May 11, 2026 4:52 pm

ਪੁਲਿਸ ਦੀ ਹਾਜ਼ਰੀ ’ਚ ਸਿੱਖਾਂ ਦਾ ਕਤਲੇਆਮ

ਇਹ ਬੇਹੱਦ ਹਿਰਦੇਵੇਧਿਕ ਰਿਪੋਰਟ ਹੈ ਕਿ ਹਰਿਆਣਾ ਵਿੱਚ ਨਵੰਬਰ 1984 ਦੌਰਾਨ ਪੁਲਿਸ ਦੀ ਹਾਜ਼ਰੀ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਆਰ.ਟੀ.ਆਈ. ਰਾਹੀਂ ਹੋਇਆ ਇਹ ਖੁਲਾਸਾ ਭਾਰਤੀ ਲੋਕਤੰਤਰ ਦੇ ਮੱਥੇ ਉਪਰ ਵੱਡਾ ਧੱਬਾ ਅਤੇ ਕਲੰਕ ਹੈ। ਹਰਿਆਣਾ ਦੇ ਪਟੌਦੀ, ਹੋਦ ਚਿਲੜ ਅਤੇ ਗੁੜਗਾਉਂ ’ਚ ਮਾਰੇ ਗਏ ਸਿੱਖਾਂ ਦੇ ਕਾਤਲਾਂ ਖਿਲਾਫ ਹਾਲੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੋਈ। 34 ਸਾਲਾਂ ਬਾਅਦ ਵੀ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ ਨਾ ਮਿਲਣਾ ਹੋਰ ਵੀ ਮਾੜੀ ਗੱਲ ਹੈ। ਸਰਕਾਰੀ ਰਿਕਾਰਡ ਮੁਤਾਬਿਕ ਘਟਨਾ ਵਾਲੇ ਸਥਾਨ ’ਤੇ 1 ਅਤੇ 2 ਨਵੰਬਰ 1984 ਨੂੰ ਪੁਲੀਸ ਮੁਲਾਜ਼ਮਾਂ ਦੀਆਂ ਬਕਾਇਦਾ ਡਿਊਟੀਆਂ ਲੱਗੀਆਂ ਹੋਈਆਂ ਸਨ। ਆਰ.ਟੀ.ਆਈ. ਵਿੱਚ ਵੀ ਸਭ ਖੁਲਾਸਾ ਹੋਇਆ ਹੈ। ਕਹਿਣ ਦਾ ਭਾਵ ਇਹ ਹੈ ਕਿ ਪੁਲਿਸ ਦੀ ਹਾਜ਼ਰੀ ਅਤੇ ਮਿਲੀਭੁਗਤ ਨਾਲ ਹੀ ਇਨ੍ਹਾਂ ਸਥਾਨਾਂ ਉਪਰ 79 ਸਿਖਾਂ ਨੂੰ ਜਿਊਂਦੇ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਇਸ ਦੇ ਨਾਲ ਹੀ ਗੁੜਗਾਉਂ ਵਿਚ 297 ਘਰਾਂ ਅਤੇ ਪਟੌਦੀ ਵਿਚ 47 ਘਰਾਂ ਤੇ ਫੈਕਟਰੀਆਂ ਅਤੇ ਹੋਦ ਚਿਲੜ ਦੇ ਪੂਰੇ ਪਿੰਡ ਨੂੰ ਸਾੜ ਕੇ ਸੁਆਹ ਕਰ ਦਿਤਾ ਗਿਆ ਸੀ।ਇਸ ਕਤਲੇਆਮ ਸਮੇਂ ਗੁੜਗਾਉਂ ਵਿਚ 121 ਹੈਡ ਕਾਂਸਟੇਬਲ ਅਤੇ 697 ਸਿਪਾਹੀ ਤਾਇਨਾਤ ਸਨ। ਸਾਰਿਆਂ ਦੀ ਡਿਊਟੀ ਕਤਲੇਆਮ ਨੂੰ ਰੋਕਣ ਅਤੇ ਸਿਖਾਂ ਨੂੰ ਬਚਾਉਣ ਦੀ ਸੀ। ਇਹ ਹੋਰ ਵੀ ਦੁਖਦਾਇਕ ਹੈ ਕਿ ਮੌਕੇ ’ਤੇ ਹਾਜ਼ਰ ਪੁਲਿਸ ਕਰਮਚਾਰੀਆਂ ਨੇ ਹੀ ਫਿਰਕੂ ਭਾਵਨਾਵਾਂ ਤਹਿਤ ਨਿਰਦੋਸ਼ ਸਿੱਖਾਂ ਨੂੰ ਮਾਰਨ ਅਤੇ ਸਾੜਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਸੋਹਾਨਾ ਚੌਂਕ ਵਿਚ ਇਕ ਪੁਲੀਸ ਅਫ਼ਸਰ, ਦੋ ਹੈਡ ਕਾਂਸਟੇਬਲ ਅਤੇ 18 ਕਾਂਸਟੇਬਲ ਮੌਜੂਦ ਸਨ ਅਤੇ ਇਥੇ ਹੀ 6 ਸਿੱਖਾਂ ਨੂੰ ਜਿਊਂਦੇ ਸਾੜ ਦਿਤਾ ਗਿਆ ਸੀ ਤੇ ਸਿਖਾਂ ਦੀਆਂ ਦੁਕਾਨਾਂ ਨੂੰ ਅਗ ਲਾ ਦਿਤੀ ਸੀ।ਇਸ ਕਤਲੇਆਮ ਸਮੇਂ ਹਰਿਆਣਾ ਵਿਖੇ ਮੁੱਖ ਮੰਤਰੀ ਭਜਨ ਲਾਲ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਸੀ। 34 ਸਾਲ ਬੀਤ ਜਾਣ ਬਾਅਦ ਵੀ ਇਸ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਹੀਂ ਹੋਈ। ਉਲਟਾ ਹਰਿਆਣਾ ਸਰਕਾਰ ਦੋਸ਼ੀਆਂ ਅਤੇ ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚਲ ਰਿਹਾ ਹੈ ਜਿਸ ਦੀ ਅਗਲੀ ਪੇਸ਼ੀ 15 ਫਰਵਰੀ ਨੂੰ ਹੈ।ਹਰਿਆਣਾ ਸਰਕਾਰ ਇਸ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਰ ਵਾਰ ਤਰੀਕਾਂ ਅਗੇ ਪੁਆ ਲੈਂਦੀ ਹੈ। ਸਿੱਖ ਭਾਈਚਾਰੇ ਨੂੰ 1984 ਦੇ ਕਤਲੇਆਮ ਦੇ ਸਬੰਧ ਵਿੱਚ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ। ਇਨਸਾਫ ਦਾ ਤਕਾਜ਼ਾ ਹੈ ਕਿ ਕਤਲੇਆਮ ਦੇ ਦੋਸ਼ੀਆਂ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
– ਬਲਜੀਤ ਸਿੰਘ ਬਰਾੜ

Send this to a friend