ਪੰਜਾਬੀ ਸ਼ਾਇਰੀ ਵਿਚ ਆਪਣੀ ਕੋਮਲ ਭਾਵੀ ਅਤੇ ਸੂਖਮ ਭਾਵੀ ਸ਼ਾਇਰੀ ਨਾਲ ਪਹਿਚਾਣ ਬਣਾਉਣ ਵਾਲਾ ਸ਼ਾਇਰ ਕਵਿੰਦਰ ਚਾਂਦ ਆਪਣੇ ਨਾਮ ਵਾਂਗ ਹੀ ਰੌਸ਼ਨ ਆਭਾ ਦਾ ਮਾਲਕ ਹੈ । ਉਹ ਅੰਦਰੋ ਅੰਦਰ ਖੌਲਣ ਵਾਲਾ ਇਕ ਖਾਮੋਸ਼ ਸਮੁੰਦਰ ਹੈ, ਜਿਸ ਵਿਚ ਸ਼ਿਅਰੀਅਤ ਦੀ ਭਰਪੂਰ ਮੌਜੂਦਗੀ ਡੁਬਕੀ ਮਾਰਨ ਤੇ ਹੀ ਪਤਾ ਲਗਦੀ ਹੈ । ਗ਼ਜ਼ਲ ਉਸ ਲਈ ਸਿਰਫ ਇਕ ਸ਼ਿਲਪ ਨਹੀਂ ਹੈ, ਕਾਵਿਕਤਾ ਦਾ ਇਕ ਅਜਿਹਾ ਸ਼ਬਦੀ ਮੁਕਾਮ ਹੈ, ਜੋ ਸ਼ਿਅਰ-ਦਰ-ਸ਼ਿਅਰ ਸੰਜੋਯਨ ਹੋ ਕੇ ਅਨੰਤ ਸੁਹਜਤਮਕ ਵਿਸਮਾਦ ਪੈਦਾ ਕਰਦਾ ਹੈ । ਕਵਿੰਦਰ ਚਾਂਦ ਨੇ ਆਪਣੇ ਆਗਮਨ ਤੋਂ ਲੈ ਕੇ ਅਜ ਤਕ ਸਹਿਜ ਤੋਰ ਰਖੀ ਹੈ, ਇਸ ਕਰਕੇ ਉਸਦੀ ਸ਼ਾਇਰੀ ਵਿਚ ਸਾਧਰਨ ਗਜ਼ਲਘਾੜਿਆਂ ਵਰਗੀ ਕਾਹਲ ਅਤੇ ਤਤਪਰਤਾ ਨਹੀਂ ਹੈ । ਵੈਸੇ ਤਾਂ ਉਸਦੀ ਸਮੁਚੀ ਸ਼ਾਇਰੀ ਮਾਨਣਯੋਗ ਅਤੇ ਸਾਂਭਣਯੋਗ ਹੈ, ਪਰ ਕਣ ਕਣ ਵਿਚਲੀ ਗਜ਼ਲੀਅਤ ਰੂਪਗਤ ਅਤੇ ਵਿਸ਼ਾਗਤ ਦੋਵਾਂ ਹੀ ਪਖਾਂ ਤੋਂ ਪੁਖਤਗੀ ਭਰੀ ਹੈ ।ਕਣ-ਕਣ ਨੂੰ ਵਾਚਦਿਆਂ ਕਵਿੰਦਰ ਦੀ ਚਿੰਤਨਸ਼ੀਲਤਾ ਅਤੇ ਕਾਵਿਕਤਾ ਵਿਸਮਾਦਿਤ ਹੀ ਨਹੀ ਕਰਦੀ, ਸਗੋਂ ਕਈ ਸਹਿਜ ਸਵਾਲ ਉਠਾਉਂਦੀ ਹੈ । ਕਵਿੰਦਰ ਦੀ ਗ਼ਜ਼ਲ ਕਲਾ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਹੈ, ਜਿਸ ਵਿਚ ਜ਼ਿੰਦਗੀ ਦੀ ਆਸ਼ਾਵਾਦੀ ਸੁਰ ਪ੍ਰਬਲ ਹੈ । ਬੰਸਰੀ ਕਿਧਰ ਗਈ ਗ਼ਜ਼ਲ ਸੰਗ੍ਰਹਿ ਵਿਚੋਂ ਲਈ ਪਹਿਲੀ ਗ਼ਜ਼ਲ ਹੀ ਧਿਆਨ ਖਿਚਦੀ ਹੈ ।
ਬਕੌਲ ਸ਼ਾਇਰ………
ਬੇਪਨਾਹ ਮਾਸੂਮੀਅਤ
ਪਾਕੀਜ਼ਗੀ ਕਿਧਰ ਗਈ
ਬਾਂਸ ਦੇ ਜੰਗਲ ਖੜੇ ਨੇ,
ਬੰਸਰੀ, ਕਿਧਰ ਗਈ
ਕਿੰਨਾ ਪੋਲੇ ਜਿਹੇ ਖਿਆਲ ਨੂੰ ਸ਼ਬਦਾਂ ਵਿਚ ਟਿਕਾਇਆ ਗਿਆ । ਇਹ ਉਚੇਚ ਰਹਿਤ ਸ਼ੈਲੀ ਕਾਵਿਕਤਾ ਨੂੰ ਗ਼ਜ਼ਲ ਦੇ ਕਠੋਰ ਨਿਯਮਾਂ ਵਿਚ ਨਿਰਸਤੀ ਨਹੀਂ ਹੋਣ ਦਿੰਦੀ । ਆਪਣੇ ਆਲੇ-ਦੁਆਲੇ ਪਸਰੀ ਗ਼ੁਰਬਤ ਅਤੇ ਨਾਬਰਾਬਰੀ ਨੂੰ ਚਿਤਰਦਿਆੰ ਕਵਿੰਦਰ ਚਾਂਦ ਕਿਆ ਦ੍ਰਿਸ਼ਕਾਰੀ ਸਿਰਜਦਾ ਹੈ:-
ਮਨ ’ਤੇ ਸੋਕੇ ਨੇ ਰੀਝਾਂ ਤਿਰਹਾਈਆਂ ਨੇ
ਕੁੜੀਆਂ ਰਲ ਕੇ ਗੁਡੀਆਂ ਫੂਕਣ ਆਈਆਂ ਨੇ
ਅਜ ਵੀ ਲਿੰਬ ਕੇ ਆਈਆਂ
ਵਿਹੜੇ ਲੰਬੜਾਂ ਦੇ
ਕਲ੍ਹ ਜਿਨ੍ਹਾਂ ਦੀਆਂ
ਆਪਣੀਆਂ ਕੁੜਮਾਈਆਂ ਨੇ
ਔਰਤ ਦੇ ਅਹਿਸਾਸਾਂ ਅਤੇ
ਦੁਰਗਤੀ ਦਾ ਚਿਤਰਣ
ਕਵਿੰਦਰ ਚਾਂਦ ਆਪਣੇ ਸ਼ਿਅਰਾਂ ਵਿਚ ਬੜੀ ਖ਼ੂਬਸੂਰਤੀ ਨਾਲ ਕੀਤਾ ਹੈ । ਉਹ ਭਾਰਤੀ ਔਰਤ ਦੇ ਨਪੀੜੇ ਹੋਏ ਵਜੂਦ ਨੂੰ ਬੜੇ ਹੀ ਭਾਵਪੂਰਤ ਤਰੀਕੇ ਨਾਲ ਪੇਸ਼ ਕਰਦਾ ਹੈ । ਸਦੀਆਂ ਤੋਂ ਜਗੀਰੂ ਸਭਿਆਚਾਰ ਵਿਚ ਗੁਲਾਮੀ ਹੰਢਾ ਰਹੀ ਔਰਤ ਦੀ ਤ੍ਰਾਸਦੀ ਲਈ ਉਹ ਹਾਅ ਦਾ ਨਾਅਰਾ ਮਾਰਦਾ ਹੋਇਆ ਲਿਖਦਾ ਹੈ:-
ਹੈ ਫਿਜ਼ਾ ਬੇਆਬਰੂ ਏਥੇ ਨਜ਼ਰ ਨਾਪਾਕ ਹੈ
ਕੰਜਕੋਂ ਮਰਜਾਣੀਓ
ਮੁਟਿਆਰ ਨਾ ਬਣਨਾ ਕਦੇ,
ਤੇਰੀ ਪਹਿਚਾਨ ਤੇਰੇ ਨਾਲ
ਹਾਲੇ ਵੀ ਨਹੀਂ ਤੁਰਦੀ
ਕਦੇ ਤੁਰਦਾ ਹੈ
ਪੇਕਾ ਤੇ ਕਦੇ ਸੁਸਰਾਲ ਤੁਰਦਾ ਹੈ,
ਮੰਡੀਕਰਨ ਦੀ ਦੌੜ ਵਿਚ ਜਿਥੇ ਮਾਨਵੀ ਅਹਿਸਾਸਾਂ ਦੀ ਬੇਕਦਰੀ ਹੋ ਰਹੀ ਹੈ, ਉਥੇ ਔਰਤ ਦੀ ਤ੍ਰਾਸਦੀ ਭਰੀ ਹਾਲਤ ਹੋਰ ਬਦਤਰ ਹੋਈ ਹੈ । ਔਰਤ ਨੂੰ ਬਾਜ਼ਾਰ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਇਸ ਚਮਕ ਦਮਕ ਵਿਚ ਉਹ ਔਰਤ ਨੂੰ ਸੁਚੇਤ ਕਰਦਾ ਹੋਇਆ ਲਿਖਦਾ ਹੈ :-
ਕੁੜੀਓ ਚਿੜੀਓ ਸੋਨੇ ਦੇ ਪਿੰਜਰੇ ਮੂਹਰੇ
ਅਕਸਰ ਹੀ ਕੁਝ ਚੋਗ ਖਿਲਾਰੇ ਹੁੰਦੇ ਨੇ
ਸਮਾਜਿਕ ਵਿਚ ਫੈਲੇ ਅਸਾਵੇੰਪਣ ਕਾਰਨ ਰੁਲਦੇ ਬਚਪਨ ਪ੍ਰਤੀ ਉਸਦਾ ਚਿੰਤਨ ਮਨ ਵਿਆਕੁਲ ਹੋ ਉਠਦਾ ਹੈ, ਜਦੋਂ ਉਸ ਨੂੰ ਸਮਾਜ ਵਿਚ ਦਾਨੀ ਲੋਕਾਂ ਦਾ ਫੋਕਾ ਹੇਜ ਨਜ਼ਰੀਂ ਆਉਂਦਾ ਹੈ ।
ਨਗਰ ਦੇ ਦਾਨਵੀਰਾਂ ਨੇ
ਬੜਾ ਹੀ ਆਸਰਾ ਦਿਤਾ
ਖਿਡੌਣੇ ਦੀ ਜਗ੍ਹਾ ਬਚੇ ਨੂੰ ਇਕ ਠੂਠਾ ਫੜਾ ਦਿਤਾ
ਕਿਤੇ ਜੋ ਭਾਰ ਢੋਂਦਾ ਹੈ ਕਿਤੇ ਹੈ
ਮਾਂਜਦਾ ਬਰਤਨ
ਆਜ਼ਾਦੀ ਦੀ ਅਸਲ
ਤਸਵੀਰ ਉਹ ਬਚਾ ਦਿਖਾਉਂਦਾ ਹੈ,
