May 13, 2026 7:18 am

ਰਾਜਪਾਲ ਪੰਜਾਬ ਵੱਲੋਂ ਮੁੱਦਿਆਂ ਦੀ ਨਿਸ਼ਾਨਦੇਹੀ

ਪੰਜਾਬ ਦੇ ਰਾਜਪਾਲ ਸ਼੍ਰੀ ਬੀ.ਪੀ. ਸਿੰਘ ਬਦਨੌਰ ਬਹੁਤ ਹੀ ਸੁਲਝੇ ਹੋਏ ਅਤੇ ਸਲੀਕੇ ਵਾਲੇ ਰਹਿਨੁਮਾ ਹਨ। ਸਿਆਸੀ ਖੇਤਰ ਵਿੱਚ ਵੀ ਉਨ੍ਹਾਂ ਨੇ ਲੰਬੀ ਅਤੇ ਸ਼ਾਨਦਾਰ ਪਾਰੀ ਖੇਡੀ ਹੈ। ਹੁਣ ਪੰਜਾਬ ਦੇ ਰਾਜਪਾਲ ਵੱਜੋਂ ਉਹ ਆਪਣੇ ਫਰਜ਼ਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ। ਉਨ੍ਹਾਂ ਦੀ ਸਰਗਰਮੀ ਅਤੇ ਖਿਆਲਾਤ ਬਹੁਤ ਸ਼ਲਾਘਾਯੋਗ ਹੈ। ਪੰਜਾਬ ਦੇ ਹਿੱਤਾਂ ਪ੍ਰਤੀ ਉਹ ਹਮੇਸ਼ਾਂ ਚੌਕਸ ਅਤੇ ਚਿੰਤਤ ਰਹਿੰਦੇ ਹਨ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ ਮੰਗਲਵਾਰ ਨੂੰ ਉਨ੍ਹਾਂ ਵੱਲੋਂ ਦਿੱਤਾ ਗਿਆ ਭਾਸ਼ਣ ਕਾਫੀ ਨਿਵੇਕਲਾ ਅਤੇ ਦੂਰ ਦ੍ਰਿਸ਼ਟੀ ਵਾਲਾ ਸੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਵੱਲੋਂ ਸਲੀਕੇ ਨਾਲ ਪੰਜਾਬ ਨੂੰ ਦਰਪੇਸ਼ ਮੁੱਖ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਇਸ ਭਾਸ਼ਣ ਵਿੱਚ ਅਹਿਮੀਅਤ ਵਾਲੇ ਮੁੱਦਿਆਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਗਿਆ। ਰਾਜਪਾਲ ਪੰਜਾਬ ਨੂੰ ਜਿਥੇ ਅਮਨ ਕਾਨੂੰਨ ਅਤੇ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਸਵਾਲਾਂ ਨੂੰ ਆਪਣੇ ਭਾਸ਼ਣ ਵਿੱਚ ਜਗ੍ਹਾ ਦਿੱਤੀ ਹੈ ਉਥੇ ਨਾਲ-ਨਾਲ ਉਨ੍ਹਾਂ ਨੇ ਸੂਬੇ ’ਚ ਖੇਤੀ ਅਤੇ ਉਦਯੋਗਾਂ ਲਈ ਪਾਣੀ ਦੇ ਵੱਡੇ ਸੰਕਟ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਹੈ ਕਿ ਪਾਣੀ ਦੀ ਸਮੱਸਿਆ ਕਾਰਨ ਸੂਬੇ ਵਿੱਚ ਪੂੰਜੀ ਨਿਵੇਸ਼ ਪ੍ਰਭਾਵਿਤ ਹੋ ਰਿਹਾ ਹੈ। ਭਾਸ਼ਣ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਹੈ ਕਿ ਪੰਜਾਬ ’ਚ ਢੁੱਕਵੀਂ ਗੁਣਵੱਤਾ ਵਾਲੇ ਪਾਣੀ ਦੀ ਅਣਹੋਂਦ ਨਜ਼ਰ ਆ ਰਹੀ ਹੈ। ਇਸ ਸਮੇਂ ਪੰਜਾਬ ਦਾ ਦੋ ਤਿਹਾਈ ਹਿੱਸਾ ਜ਼ਮੀਨੀ ਪਾਣੀ ਦੀ ਕਮੀ ਕਾਰਨ ਖ਼ਤਰੇ ਦੇ ਨਿਸ਼ਾਨ (ਡਾਰਕ ਜ਼ੋਨ) ਤੱਕ ਪਹੁੰਚ ਗਿਆ ਹੈ। ਇਸ ਭਾਸ਼ਣ ਰਾਹੀਂ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਸਰਕਾਰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਹਰ ਸੰਭਵ ਪ੍ਰਸ਼ਾਸਕੀ ਤੇ ਕਾਨੂੰਨੀ ਯਤਨ ਕਰੇਗੀ। ਰਾਜਪਾਲ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਰਾਜ ਸਰਕਾਰ ਸੂਬੇ ਵਿਚ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਬਾਰੀ ਦੇ ਮਾਮਲਿਆਂ ਨੂੰ ਅੰਜ਼ਾਮ ਤੱਕ ਪਹੁੰਚਾਏਗੀ। ਇਸ ਦੇ ਨਾਲ ਹੀ ਨਸ਼ਿਆਂ ਦੀ ਰੋਕਥਾਮ ਲਈ ਹੋਰ ਵੱਡੇ ਯਤਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਰਾਜਪਾਲ ਦੇ ਇਸ ਭਾਸ਼ਣ ਤੋਂ ਪੰਜਾਬ ਸਰਕਾਰ ਦੀ ਮਨਸ਼ਾ ਅਤੇ ਪ੍ਰੋਗਰਾਮਾਂ ਦਾ ਭਲੀਭਾਂਤ ਪਤਾ ਚੱਲਦਾ ਹੈ। ਵਿਧਾਨ ਸਭਾ ਵਿੱਚ ਬੋਲੇ ਗਏ ਇਨ੍ਹਾਂ ਸ਼ਬਦਾਂ ਉਪਰ ਪਹਿਰਾ ਦੇ ਕੇ ਸਰਕਾਰ ਪੰਜਾਬ ਨੂੰ ਇਕ ਚੰਗੀ ਦਿਸ਼ਾ ਵੱਲ ਮੋੜ ਸਕਦੀ ਹੈ। ਰਾਜਪਾਲ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਮਾਮਲੇ ਵਿਚ ਵੀ ਸਰਕਾਰ ਦੀ ਸਿਫ਼ਤ ਕੀਤੀ ਤੇ ਦਾਅਵਾ ਕੀਤਾ ਹੈ ਕਿ ਐਨਡੀਪੀਐਸ ਐਕਟ ਅਧੀਨ 25,092 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 556 ਕਿਲੋ ਤੋਂ ਵਧੇਰੇ ਹੈਰੋਇਨ ਜ਼ਬਤ ਕੀਤੀ ਗਈ ਹੈ।ਪੰਜਾਬ ਦੇ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ਵੱਲੋਂ 2 ਸਾਲਾਂ ’ਚ ਨਿਵੇਸ਼ਕਾਂ ਨਾਲ ਕੁੱਲ 298 ਇਕਰਾਰਨਾਮੇ ਕੀਤੇ ਹਨ। ਰਾਜਪਾਲ ਵੱਲੋਂ ਭਰੋਸਾ ਜਿਤਾਇਆ ਗਿਆ ਹੈ ਕਿ ਇਸ ਨਾਲ ਪੰਜਾਬ ’ਚ 51,339 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਆਸ ਹੈ।ਕੁੱਲ ਮਿਲਾ ਕੇ ਇਹ ਆਖਿਆ ਜਾ ਸਕਦਾ ਹੈ ਕਿ ਰਾਜਪਾਲ ਪੰਜਾਬ ਦਾ ਭਾਸ਼ਣ ਨਵੀਆਂ ਉਮੀਦਾਂ ਜਗਾ ਰਿਹਾ ਹੈ। ਪੰਜਾਬ ਸਰਕਾਰ ਨੂੰ ਇਨ੍ਹਾਂ ਉਮੀਦਾਂ ਉਪਰ ਖਰਾ ਉਤਰਨਾ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend