ਸ੍ਰੀ ਫ਼ਤਹਿਗੜ੍ਹ ਸਾਹਿਬ- ‘‘ਵੈਸੇ ਤਾਂ ਬੀਤੇ ਲੰਮੇਂ ਸਮੇਂ ਦੇ ਸਿੱਖ ਇਤਿਹਾਸ ਅਤੇ ਸਿੱਖਾਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਫਖ਼ਰ ਵਾਲੇ ਕੀਤੇ ਗਏ ਕੰਮਾਂ ਦੀ ਲੰਬੀ ਸੂਚੀ ਹੈ । ਪਰ ਜਦੋਂ ਸਿੱਖ ਬੀਬੀਆਂ ਸੰਸਾਰ ਪੱਧਰ ਉਤੇ ਕਿਸੇ ਵੱਡੇ ਜਿੰਮੇਵਾਰੀ ਵਾਲੇ ਕੰਮ ਵਿਚ ਭੂਮਿਕਾ ਨਿਭਾਉਣ ਤਾਂ ਸਮੁੱਚੇ ਸੰਸਾਰ ਦੀਆਂ ਕੌਮਾਂ ਅਤੇ ਮੁਲਕਾਂ ਦੇ ਹੁਕਮਰਾਨਾਂ ਦਾ ਸਿੱਖ ਕੌਮ ਲਈ ਸਤਿਕਾਰ ਵੱਜੋ ਸਿਰ ਵੀ ਝੁਕਦਾ ਹੈ ਅਤੇ ਉਹ ਸੁੱਤੇ-ਸਿੱਧ ਹੀ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਇਤਿਹਾਸ ਵੱਲ ਨਜ਼ਰ ਮਾਰਨ ਲਈ ਉਤਸਾਹਿਤ ਹੋ ਜਾਂਦੇ ਹਨ । ਜਿਵੇਂਕਿ ਹੁਣੇ ਹੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਈਰਵਨ ਵਿਚ ਸਥਾਪਿਤ ਧੰਨ ਕੌਰ ਸਹੋਤਾ ਚੇਅਰ ਲਈ ਪੰਜਾਬ ਦੀ ਤੇ ਸਿੱਖ ਕੌਮ ਦੀ ਧੀ ਅਨੀਤ ਕੌਰ ਹੁੰਦਲ ਨੂੰ ਬਤੌਰ ਮੁੱਖੀ ਦੀ ਸੇਵਾ ਪ੍ਰਾਪਤ ਹੋਈ ਹੈ, ਇਹ ਸਮੁੱਚੇ ਸਿੱਖ ਜਗਤ ਲਈ ਸੰਸਾਰ ਪੱਧਰ ਤੇ ਵੱਡੇ ਫਖ਼ਰ ਵਾਲੀ ਗੱਲ ਹੋਈ ਹੈ, ਉਥੇ ਉਪਰੋਕਤ ਬੀਬੀ ਹੁੰਦਲ ਦੇ ਸਮੁੱਚੇ ਪਰਿਵਾਰ, ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਖੁਸ਼ੀ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁਬਾਰਕਬਾਦ ਭੇਜੀ ਜਾਂਦੀ ਹੈ ।ੂ
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਅਨੀਤ ਕੌਰ ਹੁੰਦਲ ਦੀ ਉਪਰੋਕਤ ਯੂਨੀਵਰਸਿਟੀ ਵਿਚ ਵੱਡੇ ਅਹੁਦੇ ਤੇ ਹੋਈ ਨਿਯੁਕਤੀ ਉਤੇ ਸਮੁੱਚੀ ਸਿੱਖ ਕੌਮ ਅਤੇ ਬੀਬੀ ਹੁੰਦਲ ਦੇ ਸਮੁੱਚੇ ਪਰਿਵਾਰ ਤੇ ਸੰਬੰਧੀਆਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਬੀ ਜਿਸ ਚੇਅਰ ਦੀ ਮੁੱਖੀ ਬਣੀ ਹੈ, ਉਹ ਸਿੱਖ ਸਰਗਰਮੀਆ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਮਨੁੱਖਤਾ ਦੀ ਸੇਵਾ ਵਿਚ ਲੱਗੀ ਹੋਈ ਹੈ । ਇਹ ਬੀਬੀ ਸਿੱਖ ਧਰਮ ਤੇ ਸੱਭਿਆਚਾਰ ਦੇ ਵਿਸ਼ੇ ਦੇ ਅਧਿਐਨ ਨਾਲ ਤੇ ਲੰਮੇ ਸਮੇਂ ਤੋਂ ਖੋਜ਼ ਵੀ ਕਰਦੀ ਆ ਰਹੀ ਹੈ ਅਤੇ ਸੰਸਾਰ ਪੱਧਰ ਦੀਆਂ ਸਖਸੀਅਤਾਂ, ਵੱਖ-ਵੱਖ ਕੌਮਾਂ, ਵਰਗਾਂ ਨੂੰ ਸਿੱਖ ਕੌਮ ਦੀ ਸਹੀ ਸਥਿਤੀ ਸੰਬੰਧੀ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਨਿਭਾਉਦੀ ਆ ਰਹੀ ਹੈ । ਕੁਝ ਸਮਾਂ ਪਹਿਲੇ ਅਮਰੀਕਾ ਵਿਚ ਰਹਿਣ ਵਾਲੀ ਸਿੱਖ ਬੀਬੀ ਨਿਕੀ ਹੈਲੀ ਵੀ ਅਮਰੀਕਾ ਦੀ ਤਰਫੋ ਯੂ.ਐਨ.ਓ. ਵਿਚ ਅਬੈਸਡਰ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਅਮਰੀਕਾ ਦੇ ਉਚ ਅਹੁਦਿਆ ਤੇ ਸੇਵਾ ਕਰਦੇ ਰਹੇ ਹਨ ਅਤੇ ਅੱਜ ਵੀ ਉਹ ਅਮਰੀਕਾ ਵਿਚ ਮੋਹਰਲੀ ਕਤਾਰ ਵਿਚ ਹੋ ਕੇ ਸੇਵਾ ਕਰਦੇ ਹੋਏ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਰਹੇ ਹਨ । ਸਾਨੂੰ ਅਜਿਹੀਆ ਸਿੱਖ ਬੀਬੀਆਂ ਅਤੇ ਸਿੱਖ ਪਰਿਵਾਰਾਂ ਤੇ ਮਾਣ ਹੈ ਜੋ ਆਪਣੀ ਵਿਦਵਤਾ, ਲਿਆਕਤ ਅਤੇ ਦਲੇਰੀ ਨਾਲ ਸੰਸਾਰ ਦੀਆਂ ਉਚ ਪਦਵੀਆਂ ਤੇ ਪਹੁੰਚਕੇ ਸਿੱਖ ਧਰਮ ਅਤੇ ਸਿੱਖੀ ਦੀ ਸ਼ਾਨ ਨੂੰ ਵਧਾਉਣ ਵਿਚ ਵੱਡਾ ਯੋਗਦਾਨ ਪਾ ਰਹੀਆ ਹਨ । ਅਜਿਹੀਆ ਬੀਬੀਆਂ ਸਿੱਖ ਕੌਮ ਵਿਚ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੀਆ ਬੀਬੀਆਂ ਲਈ ਜਿਥੇ ਇਕ ਰੋਲ ਮਾਡਲ ਹਨ, ਉਥੇ ਉਹ ਬੀਬੀਆਂ ਨੂੰ ਬਰਾਬਰਤਾ ਦੀ ਸੋਚ ਤੇ ਅਧਾਰਿਤ ਆਪਣੇ ਜੀਵਨ ਵਿਚ ਅੱਗੇ ਵੱਧਣ ਅਤੇ ਆਪਣੀ ਮੰਜ਼ਿਲ-ਏ-ਮਕਸੂਦ ਨੂੰ ਪ੍ਰਾਪਤ ਕਰਨ ਲਈ ਉਤਸਾਹਿਤ ਵੀ ਕਰਦੀਆ ਹਨ।
– ਪੰਜਾਬ ਟਾਇਮਜ਼ ਬਿਊਰੋ