ਆਸ਼ਾਵਾਦੀ ਨਜ਼ਰੀਆ ਉਸਦੀ ਸ਼ਾਇਰੀ ਦਾ ਕੇਂਦਰੀ ਬਿੰਦੂ ਹੈ । ਚਾਰ ਚੁਫੇਰੇ ਪਸਰੀ ਹਨੇਰਗਰਦੀ ਵਿਚ ਵੀ ਉਹ ਟੁਟੇ ਹੋਏ ਮਾਨਵ ਨੂੰ ਸਾਬਤ ਜਿਗਰ ਨਾਲ ਜੂਝਣ ਲਈ ਪ੍ਰੇਰਦਾ ਹੈ । ਕਵਿੰਦਰ ਦੀ ਗ਼ਜ਼ਲ ਵਿਚ ਨਿਰਾਸ਼ ਪ੍ਰਸਥਿਤੀਆੰ ਵਿਚ ਲਕਸ਼ ਦੀ ਪ੍ਰਾਪਤੀ ਲਈ ਇਕ ਉਮੀਦ ਨਜ਼ਰ ਆਉਂਦੀ ਹੈ । ਇਸ ਖਾਸੇ ਨੂੰ ਪੇਸ਼ ਕਰਦੇ ਕੁਝ ਸ਼ਿਅਰ ਤੁਹਾਡੀ ਨਜ਼ਰ ਹਨ ।
ਉਚਾਈ ਵੇਖ ਕੇ ਤੂੰ ਪਿਆਸ ਆਪਣੀ ਮਾਰ ਨਾ ਬੈਠੀਂ
ਕੋਈ ਇਕ ਝੀਲ ਹੋ ਸਕਦੀ ਹੈ ਇਨ੍ਹਾਂ ਪਰਬਤਾਂ ਓਹਲੇ”
ਆਪਣੇ ਇਤਿਹਾਸ ਅਤੇ ਵਿਰਸੇ ਦੀਆਂ ਨਿਗਰ ਕਦਰਾਂ-ਕੀਮਤਾਂ ਦਾ ਪੁਨਰ ਸਥਾਪਨ ਲੋਚਦਾ, ਉਹ ਸਿਖ ਧਰਮ ਦੇ ਸ਼ਾਨਮਤੇ ਇਤਿਹਾਸ ਅਤੇ ਸਿਧਾਂਤ ਦੀ ਪਹਿਲ ਨੂੰ ਬਿਆਨ ਕਰਦਾ ਸਿਖ ਧਰਮ ਦੇ ਅਜੋਕੇ ਅਲੰਬਰਦਾਰਾਂ ਅਤੇ ਪੈਰੋਕਾਰਾਂ ਤੇ ਤਿਖਾ ਕਟਾਖਸ਼ ਕਰਦਾ ਹੈ :-
ਕਦੇ ਜੂਝੀ ਸੀ ਵਖਰੀ ਹੋਂਦ ਬਦਲੇ,
ਇਜ਼ਤਾਂ ਬਦਲੇ,
ਇਹ ਜੰਗਜੂ ਕੌਮ ਅਜ ਕਲ੍ਹ
ਲੜ ਰਹੀ ਹੈ ਗੋਲਕਾਂ ਬਦਲੇ,
ਅਸੀਂ ਲੰਗਰ ਦੇ ਪਿਛੇ
ਸੋਚ ਮੁਢਲੀ ਭੁਲ ਚੁਕੇ ਹਾਂ,
ਮੇਰੇ ਸਰਕਾਰ ਬਾਂਕੇ ਲੜ ਰਹੇ ਨੇ
ਪੰਗਤਾਂ ਬਦਲੇ,
ਸਮਾਜ ਵਿਚ ਪਸਰੀ ਜਾਤ-ਪਾਤ ਦੀ ਗਰਦ ਨੂੰ ਉਹ ਆਪਣੇ ਸ਼ਿਅਰਾਂ ਰਾਹੀਂ ਨਿਡਰਤਾ ਨਾਲ ਚਾਕ ਕਰਦਾ ਹੈ । ਕਵਿੰਦਰ ਚਾਂਦ ਖ਼ੂਬਸੂਰਤੀ ਨਾਲ ਹਰਿਮੰਦਰ ਦੇ ਬਿੰਬ ਰਾਹੀਂ ਸਿਖੀ ਦੇ ਜਾਤ-ਪਾਤ ਰਹਿਤ ਹੋਣ ਨੂੰ ਇਉਂ ਬਿਆਨ ਕਰਦਾ ਹੋਇਆ ਧਰਮ ਦੇ ਮੌਜੂਦਾ ਸੰਸਥਾਗਤ ਰੂਪ ਤੇ ਵਿਅੰਗ ਕਰਦਾ ਹੈ । ਅਜ ਗੁਰੂਧਾਮਾਂ ਤੇ ਕਾਬਜ਼ ਇਕ ਵਿਸ਼ੇਸ ਧਿਰ ਨੇ ਆਪਣੇ ਗਲਬੇ ਲਈ ਸਿਖੀ ਦੇ ਜਾਤਹੀਣ ਰੂਪ ਨੂੰ ਢਾਅ ਲਾਈ ਹੈ :-
ਅਸੀਂ ਹਰਿਮੰਦਰਾਂ ਦੇ
ਚਾਰ ਬੂਹੇ ਰਖੀਏ ਤਾਂ ਵੀ,
ਬੜਾ ਹੀ ਫਿਕਰ ਕਰਦੇ ਹਾਂ
ਸਹਿਜਧਾਰੀ ਵੋਟਰਾਂ ਬਦਲੇ,
ਕਵਿੰਦਰ ਚਾਂਦ ਦੀਆਂ ਗਜ਼ਲਾਂ ਦੀ ਇਕ ਵਿਸੇਸ਼ਤਾ ਇਹ ਵੀ ਹੈ ਕਿ ਇਹ ਸਮਾਜ ਨੂੰ ਬਦਲਣ ਦੀ ਤਤਪਰ ਤਾਂ ਹਨ, ਪਰ ਨਾਅਰੇ ਨਹੀਂ ਸਿਰਜਦੀਆਂ । ਉਹ ਸਾਧਾਰਨ ਮਨੁਖਾਂ ਦੇ ਮਨੋ ਧਰਾਤਲ ਦੀ ਪੇਸ਼ਕਾਰੀ ਕਰਦਿਆਂ ਉਨ੍ਹਾ ਦੇ ਸੁਪਨਿਆਂ ਦੀ ਵਿਸ਼ਾਲਤਾ ਅਤੇ ਉਨ੍ਹਾ ਦੀ ਪਹੁੰਚ ਦੇ ਸੀਮਤ ਦਾਇਰੇ ਨੂੰ ਉਨ੍ਹਾ ਦੀ ਲਘੂਤਾ ਸਮੇਤ ਚਿਤਰਦਾ ਹੈ । ਉਹ ਕਿਤੇ ਵੀ ਸ਼ਬਦਾਂ ਦੀ ਸਹਿਜਤਾ ਨੂੰ ਭੰਗ ਨਹੀਂ ਕਰਦਾ ।
ਬੇਬੁਨਿਆਦ ਅਸੂਲਾਂ ਦਾ
ਅੰਬਾਰ ਪਰੇ ਕਰਕੇ,
ਬੜਾ ਸੁਰਖੁਰੂ ਹੋਇਆਂ
ਸਿਰ ਤੋਂ ਭਾਰ ਪਰੇ ਕਰਕੇ,
ਸਚੋ ਸਚ ਜੇ ਸੁਣਨਾ ਹੈ ਤਾਂ
ਗਲੇ ਲਗਾ ਕੇ ਪੁਛੀ
ਧੌਣ ਦੇ ਉਤੇ ਰਖੀ ਹੋਈ
ਤਲਵਾਰ ਪਰੇ ਕਰਕੇ,
ਕਵਿੰਦਰ ਚਾਂਦ ਦੀ ਕਲਮ ਰਾਹੀ ਘਰ ਦਾ ਸੰਕਲਪ ਬੜੀ ਸ਼ਿਦਤ ਨਾਲ ਰੂਪਮਾਨ ਹੁੰਦਾ ਹੈ । ਜਦੋਂ ਵੀ ਉਹ ਘਰ ਦੀ ਗਲ ਕਰਦਾ ਹੈ ਤਾਂ ਇਕ ਭਾਵੁਕ ਸੁਰ ਅਤੇ ਇਕ ਹੇਰਵਾ ਉਭਰਦਾ ਹੈ । ਅਧੁਨਿਕ ਸਮਾਜ ਤੇ ਮਸ਼ੀਨੀਕਰਨ ਦੇ ਪਏ ਪ੍ਰਭਾਵ ਜਾਂ ਮਨੁਖੀ ਜੀਵਨ ਵਿਚ ਆਈ ਖਪਤੀ ਰੁਚੀ ਕਾਰਨ ਘਰ ਬਿਖਰ ਰਿਹਾ ਹੈ । ਘਰ ਦਾ ਸੰਕਲਪ ਮਨੁਖ ਦੇ ਸਹਿਜਵੰਤੇ ਅਤੇ ਮੋਹਵੰਤੇ ਸੁਭਾਅ ਨੂੰ ਨਕਸ਼ ਦਿੰਦਾ ਹੈ । ਕਵਿੰਦਰ ਨੇ ਕੰਮਾਂ ਕਾਰਾਂ, ਸਨਅਤੀ ਵਿਕਾਸ ਅਤੇ ਸਹੂਲਤਾਂ ਲਈ ਗਿਰਵੀ ਹੋ ਰਹੇ ਵਕਤ ਵਿਚ ਬਿਖਰਦੇ ਅਤੇ ਸਿਮਟਦੇ ਘਰ ਦੇ ਸੰਕਲਪ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ :-
ਮੈਂ ਉਡ ਕੇ ਪਹੁੰਚ ਜਾਵਾਂਗਾ ਤੂੰ ਘਰ ਰਖੀਂ ਘਰਾਂ ਵਰਗਾ,
ਮੈਂ ਬਾਹਵਾਂ ਨੂੰ ਬਣਾ ਸਕਦਾ ਹਾਂ ਪੰਛੀ ਦੇ ਪਰਾਂ ਵਰਗਾ,
ਤਮਾਮ ਉਮਰ ਝਮੇਲੇ ਪਰੇ ਨਹੀਂ ਹੁੰਦੇ
ਘਰਾਂ ’ਚ ਹੋ ਕੇ ਬੰਦੇ ਘਰੇ ਨਹੀਂ ਹੁੰਦੇ
ਕਵਿੰਦਰ ਚਾਂਦ ਮਨੁਖੀ ਜੀਵਨ ਵਿਚ ਸਦਾਚਾਰਿਕ ਗੁਣਾਂ ਅਤੇ ਕਿਰਦਾਰ ਦੀ ਸੁਚਤਾ ਨੂੰ ਖ਼ੂਬਸੂਰਤੀ ਨਾਲ ਉਜਾਗਰ ਕਰਦਾ ਹੈ । ਟੁਟਦੇ ਬਿਖਰਦੇ ਰਿਸ਼ਤਿਆਂ ਦੀ ਵੇਦਨਾ ਅਤੇ ਸੰਵੇਦਨਾ ਉਸਦੇ ਚਿੰਤਨਸ਼ੀਲ ਜ਼ਿਹਨ ਨੂੰ ਝੰਜੋੜਦੀ ਹੈ । ਬਹੁਤ ਸਾਰੇ ਸ਼ਿਅਰਾਂ ਵਿਚ ਆਮ ਆਦਮੀ ਦੇ ਅੰਦਰਲੇ ਮਨੋ ਭਾਵ ਉਸ ਨੇ ਬੜੇ ਹੀ ਸੂਖਮਭਾਵੀ ਅੰਦਾਜ਼ ਵਿਚ ਅਭਿਵਿਅਕਤ ਕੀਤੇ ਹਨ । ਜਿਵੇਂ :-
ਬੜਾ ਹੀ ਕਸ਼ਮਕਸ਼ ਪਹਿਲੋਂ
ਮੁਆਫ਼ੀ ਕੌਣ ਮੰਗੇਗਾ
ਮੈਂ ਸਭ ਤੋਂ ਹੋ ਗਿਆ ਉਚਾ
ਜ਼ਰਾ ਕੁ ਝੁਕਦਿਆਂ ਹੋਇਆਂ
ਪੁਰਾਣੀ ਦੋਸਤੀ ਦੀ ਲਾਸ਼ ਲਵਾਰਿਸ ਰਹੀ ਰੁਲਦੀ
