May 12, 2026 7:22 pm

ਵੱਡਾ ਘੱਲੂਘਾਰਾ-ਕੁੱਪ ਰਹੀੜਾ

‘ਘੱਲੂਘਾਰਾ’ ਸ਼ਬਦ ਦਾ ਅਰਥ ਹੈ ਤਬਾਹੀ, ਸਰਵਨਾਸ਼।ਸਿੱਖ ਕੌਮ ਤੇ ਸਮੇਂ-ਸਮੇਂ ਤੇ ਕਈ ਘੱਲੂਘਾਰੇ, ਸਾਕੇ ਵਾਪਰੇ ਹਨ, ਪਰ ਸਿਰੜੀ ਸਿੱਖਾਂ ਨੇ ਡੱਟ ਕੇ ਹਲਾਤ ਦਾ ਮੁਕਾਬਲਾ ਕੀਤਾ ਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ।ਜੇਠ 2 ਸੰਮਤ 1803 ਵਿੱਚ ਦੀਵਾਨ ਲਖਪਤਰਾਇ ਨਾਲ ਜੋ ਖਾਲਸੇ ਦੀ ਜੰਗ ਕਾਹਨਨੂੰਵਾਨ ਦੇ ਛੰਭ ਪਾਸ ਹੋਈ, ਉਸਨੂੰ ਛੋਟਾ ਘੱਲੂਘਾਰਾ ਕਰਕੇ ਜਾਣਿਆ ਜਾਂਦਾ ਹੈ ਤੇ ਜੋ 28 ਮਾਘ ਸੰਮਤ 1818, 5 ਫਰਵਰੀ ਸੰਨ 1762 ਵਿੱਚ ਵਾਪਰਿਆ ਉਸਨੂੰ ‘ਵੱਡਾ ਘੱਲੂਘਾਰਾ’ ਕਰਕੇ ਯਾਦ ਕੀਤਾ ਜਾਂਦਾ ਹੈ।ਇਹ ਲੜਾਈ ਅਹਿਮਦ ਸ਼ਾਹ ਅਬਦਾਲੀ ਨਾਲ ਕੁੱਪ ਰਹੀੜੇ ਦੇ ਸਥਾਨ ਤੇ ਹੋਈ। ਇਹ ਸਿੱਖ ਇਤਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਇਸ ਘੱਲੂਘਾਰੇ ਵਿੱਚ ਕੋਈ ਵੀਹ ਹਜ਼ਾਰ ਤੋਂ ਵੀ ਵੱਧ ਸਿੰਘ, ਸਿੰਘਣੀਆਂ, ਬੱਚੇ ਤੇ ਬਜ਼ੁਰਗ ਸ਼ਹੀਦ ਹੋਏ।(ਵੱਖ-ਵੱਖ ਵਿਦਵਾਨਾਂ ਨੇ ਇਹ ਗਿਣਤੀ ਵੱਖ-ਵੱਖ ਦੱਸੀ ਹੈ) ਅਹਿਮਦ ਸ਼ਾਹ ਅਬਦਾਲੀ ਨੇ ਲੁੱਟ ਦੀ ਨੀਅਤ ਨਾਲ ਪੰਜਾਬ ਤੇ ਕੋਈ ਨੌ ਹਮਲੇ ਕੀਤੇ। ਇਹ ਕੁੱਪ ਰਹੀੜੇ ਵਾਲਾ ਛੇਵਾਂ ਹਮਲਾ ਸੀ। ਸਿੱਖ ਅਬਦਾਲੀ ਦੇ ਹਰ ਹਮਲੇ ਸਮੇਂ ਛਾਪਾਮਾਰ ਨੀਤੀ ਅਪਣਾ ਕੇ ਅਬਦਾਲੀ ਦੇ ਲਸ਼ਕਰ ਵਿੱਚੋਂ ਲੁੱਟਿਆ ਹੋਇਆ ਧੰਨ ਦੌਲ਼ਤ ਤੇ ਬਹੂ ਬੇਟੀਆਂ ਬਚਾਅ ਕੇ ਘਰੋ ਘਰੀ ਪਹੁਚਾਉਂਦੇ ਰਹੇ।ਅਬਦਾਲੀ ਇਸ ਗੱਲੋਂ ਸਿੱਖਾਂ ਤੋਂ ਬਹੁਤ ਤੰਗ ਆ ਚੁੱਕਾ ਸੀ ਤੇ ਸਿੱਖਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੁੰਦਾ ਸੀ।