May 11, 2026 4:50 pm

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ’ਚ ਡਿਊਸਬਰਗ ਵਿਖੇ ਸਮਾਗਮ

ਡਿਊਸਬਰਗ (ਜਰਮਨੀ) (ਰ)- ਚਾਰ ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਸ਼ਾਂਤਮਈ ਸਿੰਘਾਂ ਉਤੇ ਪੁਲਿਸ ਵਲੋਂ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਲਮਣ ਸਿੰਘ ਤੇ ਭਾਈ ਰਵਿੰਦਰ ਸਿੰਘ ਦੀ ਯਾਦ ਵਿਚ ਗੁਰਦੁਆਰਾ ਡਿਊਸਬਰਗ ਵਿਖੇ ਸਮਾਗਮ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਚ ਗਿਆਨੀ ਗੁਰਬਚਨ ਸਿੰਘ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਮਤਿ ਕੈਂਪ ਦੇ ਵਿਦਿਆਰਥੀਆਂ ਸਤਜੋਤ ਸਿੰਘ ਤੇ ਬ੍ਰਹਮਜੋਤ ਸਿੰਘ ਨੇ ਕਵੀਸ਼ਰੀ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਮੰਚ ਦੀ ਸੇਵਾ ਕਰਦਿਆਂ ਭਾਈ ਜਤਿੰਦਰਬੀਰ ਸਿੰਘ ਪਧਿਆਣਾ ਨੇ ਦੁਨੀਆ ਚ ਚਲ ਰਹੀਆਂ ਆਜ਼ਾਦੀ ਪ੍ਰਾਪਤੀ ਲਹਿਰਾਂ ਤੇ ਸਿਖ ਸੰਘਰਸ਼ ਦੇ ਪਹਿਲੂਆਂ ਬਾਰੇ ਵਿਚਾਰ ਪੇਸ਼ ਕਰਦਿਆਂ ਨਕੋਦਰ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਅਖੀਂ ਡਿਠਾ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਭਰਪੂਰ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਬਬਰ ਖ਼ਾਲਸਾ ਜਰਮਨੀ ਦੇ ਮੁਖੀ ਭਾਈ ਰੇਸ਼ਮ ਸਿੰਘ ਬਬਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਤੇਤੀ ਸਾਲ ਬੀਤ ਜਾਣ ਬਾਅਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤਕ ਫੜਿਆ ਤਕ ਨਹੀਂ ਗਿਆ । ਨਾ ਹੀ ਪੁਲਿਸ ਖ਼ਿਲਾਫ਼ ਕੋਈ ਕਾਰਵਾਈ ਹੈਈ ਹੈ।ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਹਾ 1986 ਤੋਂ ਸ਼ੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲੀਆਂ ਘਟਨਾਵਾਂ ਬਰਗਾੜੀ ਤਕ ਪਹੁੰਚੀਆਂ। ਪਰ ਸਿਖ ਕੌਮ ਨੂੰ ਹਮੇਸ਼ਾ ਇਨਸਾਫ਼ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਨਕੋਦਰ ਤੇ ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਸਿਜਦਾ ਕਰਦੇ ਹਾਂ। ਇੰਟਰਨੈਸ਼ਨਲ ਸਿਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮਲ੍ਹੀ ਨੇ ਕਿਹਾ ਸ਼ਹੀਦਾਂ ਦਾ ਡਲ੍ਹਿਆ ਖੂਨ ਕਦੇ ਵੀ ਅਜਾਈਂ ਨਹੀਂ ਜਾਵੇਗਾ।ਸਿਖ ਕੌਮ ਆਪਣੇ ਰਾਜਸੀ ਨਿਸ਼ਾਨੇ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਰਹੇਗੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਨੇ ਸ਼ਹੀਦੀ ਸਮਾਗਮ ਚ ਸੰਗਤਾਂ ਤੇ ਪ੍ਰਬੰਧਕ ਕਮੇਟੀ ਵਲੋਂ ਦਿਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਬਲਧੀਰ ਸਿੰਘ ਦੇ ਭਰਾ ਭਾਈ ਇੰਦਰਪਾਲ ਸਿੰਘ ਗੋਰਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

Send this to a friend