ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਭਾਰਤੀ ਮੀਡੀਆ ਦਾ ਇਕ ਹਿੱਸਾ ਬਹੁਤ ਮਾੜੀ ਭੂਮਿਕਾ ਨਿਭਾਅ ਰਿਹਾ ਹੈ। ਕੁਝ ਟੀਵੀ ਚੈਨਲ ਬੇਹੱਦ ਮਾੜੀ ਅਤੇ ਭੜਕਾਉ ਭਾਸ਼ਾ ਦੀ ਵਰਤੋਂ ਕਰਕੇ ਹਾਲਾਤਾਂ ਨੂੰ ਵਿਗਾੜ ਰਹੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਟੀਵੀ ਐਂਕਰ ਪਾਕਿਸਤਾਨ ਨਾਲ ਫੌਜੀ ਟਕਰਾਅ ਲਈ ਮਾਹੌਲ ਤਿਆਰ ਕਰ ਰਹੇ ਹਨ। ਉਨ੍ਹਾਂ ਵੱਲੋਂ ਲਗਾਤਾਰ ਇਹ ਦਰਸਾਇਆ ਜਾ ਰਿਹਾ ਹੈ ਕਿ ਭਾਰਤ ਦੇ ਸਾਰੇ ਅੰਦਰੂਨੀ ਅਤੇ ਬਾਹਰੀ ਮਸਲਿਆਂ ਦਾ ਹੱਲ ਸਿਰਫ ਪਾਕਿਸਤਾਨ ਨੂੰ ਤਹਿਸ-ਨਹਿਸ ਕਰਨ ਨਾਲ ਹੀ ਹੋ ਸਕਦਾ ਹੈ। ਟੀਵੀ ਉਪਰ ਹੋ ਰਹੀਆਂ ਬਹਿਸ-ਬਾਜ਼ੀਆਂ ਦਾ ਪੱਧਰ ਬਹੁਤ ਨੀਵਾਂ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਬੁਲਾਏ ਜਾਂਦੇ ਕਥਿਤ ਵਿਦਵਾਨਾਂ ਅਤੇ ਮਾਹਿਰਾਂ ਵੱਲੋਂ ਝੂਠੀ ਅਤੇ ਭੜਕਾਊ ਜਾਣਕਾਰੀ ਫੈਲਾਈ ਜਾ ਰਹੀ ਹੈ। ਕੌਮਾਂਤਰੀ ਮਾਮਲਿਆਂ ਉਪਰ ਬੋਲਣ ਸਮੇਂ ਖਾਸ ਤੌਰ ’ਤੇ ਠਰੰਮੇ ਅਤੇ ਜ਼ਿੰਮੇਵਾਰੀ ਦੀ ਜ਼ਰੂਰਤ ਹੁੰਦੀ ਹੈ ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਮੀਡੀਆ ਦਾ ਇਕ ਹਿੱਸਾ ਕੌਮਾਂਤਰੀ ਮਾਮਲਿਆਂ ਉਪਰ ਬੇਲੋੜਾ ਬਾਵੇਲਾ ਕਰਨ ਵਿੱਚ ਰੁਝਿਆ ਹੋਇਆ ਹੈ। ਅਜਿਹੇ ਟੀਵੀ ਚੈਨਲ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਭਾਰਤ ਦੀ ਤਰਫੋਂ ਉਹ ਵੀ ਪਾਕਿਸਤਾਨ ਨਾਲ ਜੰਗ ਲੜ ਰਹੇ ਹੋਣ। ਇਸ ਤਰ੍ਹਾਂ ਦਾ ਰਵੱਈਆ ਦੇਸ਼ ਦੇ ਹਿੱਤਾਂ ਲਈ ਬਹੁਤ ਖਤਰਨਾਕ ਹੈ। ਅਮਨ ਅਤੇ ਦੋਸਤੀ ਦੇ ਮਾਹੌਲ ਲਈ ਵੀ ਅਜਿਹੇ ਭੜਕਾਊ ਪ੍ਰੋਗਰਾਮ ਵੱਡਾ ਖਤਰਾ ਹਨ। ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਮੀਡੀਆ ਦੀ ਵੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਨਾ ਕਰੇ। ਜੰਗ ਦਾ ਕਿਸੇ ਵੀ ਸੂਰਤ ਵਿੱਚ ਸਮਰਥਨ ਨਹੀਂ ਕੀਤਾ ਜਾ ਸਕਦਾ। ਖੂਨ-ਖਰਾਬੇ ਦਾ ਸਮਰੱਥਨ ਕਰਨ ਵਾਲੇ ਟੀਵੀ ਐਂਕਰ ਜੇਕਰ ਇਹ ਸਮਝਦੇ ਹਨ ਕਿ ਹਰ ਮਸਲੇ ਦੇ ਹੱਲ ਲਈ ਜੰਗ ਜ਼ਰੂਰੀ ਹੈ ਤਾਂ ਉਨ੍ਹਾਂ ਨੂੰ ਖੁਦ ਇਸ ਲਈ ਅੱਗੇ ਆਉਣਾ ਚਾਹੀਦਾ ਹੈ। ਮੀਡੀਆ ਦਾ ਇਹ ਗੈਰ ਜ਼ਿੰਮੇਵਾਰ ਹਿੱਸਾ ਜੋ ਜੰਗ ਸਹੇੜ ਰਿਹਾ ਹੈ ਉਸ ਲਈ ਦੂਸਰੀਆਂ ਮਾਵਾਂ ਦੇ ਸਪੁੱਤਰ ਕਿਉਂ ਕੁਰਬਾਨੀਆਂ ਦੇਣ? ਪਾਕਿਸਤਾਨ ਨਾਲ ਫੌਜੀ ਟਕਰਾਅ ਦੇ ਹਿਮਾਇਤੀਆਂ ਨੂੰ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਭੜਕਾਉਣ ਟੀਵੀ ਪ੍ਰੋਗਰਾਮਾਂ ’ਤੇ ਪਾਬੰਦੀ ਲਗਾਵੇ ਤਾਂ ਜੋ ਦੇਸ਼ ਵਿੱਚ ਅਮਨ ਦਾ ਮਾਹੌਲ ਕਾਇਮ ਕੀਤਾ ਜਾ ਸਕੇ। ਭਾਰਤ ਦੇ ਲੋਕ ਅਮਨ ਅਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ ਪ੍ਰੰਤੂ ਗੈਰ ਜ਼ਿੰਮੇਵਾਰ ਮੀਡੀਆ ਉਨ੍ਹਾਂ ਨੂੰ ਜੰਗ ਦੀ ਅੱਗ ਵਿੱਚ ਝੋਕਣ ਲਈ ਯਤਨਸ਼ੀਲ ਹੈ।
– ਬਲਜੀਤ ਸਿੰਘ ਬਰਾੜ