ਸਿੱਖਾਂ ਨੇ 1761 ਦੀ ਦੀਵਾਲੀ ਨੂੰ ਸਰਬੱਤ ਖਾਲਸਾ ਬੁਲਾ ਕੇ ਫੈਸਲਾ ਕੀਤਾ ਕਿ ਹਾਕਮਾਂ ਦੇ ਨਾਲ-ਨਾਲ ਮੁਖਬਰਾਂ ਨੂੰ ਵੀ ਸੋਧਿਆ ਜਾਵੇ।ਸਿੰਘਾਂ ਨੇ ਜੰਡਿਆਲੇ ਦੇ ਰਹਿਣ ਵਾਲੇ ਆਕਲ ਦਾਸ ਨਿਰੰਜਨੀਏ ਨੂੰ ਸੋਧਾਂ ਲਾਉਣ ਦਾ ਮਨ ਬਣਾਇਆ ਤੇ ਜੰਡਿਆਲੇ ਵੱਲ ਚਾਲੇ ਪਾ ਦਿੱਤੇ। ਆਕਲ ਦਾਸ ਨੇ ਤੇਜ਼ੀ ਨਾਲ ਅਬਦਾਲੀ ਨੂੰ ਸੁਨੇਹਾ ਭੇਜ ਕੇ ਸਿੱਖਾਂ ਤੋਂ ਜਾਨ ਬਚਾਉਣ ਦਾ ਤਰਲਾ ਕੀਤਾ। ਅਬਦਾਲੀ ਤਾਂ ਅੱਗੇ ਹੀ ਤਿਆਰ-ਬਰ-ਤਿਆਰ ਬੈਠਾ ਸੀ। ਉਹ ਸੁਨੇਹਾ ਮਿਲਦਿਆਂ ਹੀ ਮਾਰੋ-ਮਾਰ ਕਰਦਾ ਹੋਇਆ ਬੜੀ ਹੀ ਤੇਜੀ ਨਾਲ ਲਾਹੌਰ ਪਹੁੰਚ ਗਿਆ ਤੇ ਅੱਗਲਵਾਂਡੀ ਆਪਣੇ ਸੂਬੇਦਾਰਾਂ ਤੇ ਫੌਜਦਾਰਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਫੌਜਾਂ ਸਮੇਤ ਤਿਆਰ ਰਹੋ। ਜਿੱਥੇ ਵੀ ਸਿੱਖ ਦਿਖਾਈ ਦੇਣ ਕਤਲ ਕਰ ਦਿੱਤੇ ਜਾਣ ਕੋਈ ਸੁਣਵਾਈ ਨਹੀ ਹੋਵੇਗੀ, ਸਗੋਂ ਇਸ ਦੇ ਉਲਟ ਜ਼ਿਆਦਾ ਤੋਂ ਜ਼ਿਆਦਾ ਸਿੱਖ ਕਤਲ ਕਰਨ ਵਾਲੇ ਨੂੰ ਇਨਾਮ ਤੇ ਉਚੇ ਅਹੁਦੇ ਦਿੱਤੇ ਜਾਣਗੇ।ਸਿੰਘ ਆਪਣੇ ਘਰ-ਬਾਰ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ਵੱਲ ਤੁਰ ਪਏ ਤੇ ਕੁੱਪ ਰਹੀੜੇ ਦੇ ਪਾਸ ਪਹੁੰਚ ਗਏ। ਅਹਿਮਦ ਸ਼ਾਹ ਅਬਦਾਲੀ ਵਾਹੋ ਦਾਹੀ ਪੰਧ ਮੁਕਾ ਕੇ ਆਪਣੇ ਸਾਥੀ ਵਲੀ ਖਾਨ, ਭੀਖਨ ਖਾਨ ਤੇ ਜੈਨ ਖਾਨ ਕੋਲ ਮਲੇਰ ਕੋਟਲੇ ਪਹੁੰਚ ਗਿਆ। ਸਿੰਘਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਇਤਨੇ ਜਲਦੀ ਪਹੁੰਚਣ ਦੀ ਆਸ ਨਹੀ ਸੀ। ਸ੍ਰ. ਜੱਸਾ ਸਿੰਘ ਆਹਲੂਵਾਲੀਆਂ, ਸ੍ਰ. ਚੜ੍ਹਤ ਸਿੰਘ ਸ਼ੁੱਕਰਚੱਕੀਆਂ, ਸ੍ਰ. ਜੱਸਾ ਸਿੰਘ ਰਾਮਗੜੀਆਂ ਤੇ ਸ੍ਰ. ਸ਼ਾਮ ਸਿੰਘ ਸਾਰੇ ਪ੍ਰਮੁੱਖ ਸਿੱਖ ਲੀਡਰ ਅਬਦਾਲੀ ਵਿਰੁੱਧ ਇੱਕ ਜੁੱਟ ਹੋ ਕੇ ਜਾਨ ਹੀਲ ਕੇ ਲੜੇ। ਸਿੰਘਾਂ ਦਾ ਬਹੁਤ ਨੁਕਸਾਨ ਹੋਇਆ।