਥੋਂ ਚੁਕ ਕੇ ਲੈ ਗਏ ਤੇ ਕੁਝ ਸਮੇਂ ਬਾਅਦ ਉਸ ਨੂੰ ਲਾਸ਼ ਬਣਾ ਕੇ ਲੈ ਆਏ। ਬਹੁਤ ਸਾਰੇ ਕਥਿਤ ਅਤਵਾਦੀ ਜਿਨ੍ਹਾਂ ਦੇ ਸਿਰਾਂ ’ਤੇ ਇਨਾਮ ਰਖੇ ਗਏ ਸਨ ਉਨ੍ਹਾਂ ਨੂੰ ਮੁਕਾਬਿਲਆਂ ਵਿਚ ਮਾਰਿਆ ਦਸ ਕੇ ਪੁਲਿਸ ਮੁਲਾਜਮਾਂ ਨੇ ਇਨਾਮ ਤੇ ਤਰਕੀਆਂ ਹਾਸਲ ਕੀਤੀਆਂ ਪਰ ਉਹ ਵਿਅਕਤੀ ਹਾਲੀ ਵੀ ਜੀਵਤ ਹਨ। ਇਹ ਯਾਦਾਂ ਹੀ ਮੇਰੇ ਸ਼ੰਕਿਆਂ ਵਿਚ ਵਾਧਾ ਕਰ ਰਹੀਆਂ ਸਨ ਕਿ ਜਿਥੋਂ ਦੀਆਂ ਸਰਕਾਰਾਂ ਜਿਉਂਦਿਆਂ ਨੂੰ ਮਾਰੇ ਦਸ ਕੇ ਇਨਾਮ ਵੰਡ ਰਹੀ ਹੋਵੇ, ਰੇਲ ਹਾਦਸੇ ’ਚ ਮਰੇ ਮੁਸਾਫਿਰਾਂ ਦੀ ਤਿੰਨ ਦਿਨਾਂ ਤਕ ਸਹੀ ਗਿਣਤੀ ਨਹੀਂ ਦਸ ਸਕਦੀ, ਨੋਟਬੰਦੀ ਤੋਂ ਢਾਈ ਸਾਲ ਪਿਛੋਂ ਤਕ ਵੀ ਇਸ ਰਾਹੀਂ ਇਕਤਰ ਹੋਈ ਬਲੈਕ-ਮਨੀ ਦੀ ਰਕਮ ਨਹੀਂ ਦੱਸ ਸਕੀ ਉਥੋਂ ਦੀ ਸਰਕਾਰ ਨੇ ਹਵਾਈ ਸੈਨਾ ਵਲੋਂ ਸਰਹਦੋਂ ਪਾਰ 17 ਮਿੰਟਾਂ ਦੀ ਕੀਤੀ ਕਾਰਵਾਈ ਦੌਰਾਨ ਮਾਰੇ 350 ਅਤਵਾਦੀਆਂ ਦੀ ਗਿਣਤੀ ਅਤੇ ਅਜ਼ਹਰ ਮਸੂਦ ਦੇ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦੀ ਸ਼ਿਨਾਖਤ ਕਿਵੇਂ ਕਰ ਲਈ? ਵਡੀ ਹੈਰਾਨੀ ਇਹ ਹੈ ਕਿ ਇਕ ਪਾਸੇ ਤਾਂ ਸਰਹੱਦੋਂ ਪਾਰ ਕੀਤੀ ਵੱਡੀ ਕਾਰਵਾਈ ਦਾ ਢੋਲ ਪਿੱਟ ਕੇ ਗੋਦੀ ਮੀਡੀਆ ਰਾਹੀਂ ਵੋਟਾਂ ਦਾ ਧਰੁਵੀਕਾਰਨ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਇਸ ਕਾਰਵਾਈ ਦੇ ਸਬੂਤ ਮੰਗਣ ਵਾਲੇ ਵਿਰੋਧੀ ਧਿਰ ਦੇ ਆਗੂਆਂ ਦੀ ਦੇਸ਼ ਭਗਤੀ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਸਬੂਤ ਮੰਗ ਕੇ ਇਹ ਦੇਸ਼ ਦੀ ਬਦਨਾਮੀ ਕਰ ਰਹੇ ਹਨ। ਹੈਰਾਨੀ ਹੈ ਕਿ ਜਿਸ ਕਾਰਵਾਈ ਦੇ ਸਬੂਤ ਦੇਣ ਨਾਲ ਦੇਸ਼ ਦੀ ਬਦਨਾਮੀ ਹੁੰਦੀ ਹੈ ਉਸ ਕਾਰਵਾਈ ਦੀ ਪ੍ਰਪਤੀ ਦਾ ਢੋਲ ਪਿਟਣ ਦੀ ਕੀ ਲੋੜ ਹੈ? ਕੇਵਲ ਵੋਟਾਂ ਦੇ ਧਰੁਵੀਕਰਨ ਲਈ?
ਇਹ ਵੀ ਚੇਤੇ ਰਖਣਯੋਗ ਹੈ ਕਿ 1984 ’ਚ ਜਿਸ ਤਰ੍ਹਾਂ ਸਰਕਾਰ ਤੇ ਇਸ ਦੇ ਗੋਦੀ ਮੀਡੀਏ ਨੇ ਸਿਖਾਂ ਨੂੰ ਦੇਸ਼ ਦੇ ਦੁਸ਼ਮਣ ਤੇ ਪਾਕਿਸਤਾਨ ਪਖੀ ਹੋਣਾ ਪ੍ਰਚਾਰ ਕੇ ਬੇਕਸੂਰ ਸਿਖਾਂ ਦਾ ਘਾਣ ਕੀਤਾ ਠੀਕ ਉਸੇ ਤਰ੍ਹਾਂ ਹੁਣ ਕਸ਼ਮੀਰੀਆਂ ਨੂੰ ਦੇਸ਼ ਵਿਰੋਧੀ ਪ੍ਰਚਾਰਿਆ ਜਾ ਰਿਹਾ ਹੈ। ਅਜਿਹਾ ਝੂਠਾ ਪ੍ਰਚਾਰ ਕਦੀ ਵੀ ਅਤਿਵਾਦ ਦੇ ਖਾਤਮੇ ਲਈ ਸਹਾਇਕ ਨਹੀਂ ਹੋਵੇਗਾ ਸਗੋਂ ਘਟ ਗਿਣਤੀਆਂ ਵਿਚ ਤੋਖਲਾ ਵਧੇਗਾ ਕਿ ਜਿਸ ਦੇਸ਼ ਵਿਚ ਹਰ ਚੋਣਾਂ ਸਮੇਂ ਰਾਮ ਮੰਦਰ ਦੀ ਉਸਾਰੀ ਅਤੇ ਅਤਿਵਾਦ ਦੇ ਨਾਮ ‘ਤੇ ਪਾਕਿਸਤਾਨ ਨਾਲ ਜੰਗ ਦਾ ਹਊਆ ਖੜ੍ਹਾ ਕਰਕੇ ਫਿਰਕਾਪ੍ਰਸਤੀ ਨੂੰ ਵਡਾਵਾ ਦੇ ਕੇ ਘਟ ਗਿਣਤੀਆਂ ਵਿਰੁਧ ਨਫਰਤ ਫੈਲਾ ਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕਰਨ ਦੀ ਨੀਤੀ ਅਪਣਾਈ ਜਾਂਦੀ ਹੋਵੇ, ਗਊ ਮਾਸ ਦੇ ਨਾਮ ’ਤੇ ਦਲਿਤਾਂ ਤੇ ਘਟ ਗਿਣਤੀਆਂ ਨਾਲ ਸਬੰਧਤ ਲੋਕਾਂ ਦੇ ਹਜੂਮੀ ਹਿੰਸਾ ਰਾਹੀਂ ਮਿੰਟਾਂ ਵਿਚ ਹੀ ਕਤਲ ਕੀਤੇ ਜਾਣ ਨੂੰ ਜਾਇਜ ਠਹਿਰਾਇਆ ਜਾਂਦਾ ਹੋਵੇ ਉਸ਼ ਦੇਸ਼ ਵਿਚ ਭਲਾਂ ਅਮਨ ਸ਼ਾਂਤੀ ਕਿਵੇਂ ਰਖੀ ਜਾ ਸਕਦੀ ਹੈ? ਘਟ ਗਿਣਤੀਆਂ ਸੋਚਣ ਲਈ ਮਜਬੂਰ ਹੋਣਗੀਆਂ ਕਿ ਪਲ ਪਲ ਸਹਿਮ ਦੇ ਡਰ ਹੇਠ ਜਿਉਣ ਨਾਲੋਂ ਚੰਗਾ ਹੈ ਕਿ ਲੜ ਮਰ ਜਾਵੋ ਇਸ ਲਈ ਕਦੀ ਵੀ ਅਤਵਾਦ ਖਤਮ ਨਹੀਂ ਹੋਵੇਗਾ। ਸਰਕਾਰ ਦੀ ਪ੍ਰਾਪਤੀ ਇਸ ਵਿਚ ਨਹੀਂ ਹੈ ਕਿ ਉਸ ਨੇ ਕਿੰਨੇ ਅਤਵਾਦੀ ਮਾਰੇ ਹਨ ਸਗੋਂ ਪ੍ਰਾਪਤੀ ਇਸ ਵਿਚ ਹੈ ਕਿ ਉਸ ਨੇ ਆਪਣੇ ਫੌਜੀਆਂ ਅਤੇ ਸ਼ਹਿਰੀਆਂ ਦੇ ਘਟ ਤੋਂ ਘਟ ਜਾਨ ਮਾਲ ਦੇ ਨੁਕਸਾਨ ਨਾਲ ਵਧ ਤੋਂ ਵਧ ਅਮਨ ਅਮਾਨ ਕਿਸ ਤਰ੍ਹਾਂ ਰਖਣਾ ਹੈ। ਇਸ ਪਖੋਂ ਮੋਦੀ ਸਰਕਾਰ ਪਿਛਲੀਆਂ ਸਾਰੀਆਂ ਸਾਰਕਾਰਾਂ ਨਾਲੋਂ ਫੇਲ ਸਾਬਤ ਹੋਈ ਹੈ ਕਿਉਂਕਿ ਸਰਕਾਰੀ ਅੰਕੜੇ ਹੀ ਦਸ ਰਹੇ ਹਨ ਕਿ ਫੌਜੀ ਤੇ ਅਰਧ ਫੌਜੀ ਸੁਰਖਿਆ ਕਰਮਚਾਰੀਆਂ ਤੇ ਆਮ ਨਗਰਿਕਾਂ ਦਾ ਜਾਨੀ ਮਾਲੀ ਨੁਕਸਾਨ ਪਛਲੀਆਂ ਸਾਰੀਆਂ ਸਰਕਾਰਾਂ ਦੇ ਸਮੇਂ ਨਾਲੋਂ ਕਿਤੇ ਵਧ ਹੈ। ਆਮ ਕਸ਼ਮੀਰੀ ਲੋਕ ਜਿਸ ਤਰ੍ਹਾਂ ਹੁਣ ਅਤਿਵਾਦੀ ਦੇ ਹਕ ਵਿਚ ਅਤੇ ਸੁਰਖਿਆ ਦਸਤਿਆਂ ਦੇ ਵਿਰੋਧ ਵਿਚ ਲਾਮਬੰਦ ਹੋ ਰਹੇ ਹਨ ਪਹਿਲਾਂ ਕਦੀ ਨਹੀਂ ਹੋਏ ਸਨ। ਇਸ਼ ਸਭ ਮੋਦੀ-ਅਮਿਤਸ਼ਾਹ ਜੋੜੀ ਦੀਆਂ ਨੀਤੀਆਂ ਕਾਰਨ ਹੀ ਹੋ ਰਿਹਾ ਹੈ।ਅੱਤਵਾਦ ਘਟਾਉਣ ਦਾ ਇਕੋ ਇਕ ਤਰੀਕਾ ਹੈ ਕਿ ਸਦਭਾਵਨਾ ਦਾ ਮਹੌਲ ਸਿਰਜ ਕੇ ਕਸ਼ਮੀਰੀਆਂ ਸਮੇਤ ਭਾਰਤ ਵਿਚ ਵਸਣ ਵਾਲੀਆਂ ਸਮੁਚੀਆਂ ਘਟ ਗਿਣਤੀਆਂ ਅਤੇ ਦਲਿਤਾਂ ਨੂੰ ਬਰਾਬਰ ਦੇ ਭਾਈਵਾਲ ਹੋਣ ਦਾ ਮਾਨ ਸਨਮਾਨ ਦਿਤਾ ਜਾਵੇ ਜਿਸ ਦੀ ਆਸ ਰਖਣੀ ਮੋਦੀ-ਅਮਿਤ ਸ਼ਾਹ ਦੀ ਜੋੜੀ ਤੋਂ ਅਸੰਭਵ ਜਾਪਦੀ ਹੈ।
