ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਨਾਬ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਕਿਸੇ ਨੂੰ ਵੀ ਆਪਣੀ ਧਰਤੀ ਦਹਿਸ਼ਤੀ ਮਨਸੂਬਿਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ।ਭਾਰਤ ਦਾ ਨਾਂ ਲੈਂਦਿਆਂ ਉਨ੍ਹਾਂ ਆਖਿਆ ਹੈ ਕਿ ਕੋਈ ਵੀ ਅੱਤਵਾਦੀ ਸੰਗਠਨ ਕਿਸੇ ਹੋਰ ਮੁਲਕ ਖ਼ਿਲਾਫ਼ ਪਾਕਿਸਤਾਨ ਦੀ ਧਰਤੀ ਦਾ ਇਸਤੇਮਾਲ ਨਹੀਂ ਕਰ ਸਕਦਾ।ਉਨ੍ਹਾਂ ਦਾ ਦਾਅਵਾ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ‘ਮੁਖ ਰਗ਼’ ਫੜ ਲਈ ਹੈ ਤੇ ‘ਅਹਿਮ ਕੇਂਦਰ’ ਉਨ੍ਹਾਂ ਦੀ ਨਜ਼ਰਸਾਨੀ ਹੇਠ ਹੈ।ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਦਹਿਸ਼ਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਪੁਲਵਾਮਾ ਹਮਲੇ ਵਿਚ ਸ਼ਮੂਲੀਅਤ ਬਾਰੇ ਇਕ ਖਰੜਾ ਭਾਰਤ ਨੇ ਬੀਤੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਸੌਂਪਿਆ ਸੀ। ਇਸ ਵਿਚ ਪਾਕਿ ‘ਚ ਸੰਗਠਨ ਦੇ ਕੈਂਪ ਹੋਣ ਦਾ ਦਾਅਵਾ ਕੀਤਾ ਗਿਆ ਹੈ।ਜੇਕਰ ਵਿਦੇਸ਼ ਮੰਤਰੀ ਦੇ ਇਸ ਬਿਆਨ ਉਪਰ ਯਕੀਨ ਕੀਤਾ ਜਾਵੇ ਤਾਂ ਪਾਕਿਸਤਾਨ ਦਾ ਇਹ ਇਕ ਹਾਂ ਪੱਖੀ ਕਦਮ ਹੈ। ਪਾਕਿਸਤਾਨ ਦੀ ਸਰਕਾਰ ਨੂੰ ਇਹ ਵਾਅਦਾ ਨਿਭਾਉਣ ਲਈ ਲਗਾਤਾਰ ਯਤਨ ਕਰਨੇ ਹੋਣਗੇ। ਭਾਰਤ ਵੱਲੋਂ ਇਸ ਸਬੰਧ ਵਿੱਚ ਜਿਹੜੇ ਦਸਤਾਵੇਜ ਸੌਂਪੇ ਗਏ ਹਨ, ਉਨ੍ਹਾਂ ਦੀ ਪਾਕਿਸਤਾਨ ਨੂੰ ਡੂੰਘਾਈ ਨਾਲ ਘੋਖ ਕਰਨੀ ਚਾਹੀਦੀ ਹੈ। ਜੇਕਰ ਲੋੜ ਹੋਵੇ ਤਾਂ ਇਸ ਉਪਰ ਦੋਵੇਂ ਦੇਸ਼ਾਂ ਨੂੰ ਕਿਸੇ ਨਾ ਕਿਸੇ ਚੈਨਲ ਰਾਹੀਂ ਗੱਲਬਾਤ ਕਰਨ ਤੋਂ ਵੀ ਝਿੱਜਕਣਾ ਨਹੀਂ ਚਾਹੀਦਾ। ਜਦੋਂ ਤੱਕ ਕੁਝ ਨਵਾਂ ਨਹੀਂ ਵਾਪਰਦਾ ਤੱਦ ਤੱਕ ਇਹ ਯਕੀਨ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਨਵੀਂ ਮਾਨਸਿਕਤਾ ਨਾਲ ਆਈ ਹੈ।ਪਾਕਿਸਤਾਨ ਸਰਕਾਰ ਦੀ ਇਸ ਸਬੰਧੀ ਸਪੱਸ਼ਟ ਪਹੁੰਚ ਦੀ ਸ਼ਲਾਘਾ ਕਰਨੀ ਹੋਵੇਗੀ। ਭਾਰਤ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਿਕ ਅੱਗੋਂ ਕਦਮ ਚੁੱਕੇ ਤਾਂ ਜੋ ਇਸ ਖੇਤਰ ਵਿੱਚ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਕਸ਼ਮੀਰ ਵਿਚਲੇ ਹਾਲਾਤਾਂ ਨੂੰ ਸੁਧਾਰਨ ਲਈ ਦੋਵੇਂ ਦੇਸ਼ ਯਤਨ ਕਰਨ। ਦੋਵੇਂ ਦੇਸ਼ਾਂ ਦੇ ਲੋਕ ਇਸ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਚਾਹੁੰਦੇ ਹਨ। ਲੋਕਾਂ ਦੀ ਇੱਛਾ ਦੀ ਪੂਰਤੀ ਲਈ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਰਲ-ਮਿਲ ਕੇ ਯਤਨ ਕਰਨੇ ਹੋਣਗੇ।
– ਬਲਜੀਤ ਸਿੰਘ ਬਰਾੜ