ਅਸੀਂ ਮਸਰੂਫ਼ ਹਾਂ ਸਜਰੇ
ਸਹੇੜੇ ਰਿਸ਼ਤਿਆਂ ਅੰਦਰ
ਸਾਹਿਤ ਵਰਗੇ ਨਿਰਲੇਪ ਅਤੇ ਪ੍ਰਤੀਬਧ ਖੇਤਰ ਵਿਚ ਆ ਗਏ ਕੁਝ ਮਾਅਰਕੇਬਾਜ਼ ਅਤੇ ਢੰਡੋਰਚੀਆਂ ਲੋਕਾਂ ਦੀ ਸਵੈ ਪ੍ਰਸੰਸ਼ਾ ਅਤੇ ਜੁਗਾੜਬੰਦੀਆਂ ਨੂੰ ਸੇਧਿਤ ਹੋ ਕੇ ਕਵਿੰਦਰ ਚਾਂਦ ਲਿਖਦਾ ਹੈ:-
ਪਹੁੰਚ ਸਕੇ ਨਾ ਜਿਹੜੇ
ਕਵਿਤਾ ਤੀਕ ਕਵੀ
ਸ਼ਬਦਾਂ ਦੀ ਸ਼ਤਰੰਜ ਵਿਛਾ ਕੇ ਬੈਠ ਗਏ
ਕਵਿੰਦਰ ਚਾਂਦ ਗ਼ਜ਼ਲ ਨੂੰ ਦਿਲ ਨਾਲ ਅਪਨਾਉਣ ਵਾਲਾ ਅਜ਼ੀਮ ਸ਼ਾਇਰ ਹੈ । ਕਣ ਕਣ ਨੂੰ ਪੜਦਿਆਂ ਕਵਿੰਦਰ ਦੀ ਸ਼ਿਅਰੀਅਤ ਮਨ ਮੋਂਹਦੀ ਹੈ । ਗ਼ਜ਼ਲ ਵਰਗੀ ਕਠੋਰ ਨਿਯਮਾਂ ਵਾਲੀ ਵਿਧਾ ਵਿਚ ਖਿਆਲ ਦੀ ਮੌਲਿਕਤਾ ਅਤੇ ਕਾਵਿਕਤਾ ਨੂੰ ਬਰਕਰਾਰ ਰਖਣ ਦੀ ਮੁਹਾਰਤ ਹਰ ਸ਼ਾਇਰ ਕੋਲ ਨਹੀਂ ਹੋ ਸਕਦੀ । ਕਵਿੰਦਰ ਖਿਆਲ ਦੀ ਆਜ਼ਾਦੀ ਨੂੰ ਸ਼ਬਦਾਂ ਦੇ ਮੁਹਤਾਜ ਨਹੀਂ ਹੋਣ ਦਿੰਦਾ । ਕਣ ਕਣ ਬਾਰੇ ਆਪਣੀ ਵਿਚਾਰ ਚਰਚਾ ਨੂੰ ਸਮੇਟਦਾ ਹੋਇਆ ਮੈਂ ਇਸ ਗ਼ਜ਼ਲ ਸੰਗ੍ਰਹਿ ਨੂੰ ਪੰਜਾਬੀ ਸਾਹਿਤ ਦਾ ਹਾਸਲ ਕਹਿ ਸਕਦਾ ਹੈ । ਅੰਤ ਵਿਚ ਕਵਿੰਦਰ ਚਾਂਦ ਦੇ ਹੀ ਇਕ ਖੂਬਸੂਰਤ ਸ਼ਿਅਰ ਨਾਲ ਇਸ ਪੁਸਤਕ ਨੂੰ ਜੀ ਆਇਆਂ ਆਖਦਾ ਹਾਂ ।
ਅਧੂਰੀ ਹੈ ਗ਼ਜ਼ਲ ਮੇਰੀ ਤੇ ਕਵਿਤਾ ਨਾ ਮੁਕੰਮਲ ਹੈ
ਮਨੁਖਾ ਦਰਦ ਜਦ ਤਕ ਏਸ ਵਿਚ ਸ਼ਾਮਲ ਨਹੀਂ ਹੁੰਦੀ।