ਹੁਣ ਤਕ ਸੋਸ਼ਿਲ ਮੀਡੀਏ ਰਾਹੀਂ ਮਿਲੀ ਜਾਣਕਾਰੀ ਅਤੇ 3 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਵਿਚ ਸ਼੍ਰੀ ਸਵਰਾਜਬੀਰ ਵਲੋਂ ‘ਗ਼ੈਰ-ਜਿੰਮੇਵਾਰ ਪ੍ਰਚਾਰ‘ ਸਿਰਲੇਖ ਹੇਠ ਲਿਖੀ ਸੰਪਾਦਕੀ, ਸੰਪਾਦਕੀ ਪੰਨੇ ’ਤੇ ਸ਼੍ਰੀ ਰਾਮਚੰਦਰ ਗੁਹਾ ਦਾ ਲੇਖ ‘ਦੇਸ਼ ਭਗਤੀ ਦੇ ਬਦਲਦੇ ਮਾਅਨੇ’ ਅਤੇ ਪੰਨਾ ਨੰ: 4 ਉਪਰ ‘ਵਿਚਲੀ ਗੱਲ’ ਨਾਮ ਦੀ ਲੇਖ ਲੜੀ ਹੇਠ ‘ਕੋਠੇ ਚੜ੍ਹ ਕੇ ਵੇਖਿਓ, ਅਸੀਂ ਖੜ੍ਹਾਂਗੇ ਕੰਧ ਬਣ ਕੇ …..‘ਪੜ੍ਹਨ ਉਪ੍ਰੰਤ ਮੇਰੇ ਸ਼ੰਕੇ ਯਕੀਨ ਵਿਚ ਬਦਲ ਗਏ ਕਿ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਬੇਰੁਜ਼ਗਾਰੀ, ਬੀਮਾਰੀ ਅਤੇ ਭੁਖਮਰੀ ਨਾਲ ਜੂਝ ਰਹੇ ਲੋਕਾਂ ਦੀਆਂ ਅਹਿਮ ਸਮਸਿਆਵਾਂ ਵਲੋਂ ਵੋਟਰਾਂ ਦਾ ਧਿਆਨ ਹਟਾਉਣ ਲਈ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਅਤਿਵਾਦ ਦੇ ਖਾਤਮੇ ਦੇ ਨਾਮ ’ਤੇ ਪਾਕਸਤਾਨ ਨਾਲ ਜੰਗ ਦਾ ਮਹੌਲ ਸਿਰਜਿਆ ਜਾ ਰਿਹਾ ਹੈ ਅਤੇ ਬਹੁ ਗਿਣਤੀ ਨੂੰ ਦੇਸ਼ ਭਗਤੀ ਦੇ ਅਖੌਤੀ ਰੰਗ ’ਚ ਰੰਗ ਕੇ ਬਹੁਗਿਣਤੀ ਵੋਟਰਾਂ ਦਾ ਆਪਣੇ ਪਖ ਵਿਚ ਧਰੁਵੀਕਰਨ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਸਤਾ ਪ੍ਰਾਪਤੀ ਦੀ ਹੋੜ ਵਿਚ ਦੋਵੇਂ ਗੁਆਂਢੀ ਦੇਸ਼ਾਂ ਦੇ ਵਾਸੀਆਂ ਵਿਚਕਾਰ ਅਤੇ ਆਪਣੇ ਹੀ ਦੇਸ਼ ਦੇ ਮੁਸਲਮਾਨਾਂ ਵਿਰੁਧ ਘੋਲੀ ਜਾ ਰਹੀ ਜ਼ਹਿਰ ਤੋਂ ਇਹ ਬਿਲਕੁਲ ਬੇਫਿਕਰ ਹਨ ਜਿਸ ਨਾਲ ਅਤਿਵਾਦ ਘਟੇਗਾ ਨਹੀਂ ਬਲਕਿ ਵਧੇਗਾ। ਪਾਕਸਤਾਨ ਤੇ ਹਿੰਦੁਸਤਾਨ ਦੋਵੇਂ ਹੀ ਐਟਮੀ ਹਥਿਆਰਾਂ ਨਾਲ ਲੈਸ ਹਨ ਇਸ ਲਈ ਜੰਗ ਦੀ ਸੂਰਤ ਵਿਚ ਹੋਣ ਵਾਲੇ ਨੁਕਸਾਨ ਤੋਂ ਕੋਈ ਵੀ ਨਾ-ਵਾਕਫ ਨਹੀਂ ਹੈ। ਫਿਰਕੂ ਸੋਚ ਵਾਲੇ ਆਗੂਆਂ ਦੀਆਂ ਨੀਤੀਆਂ ਕਾਰਨ ਪੰਜਾਬ ਨੇ ਪਹਿਲਾਂ ਹੀ 1947 ਦੀ ਵੰਡ ਦਾ ਸੰਤਾਪ ਭੋਗਿਆ ਹੈ। ਪੰਜਾਬ ਨੂੰ ਆਪਣੇ ਜਾਇਜ ਹਕਾਂ ਤੋਂ ਵਾਂਝਾ ਰਖ ਕੇ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਕਾਰਨ ਪੰਜਾਬ ਵਿਚ ਆਏ ਅਤਿਵਾਦ ਦੇ ਦੌਰ ਦੌਰਾਨ ਭੋਗੇ ਸੰਤਾਪ ਦੀਆਂ ਚੀਸਾਂ ਹੁਣ ਤਕ ਸੁਣਾਈ ਦੇ ਰਹੀਆਂ ਹਨ ਪਾਕ ਨਾਲ ਹਰ ਜੁਧ ਸਮੇਂ ਸਰਹਦੀ ਖੇਤਰ ਦੇ ਪਿੰਡਾਂ ਦੇ ਉਜਾੜੇ ਦੇ ਰੂਪ ਵਿਚ ਆਪਣੇ ਹੀ ਦੇਸ਼ ਵਿਚ ਰਿਫੂਜੀਆਂ ਦੀ ਤਰ੍ਹਾਂ ਅਣਮਿਥੇ ਸਮੇਂ ਲਈ ਟੈਂਟਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਲਈ ਦੇਸ਼ ਤੇ ਖਾਸ ਕਰਕੇ ਪੰਜਾਬ ਜੰਗ ਬਿਲਕੁਲ ਨਹੀਂ ਚਾਹੁੰਦਾ ਸਗੋਂ ‘ਨਾ ਕੋ ਬੈਰੀ, ਨਹੀ ਬਿਗਾਨਾ: ਸਗਲ ਸੰਗਿ ਹਮ ਕਉ ਬਨਿ ਆਈ॥’ ਦੀ ਸਿਖਿਆ ’ਤੇ ਅਮਲ ਕਰਦਾ ਹੋਇਆ ਆਪਸੀ ਭਾਈਚਾਰਕ ਸਾਂਝ ਵਧਾ ਕੇ ਅਮਨ ਅਮਾਨ ਨਾਲ ਰਹਿਣਾ ਚਾਹੁੰਦਾ ਹੈ। ਇਸ ਲਈ ਨਵੇਂ ਜੁਧ ਦਾ ਹਰ ਪੰਜਾਬੀ ਵਿਰੋਧ ਕਰਦਾ ਹੈ।
ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ ਕਰਕੇ ਜਾਣਿਆ ਜਾਂਦਾ ਹੈ ਜਿਸ ਨੇ ਲੋਕਾਂ ਦੀਆਂ ਸਮਸਿਆਵਾਂ ਸਰਕਾਰ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦੇ ਹਲ ਲਈ ਦਬਾਅ ਪਾਉਣਾ ਹੁੰਦਾ ਹੈ ਪਰ ਭਾਰਤੀ ਮੀਡੀਏ ਦਾ ਵਡਾ ਹਿਸਾ ਜਿਸ ਤਰ੍ਹਾਂ ਸਰਕਾਰ ਦੇ ਪ੍ਰਚਾਰਕ ਵਿੰਗ ਦੀ ਤਰ੍ਹਾਂ ਰੋਲ ਨਿਭਾ ਰਿਹਾ ਹੈ ਇਹ ਹੋਰ ਵੀ ਦੁਖਦਾਇਕ ਹੈ।ਪਰ ਸੁਖ ਦਾ ਸਾਹ ਆਇਆ ਜਦੋਂ 3 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਨੇ ਸਿਧ ਕਰ ਦਿਤਾ ਕਿ ਸਾਰੇ ਦਾ ਸਾਰਾ ਗੋਦੀ ਮੀਡੀਆ ਨਹੀਂ ਬਲਕਿ ਲੋਕਾਂ ਦੇ ਮਨਾਂ ਦੀ ਤਰਜਮਾਨੀ ਕਰਨ ਲਈ ਸਚੀ ਸੁਚੀ ਤੇ ਨਿਰਪਖ ਪਤਰਕਾਰੀ ਕਰਨ ਵਾਲੇ ਲੇਖਕ ਅਤੇ ਉਨ੍ਹਾਂ ਨੂੰ ਢੁਕਵੀਂ ਜਗ੍ਹਾ ਦੇਣ ਵਾਲੇ ਮੀਡੀਏ ਦੀ ਹੋਂਦ ਪ੍ਰਗਟਾਉਣ ਲਈ ਕੁਝ ਅੰਸ਼ ਹਾਲੀ ਬਾਕੀ ਬਚੇ ਹਨ: “
ਦਾਵਾ ਅਗਨਿ, ਬਹੁਤੁ ਤ੍ਰਿਣ ਜਾਲੇ: ਕੋਈ ਹਰਿਆ ਬੂਟੁ, ਰਹਿਓ ਰੀ! ॥”
ਤਿੰਨੇ ਲੇਖਾਂ ਦਾ ਇਕ ਇਕ ਸ਼ਬਦ ਆਪਣੀ ਵਿਆਖਿਆ ਆਪ ਕਰਦੇ ਮਹਿਸੂਸ ਹੋ ਰਹੇ ਹਨ; ਇਨ੍ਹਾਂ ਦੀ ਹੋਰ ਵਿਆਖਿਆ ਕਰਨ ਦੀ ਲੋੜ ਨਹੀਂ ਰਹੀ, ਲੇਖਕਾਂ ਨੂੰ ਵਧਾਈਆਂ।