ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੀ ਨਿੱਜੀ ਖੁੱਲ੍ਹਦਿਲੀ ਅਤੇ ਸਿਆਸੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਦੇ ਇਸ ਜਲਵੇ ਦੇ ਲੋਕਾਂ ਨੇ ਖੁੱਲ੍ਹ ਕੇ ਦਰਸ਼ਨ ਕੀਤੇ ਹਨ। ਪਾਰਟੀ ਦੇ ਕੰਮਕਾਜ ਨੂੰ ਚਲਾਉਣ ਸਮੇਂ ਵੀ ਉਹ ਇਸ ਸੋਚ ਅਤੇ ਦ੍ਰਿਸ਼ਟੀ ਤੋਂ ਕੰਮ ਲੈ ਰਹੇ ਹਨ। ਕਈ ਕਾਰਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਬੇਸ਼ਕ ਇਸ ਸਮੇਂ ਸਿਆਸੀ ਤੌਰ ’ਤੇ ਇਕ ਵੱਡੇ ਸੰਕਟ ਵਿੱਚ ਘਿਰਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੂਸਰੀਆਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਵਧੇਰੇ ਸਰਗਰਮੀ ਅਤੇ ਜੋਸ਼ ਨਾਲ ਵਿਚਰ ਰਹੀ ਹੈ। ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਵੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਉਤਸ਼ਾਹ ਦਿਖਾ ਰਿਹਾ ਹੈ। ਪਾਰਟੀ ਪ੍ਰਧਾਨ ਨੇ ਹੁਣ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਸਮੇਂ ਵੀ ਇਸ ਲੈਅ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਨੇ ਅਹੁਦੇਦਾਰੀਆਂ ਵੰਡਣ ਸਮੇਂ ਵੀ ਵੱਡੀ ਦਰਿਆਦਿਲੀ ਤੋਂ ਕੰਮ ਲਿਆ ਹੈ। ਪਹਿਲਾਂ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ ਕੀਤਾ ਜਿਸ ਵਿੱਚ ਅਕਾਲੀ ਦਲ ਦੇ ਸਮਰੱਥ ਅਤੇ ਲੰਬੇ ਸਮੇਂ ਤੋਂ ਸਿਆਸੀ ਖੇਤਰ ਵਿੱਚ ਸਰਗਰਮ 41 ਆਗੂਆਂ ਨੂੰ ਸਥਾਨ ਦਿੱਤਾ ਗਿਆ। ਹੁਣ ਪਾਰਟੀ ਵੱਲੋਂ 58 ਨਵੇਂ ਮੀਤ ਪ੍ਰਧਾਨ ਥਾਪੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਏ ਗਏ ਇਹ ਸਾਰੇ ਨਵੇਂ ਅਹੁਦੇਦਾਰ ਵੱਖ-ਵੱਖ ਖੇਤਰਾਂ ਦੀਆਂ ਜਾਣੀਆਂ ਪਹਿਚਾਣੀਆਂ ਅਤੇ ਸਿਆਸੀ ਤੌਰ ’ਤੇ ਸਥਾਪਤ ਸ਼ਖਸੀਅਤਾਂ ਹਨ। ਸਿਆਸੀ ਸੰਕਟ ਦੇ ਬਾਵਜੂਦ ਅਕਾਲੀ ਦਲ ਵੱਲੋਂ ਏਨਾ ਵੱਡਾ ਜਥੇਬੰਦਕ ਢਾਂਚਾ ਬਣਾਉਣਾ ਸੱਚਮੁੱਚ ਹੈਰਾਨੀਜਨਕ ਹੈ। ਇਹ ਪਾਰਟੀ ਪ੍ਰਧਾਨ ਦੇ ਆਤਮ ਵਿਸ਼ਵਾਸ ਦਾ ਕ੍ਰਿਸ਼ਮਾ ਆਖਿਆ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਅਹੁਦੇਦਾਰ ਬਣਾਇਆ ਗਿਆ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਨੇਤਾਵਾਂ ਨਾਲ ਪਾਰਟੀ ਨੇ ਪਹਿਲਾਂ ਤੋਂ ਕੋਈ ਸਲਾਹ-ਮਸ਼ਵਰਾ ਤੱਕ ਨਹੀਂ ਕੀਤਾ। ਬਹੁਤੇ ਨੇਤਾਵਾਂ ਨੂੰ ਆਪਣੇ ਨਾਵਾਂ ਦਾ ਮੀਡੀਆ ਰਾਹੀਂ ਹੀ ਪਤਾ ਲੱਗਾ। ਇਹ ਆਪਣੇ ਆਪ ਵਿੱਚ ਇਕ ਬਹੁਤ ਹੀ ਖੂਬਸੂਰਤ ਸਿਆਸੀ ਦਾਅ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਅੰਦਰ ਪ੍ਰਧਾਨ ਪ੍ਰਤੀ ਸਮਰਪਿਤ ਨੇਤਾਵਾਂ ਅਤੇ ਵਰਕਰਾਂ ਦੀ ਹਾਲੇ ਤੱਕ ਕੋਈ ਕਮੀ ਨਹੀਂ ਹੈ। ਨਵੇਂ ਅਹੁਦੇਦਾਰੀਆਂ ਦੇ ਐਲਾਨ ਤੋਂ ਬਾਅਦ ਕਿਸੇ ਵੀ ਆਗੂ ਵੱਲੋਂ ਅਹੁਦਾ ਲੈਣ ਤੋਂ ਇਨਕਾਰ ਅਤੇ ਸਿਆਸੀ ਅਸੰਤੁਸ਼ਟਤਾ ਜ਼ਾਹਿਰ ਨਾ ਕਰਨਾ ਵੀ ਵੱਡੇ ਸਿਆਸੀ ਮਹੱਤਵ ਵਾਲੀ ਗੱਲ ਹੈ। ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਡੇ ਜਥੇਬੰਦਕ ਢਾਂਚੇ ਬਣਾਉਣ ਤੋਂ ਡਰਦੀਆਂ ਹਨ ਕਿਉਂਕਿ ਨਵੇਂ ਰਾਜਸੀ ਕਲਚਰ ਵਿੱਚ ਨੇਤਾਵਾਂ ਦਾ ਛੋਟੇ-ਛੋਟੇ ਮੁੱਦਿਆਂ ’ਤੇ ਬਗਾਵਤ ਕਰਨਾ ਆਮ ਹੋ ਗਿਆ ਹੈ। ਲਾਜ਼ਮੀ ਤੌਰ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਅਹੁਦੇਦਾਰਾਂ ਦੀ ਵੱਡੀ ਸੂਚੀ ਬਣਾ ਕੇ ਵੱਡਾ ਜੋਖਮ ਲਿਆ ਹੈ। ਪ੍ਰੰਤੂ ਇਸ ਤੋਂ ਉਨ੍ਹਾਂ ਦੀ ਪਾਰਟੀ ਉਪਰ ਮਜ਼ਬੂਤ ਪਕੜ ਦਾ ਵੀ ਪਤਾ ਚੱਲਦਾ ਹੈ। ਬੇਸ਼ਕ ਅਹੁਦੇਦਾਰਾਂ ਦੀ ਵੱਡੀ ਸੂਚੀ ਨਾਲ ਰਾਜਸੀ ਸਫਲਤਾਵਾਂ ਯਕੀਨੀ ਨਹੀਂ ਹਨ, ਪ੍ਰੰਤੂ ਇਸ ਨਾਲ ਆਪਣੀ ਰਾਜਸੀ ਹੋਂਦ ਦਾ ਵੱਡਾ ਪ੍ਰਗਟਾਵਾ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਪੱਖ ਤੋਂ ਸ਼੍ਰੋਮਣੀ ਅਕਾਲੀ ਦਲ ਸਿਆਸੀ ਖੇਤਰ ਵਿੱਚ ਇਕ ਮਿਸਾਲ ਬਣ ਗਿਆ ਹੈ।
– ਬਲਜੀਤ ਸਿੰਘ ਬਰਾੜ