ਅਹਿਮਦ ਸ਼ਾਹ ਅਬਦਾਲੀ ਨੇ ਜ਼ਿਆਦਾਤਰ ਬੱਚੇ, ਬੁੱਢੇ ਤੇ ਇਸਤਰੀਆਂ ਨੂੰ ਮੌਤ ਦੇ ਘਾਟ ਉਤਾਰਿਆ। ਸਿੰਘਾਂ ਦੇ ਵਹੀਰ ਨੇ ਆਪਣੇ ਪ੍ਰੀਵਾਰਾਂ ਨੂੰ ਬਚਾਉਣ ਲਈ ਆਲੇ-ਦੁਆਲੇ ਮਨੁੱਖੀ ਕੰਧ ਬਣਾ ਕੇ ਲੜਨ ਦਾ ਯਤਨ ਕੀਤਾ।‘ਪੰਥ ਪ੍ਰਕਾਸ਼’ ਦੇ ਲਿਖਾਰੀ ਗਿਆਨੀ ਗਿਆਨ ਸਿੰਘ ਲਿੱਖਦੇ ਹਨ ਕਿ ਇਹ ਜੰਗ ਇਤਨੀ ਭਿਆਨਕ ਸੀ ਕਿ ਹਰ ਪਾਸੇ ਚੀਕ ਚਿਹਾੜਾ ਮੱਚਿਆ ਹੋਇਆ ਸੀ। ਹਰ ਪਾਸੇ ਲਹੂ ਦੇ ਦਰਿਆ ਵੱਗਦੇ ਦਿਖਾਈ ਦੇ ਰਹੇ ਸਨ।ਇਤਹਾਸਕਾਰ ਲਿੱਖਦੇ ਹਨ ਕਿ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਕੋਈ 20-25 ਦੇ ਕਰੀਬ ਡੂੰਘੇ ਫੱਟ ਲੱਗੇ ਸਨ ਤੇ ਇਸੇ ਤਰ੍ਹਾਂ ਸ੍ਰ. ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਸਰੀਰ ਤੇ ਵੀ 18-20 ਡੂੰਘੇ ਫੱਟ ਵੱਜੇ ਸਨ, ਪਰ ਫਿਰ ਵੀ ਇਹ ਸਿੱਖ ਸਰਦਾਰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਟਾਕਰਾ ਕਰਨ ਲਈ ਭਾਰੀ ਜਦੋ-ਜਹਿਦ ਕਰਦੇ ਰਹੇ। ਭਾਈ ਕਾਹਨ ਸਿੰਘ ਨਾਭਾ ਇਸ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਗਿਣਤੀ ਵੀਹ ਹਜ਼ਾਰ ਦੱਸਦੇ ਹਨ ਤੇ ਰਤਨ ਸਿੰਘ ਭੰਗੂ ਇਹ ਗਿਣਤੀ ਤੀਹ ਹਜ਼ਾਰ ਦੱਸਦੇ ਹਨ ਤੇ ਕਈ ਇਤਹਾਸਕਾਰ ਇਹ ਗਿਣਤੀ ਇਸ ਤੋਂ ਵੀ ਵੱਧ ਦੱਸਦੇ ਹਨ।ਇਤਨੀ ਭਾਰੀ ਕਤਲੋਗਾਰਤ ਹੋਣ ਦੇ ਬਾਵਜੂਦ ਵੀ ਬਚੇ ਹੋਏ ਸਿੰਘ ਚੜ੍ਹਦੀ ਕਲਾ ਵਿੱਚ ਸਨ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਸਨ।ਇਹ ਅੰਮ੍ਰਿਤ ਦੀ ਸ਼ਕਤੀ ਹੀ ਕਹੀ ਜਾ ਸਕਦੀ ਹੈ।ਸਿੱਖ ਜਗਤ ਆਪਣੇ ਸ਼ਹੀਦ ਸਿੰਘ ਸਿੰਘਣੀਆਂ ਤੇ ਮਾਣ ਮਹਿਸੂਸ ਕਰਦਾ ਹੈ।

Send this to a friend